ਐਰਦੋਗਨ ਨੇ ਪਾਕਿ ਸੰਸਦ ''ਚ ਚੁੱਕਿਆ ਕਸ਼ਮੀਰ ਮੁੱਦਾ, ਦੋਹਾਂ ਦੇਸ਼ਾਂ ਨਾਲ ਜੁੜਿਆ ਵਿਸ਼ਾ ਦੱਸਿਆ

02/14/2020 7:15:33 PM

ਇਸਲਾਮਾਬਾਦ (ਭਾਸ਼ਾ)- ਭਾਰਤ ਦੇ ਇਤਰਾਜ਼ ਦੇ ਬਾਵਜੂਦ ਤੁਰਕੀ ਦੇ ਰਾਸ਼ਟਰਪਤੀ ਰਜਬ ਤੈਈਅਬ ਐਰਦੋਗਨ ਨੇ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਕਸ਼ਮੀਰ ਮੁੱਦਾ ਚੁੱਕਿਆ ਅਤੇ ਕਿਹਾ ਕਿ ਉਨ੍ਹਾਂ ਦਾ ਦੇਸ਼ ਇਸ ਮਾਮਲੇ ਵਿਚ ਪਾਕਿਸਤਾਨ ਦੇ ਰੁੱਖ ਦੀ ਹਮਾਇਤ ਕਰੇਗਾ ਕਿਉਂਕਿ ਇਹ ਦੋਹਾਂ ਦੇਸ਼ਾਂ ਨਾਲ ਜੁੜਿਆ ਵਿਸ਼ਾ ਹੈ। ਦੋ ਦਿਨ ਦੀ ਯਾਤਰਾ 'ਤੇ ਇਥੇ ਪਹੁੰਚੇ ਐਰਦੋਗਨ ਨੇ ਪਾਕਿਸਤਾਨ ਦੀ ਸੰਸਦ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਐਲਾਨ ਕੀਤਾ ਕਿ ਤੁਰਕੀ ਇਸ ਹਫਤੇ ਪੈਰਿਸ ਵਿਚ ਵਿੱਤੀ ਕਾਰਵਾਈ ਕਾਰਜਫੋਰਸ (ਐਫ.ਏ.ਟੀ.ਐਫ.) ਦੀ ਗ੍ਰੇ ਸੂਚੀ ਤੋਂ ਬਾਹਰ ਹੋਣ ਦੇ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰੇਗਾ।

ਉਨ੍ਹਾਂ ਨੇ ਐਫ.ਏ.ਟੀ.ਐਫ. ਦੀ ਆਉਣ ਵਾਲੀ ਮੀਟਿੰਗ ਦੇ ਸਬੰਧ ਵਿਚ ਕਿਹਾ ਕਿ ਮੈਂ ਇਸ ਗੱਲ 'ਤੇ ਵੀ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਅਸੀਂ ਐਫ.ਏ.ਟੀ.ਐਫ. ਦੀਆਂ ਮੀਟਿੰਗਾਂ ਵਿਚ ਰਾਜਨੀਤਕ ਦਬਾਅ ਦੇ ਸਬੰਧ ਵਿਚ ਪਾਕਿਸਤਾਨ ਦੀ ਹਮਾਇਤ ਕਰਨਗੇ। ਕਸ਼ਮੀਰ ਦੇ ਮੁੱਦੇ 'ਤੇ ਪਾਕਿਸਤਾਨ ਦੇ ਰੁਖ 'ਤੇ ਆਪਣੇ ਹੁਕਮ ਦੀ ਹਮਾਇਤ ਦੋਹਰਾਉਂਦੇ ਹੋਏ ਐਰਦੋਗਨ ਨੇ ਕਿਹਾ ਕਿ ਇਸ ਨੂੰ ਸੰਘਰਸ਼ ਜਾਂ ਦਮਨ ਨਾਲ ਨਹੀਂ ਸੁਲਝਾਇਆ ਜਾ ਸਕਦਾ ਸਗੋਂ ਨਿਆ ਅਤੇ ਨਿਰਪੱਖਤਾ ਦੇ ਆਧਾਰ 'ਤੇ ਸੁਲਝਾਉਣਾ ਹੋਵੇਗਾ। ਉਨ੍ਹਾਂ ਨੇ ਪਿਛਲੇ ਸਾਲ ਅਗਸਤ ਵਿਚ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਦੇ ਭਾਰਤ ਦੇ ਫੈਸਲੇ ਦੇ ਅਸਿੱਧੇ ਸਬੰਧ ਵਿਚ ਕਿਹਾ ਕਿ ਸਾਡੇ ਕਸ਼ਮੀਰੀ ਭਰਾਵਾਂ-ਭੈਣਾਂ ਨੇ ਦਹਾਕਿਆਂ ਤੱਕ ਪਰੇਸ਼ਾਨੀਆਂ ਝੱਲੀਆਂ ਹਨ ਅਤੇ ਹਾਲ ਹੀ ਦੇ ਸਮੇਂ ਵਿਚ ਲਏ ਗਏ ਇਕ ਪਾਸੜ ਫੈਸਲਿਆਂ ਕਾਰਨ ਸਮੱਸਿਆਵਾਂ ਹੋਰ ਵੱਧ ਗਈਆਂ ਹਨ।

ਤੁਰਕ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਕਸ਼ਮੀਰ ਦੇ ਮੁੱਦੇ ਦੇ ਅਸੀਂ ਇੰਨੇ ਹੀ ਨੇੜੇ ਹਾਂ ਜਿੰਨਾ ਤੁਹਾਡੇ (ਪਾਕਿਸਤਾਨ ਦੇ)। ਉਨ੍ਹਾਂ ਨੇ ਕਿਹਾ ਕਿ ਅਜਿਹਾ ਹੱਲ ਸਾਰੇ ਸਬੰਧਿਤ ਧਿਰਾਂ ਦੇ ਹਿੱਤ ਵਿਚ ਹੋਵੇਗਾ। ਤੁਰਕੀ ਕਸ਼ਮੀਰ ਮਸਲੇ ਦੇ ਹੱਲ ਲਈ ਨਿਆ, ਸ਼ਾਂਤੀ ਅਤੇ ਗੱਲਬਾਤ ਦੇ ਪੱਖ ਵਿਚ ਖੜ੍ਹਾ ਰਹੇਗਾ। ਐਰਦੋਗਨ ਨੇ ਆਪਣੇ ਭਾਸ਼ਣ ਵਿਚ ਕਸ਼ਮੀਰੀਆਂ ਦੇ ਸੰਘਰਸ਼ ਦੀ ਤੁਲਨਾ ਪਹਿਲੀ ਵਿਸ਼ਵ ਜੰਗ ਵਿਚ ਆਪਣੇ ਦੇਸ਼ ਦੇ ਸੰਘਰਸ਼ ਨਾਲ ਕੀਤੀ। ਉਨ੍ਹਾਂ ਨੇ ਪਿਛਲੇ ਸਾਲ ਸਤੰਬਰ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਵੀ ਆਪਣੇ ਭਾਸ਼ਣ ਵਿਚ ਕਸ਼ਮੀਰ ਦਾ ਮੁੱਦਾ ਚੁੱਕਿਆ ਸੀ। ਸੰਯੁਕਤ ਰਾਸ਼ਟਰ ਵਿਚ ਐਰਦੋਗਨ ਦੇ ਬਿਆਨ 'ਤੇ ਪ੍ਰਤੀਕਿਰਿਆ ਕਰਦੇ ਹੋਏ ਭਾਰਤ ਨੇ ਕਿਹਾ ਸੀ ਕਿ ਉਸ ਨੂੰ ਕਸ਼ਮੀਰ 'ਤੇ ਤੁਰਕੀ ਦੇ ਬਿਆਨ 'ਤੇ ਡੂੰਘਾ ਅਫਸੋਸ ਹੈ ਅਤੇ ਇਹ ਉਸ ਦਾ ਅੰਦਰੂਨੀ ਮਾਮਲਾ ਹੈ।


Sunny Mehra

Content Editor

Related News