ਫੋਨ ''ਤੇ ਪਿਓ ਨਾਲ ਗੱਲ ਕਰਦੀ ਧੀ ''ਤੇ ਰਿੱਛ ਨੇ ਕੀਤਾ ਹਮਲਾ, ਹੋਈ ਮੌਤ
Thursday, Aug 27, 2020 - 02:11 PM (IST)
ਸਸਕੈਚਵਨ- ਕਹਿੰਦੇ ਨੇ ਕਿ ਮੌਤ ਕਦੋਂ ਕਿਸੇ ਨੂੰ ਆਪਣੀ ਬੁੱਕਲ ਵਿਚ ਲੈ ਲਵੇ ਇਹ ਕੋਈ ਨਹੀਂ ਜਾਣਦਾ । ਕੈਨੇਡਾ ਦੇ ਸਸਕੈਚਵਨ ਵਿਚ ਇਕ ਧੀ ਆਪਣੇ ਪਿਤਾ ਨਾਲ ਫੋਨ 'ਤੇ ਗੱਲ ਕਰ ਰਹੀ ਸੀ ਕਿ ਅਚਾਨਕ ਉਸ ਉੱਤੇ ਕਾਲੇ ਰਿੱਛ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਹੁਬਰਟ ਐਸਕੁਇਰੋਲ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਧੀ ਸਟੀਫਨੀ ਬਲੇਸ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ ਕਿ ਰਿੱਛ ਨੇ ਉਸ ਉੱਤੇ ਹਮਲਾ ਕਰ ਦਿੱਤਾ। ਉਹ ਕੁਝ ਸਮਾਂ ਪਹਿਲਾਂ ਹੀ ਮੈਕਲੇ ਲੇਕ ਨੇੜੇ ਰਹਿਣ ਲਈ ਆਏ ਸਨ। ਬੀਤੇ ਵੀਰਵਾਰ ਸ਼ਾਮ 5.41 ਵਜੇ ਉਹ ਸੈਟੇਲਾਈਟ ਫੋਨ 'ਤੇ ਗੱਲ ਕਰ ਰਹੀ ਸੀ ਕਿ ਪਿਤਾ ਨੂੰ ਇਕ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ। ਉਨ੍ਹਾਂ ਨੇ ਵਾਰ-ਵਾਰ ਪੁੱਛਿਆ ਪਰ ਉਸ ਦੀ ਆਵਾਜ਼ ਹੀ ਨਹੀਂ ਆ ਰਹੀ ਸੀ।
ਸਟੀਫਨੀ ਦੇ ਪਤੀ ਕਰਟੀਜ਼ ਬਲੇਸ ਨੇ ਦੱਸਿਆ ਕਿ ਉਹ ਸੈਟੇਲਾਈਟ ਫੋਨ ਤੋਂ ਗੱਲ ਕਰ ਰਹੀ ਸੀ ਤੇ ਬਾਹਰ ਖੁੱਲ੍ਹੇ ਇਲ਼ਾਕੇ ਵਿਚ ਸੀ । ਉਸ ਨੇ ਆਪਣੇ 9 ਸਾਲਾ ਪੁੱਤ ਨੂੰ ਅੰਟੀਨਾ ਠੀਕ ਕਰਨ ਲਈ ਭੇਜਿਆ ਕਿ ਇੰਨੇ ਵਿਚ ਹੀ ਰਿੱਛ ਨੇ ਉਸ ਦੀ ਗਰਦਨ ਦਬੋਚ ਲਈ। ਕਰਟੀਜ਼ ਥੋੜੀ ਦੂਰੀ 'ਤੇ ਰਸੋਈ ਵਿਚ ਸੀ ਤੇ ਆਵਾਜ਼ ਸੁਣ ਕੇ ਉਹ ਦੌੜਿਆ ਤੇ ਦੇਖਿਆ ਰਿੱਛ ਸਟੀਫਨੀ ਨੂੰ ਲੈ ਜਾ ਰਿਹਾ ਉਸ ਨੇ ਰਿੱਛ 'ਤੇ ਗੋਲੀਆਂ ਦਾਗੀਆਂ ਪਰ ਇਸ ਤੋਂ ਪਹਿਲਾਂ ਹੀ ਰਿੱਛ ਸਟੀਫਨੀ ਦੀ ਜਾਨ ਲੈ ਚੁੱਕਾ ਸੀ। ਕਰਟੀਜ਼ ਨੇ ਸਟੀਫਨੀ ਨੂੰ ਬਚਾਉਣ ਲਈ ਮੂੰਹ ਰਾਹੀਂ ਸਾਹ ਵੀ ਦਿੱਤਾ ਪਰ ਸਟੀਫਨੀ ਮਰ ਚੁੱਕੀ ਸੀ।
ਦੱਸਿਆ ਜਾ ਰਿਹਾ ਹੈ ਕਿ ਇਸ ਇਲਾਕੇ ਵਿਚ ਕਈ ਸਾਲਾਂ ਬਾਅਦ ਰਿੱਛ ਨੇ ਕਿਸੇ ਦੀ ਜਾਨ ਲਈ ਹੈ। ਪਰਿਵਾਰ ਨੇ ਦੱਸਿਆ ਕਿ ਸਟੀਫਨੀ ਤੋਂ ਪਹਿਲਾਂ ਉਨ੍ਹਾਂ ਦੇ 9 ਅਤੇ 2 ਸਾਲ ਦੇ ਬੱਚੇ ਵੀ ਉੱਥੇ ਹੀ ਖੇਡ ਰਹੇ ਸਨ। ਕਰਟੀਜ਼ ਨੇ ਦੱਸਿਆ ਕਿ ਉਹ ਵਿਆਹ ਤੋਂ ਬਾਅਦ ਇਸੇ ਇਲਾਕੇ ਵਿਚ ਆਏ ਸਨ ਤੇ ਹੁਣ ਫਿਰ ਇੱਥੇ ਪਰਿਵਾਰ ਨਾਲ ਕੁਝ ਦਿਨ ਰਹਿਣ ਆਏ ਸਨ।