ਇਮਿਊਨਿਟੀ ਪਾਸਪੋਰਟ ਨਹੀਂ ਸਗੋਂ ਈ-ਵੈਕਸੀਨ ਸਰਟੀਫਿਕੇਟ ਜਾਰੀ ਕੀਤੇ ਜਾ ਸਕਦੇ ਹਨ : WHO

Saturday, Dec 05, 2020 - 03:16 PM (IST)

ਇਮਿਊਨਿਟੀ ਪਾਸਪੋਰਟ ਨਹੀਂ ਸਗੋਂ ਈ-ਵੈਕਸੀਨ ਸਰਟੀਫਿਕੇਟ ਜਾਰੀ ਕੀਤੇ ਜਾ ਸਕਦੇ ਹਨ : WHO

ਲੰਡਨ - ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਸਪੱਸ਼ਟ ਕੀਤਾ ਹੈ ਕਿ ਉਸਨੇ ਯਾਤਰਾ ਲਈ ਇਮਿਊਨਿਟੀ ਪਾਸਪੋਰਟ ਜਾਰੀ ਕਰਨ ਦੀ ਸਿਫਾਰਸ਼ ਨਹੀਂ ਕੀਤੀ ਹੈ। ਕੁਝ ਦੇਸ਼ ਕੋਰੋਨਾ ਤੋਂ ਠੀਕ ਹੋ ਚੁੱਕੇ ਲੋਕਾਂ ਨੂੰ ਅਜਿਹੇ ਪਾਸਪੋਰਟ ਜਾਰੀ ਕਰ ਰਹੇ ਹਨ। ਡਬਲਯੂ.ਐਚ.ਓ. ਨੇ ਸਪੱਸ਼ਟ ਕੀਤਾ ਹੈ ਕਿ ਸੰਗਠਨ ਪਾਸਪੋਰਟ ਦੀ ਥਾਂ 'ਤੇ ਈ-ਵੈਕਸੀਨ ਸਰਟੀਫਿਕੇਟ ਵਰਤਣ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਦੂਜੇ ਪਾਸੇ ਅਮਰੀਕਾ ਵੀ ਵੈਕਸੀਨ ਸਰਟੀਫਿਕੇਟ ਜਾਰੀ ਕਰਨ ਲਈ ਸਹਿਮਤ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਚੀਨ ਦੇ ਵੁਹਾਨ ਵਿਚ ਕਿਊ.ਆਰ. ਕੋਡ ਦੇ ਜ਼ਰੀਏ ਇਸ ਤਰ੍ਹਾਂ ਦੀ ਪ੍ਰਣਾਲੀ ਪਹਿਲਾਂ ਤੋਂ ਹੀ ਕੰਮ ਕਰ ਰਹੀ ਹੈ।

ਕੋਪਨਹੇਗਨ ਵਿਚ WHO ਦੇ ਇਕ ਮੈਡੀਕਲ ਮਾਹਰ ਨੇ ਕਿਹਾ- ਅਸੀਂ ਕੋਵਿਡ-19 ਦੇ ਅਸਰ ਵਿਚ ਤਕਨਾਲੋਜੀ ਦੀ ਵਰਤੋਂ ਬਾਰੇ ਸੋਚ ਰਹੇ ਹਾਂ। ਈ-ਵੈਕਸੀਨ ਸਰਟੀਫਿਕੇਟ ਉਨ੍ਹਾਂ ਵਿਚੋਂ ਇਕ ਹੈ। ਦੱਸ ਦਈਏ ਕਿ ਦੁਨੀਆ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 6.52 ਕਰੋੜ ਨੂੰ ਪਾਰ ਕਰ ਗਈ ਹੈ। ਹਾਲਾਂਕਿ 4 ਕਰੋੜ  51 ਲੱਖ ਤੋਂ ਵਧ ਲੋਕ ਠੀਕ ਹੋ ਚੁੱਕੇ ਹਨ। ਹੁਣ ਤੱਕ 15 ਲੱਖ 6 ਹਜ਼ਾਰ ਤੋਂ ਵੱਧ ਲੋਕ ਲਾਗ ਦੇ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

ਕ੍ਰਿਸਮਸ 'ਤੇ ਵੀ ਇਟਲੀ ਵਿਚ ਲਗਾਈ ਗਈ ਪਾਬੰਦੀ 

ਇਟਲੀ ਵਿਚ ਵੀਰਵਾਰ ਨੂੰ ਇੱਕ ਦਿਨ ਵਿੱਚ 993 ਲੋਕਾਂ ਦੀ ਲਾਗ ਕਾਰਨ ਮੌਤ ਹੋ ਗਈ। ਦੇਸ਼ ਦੇ ਹਸਪਤਾਲਾਂ ਵਿਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਜੇ ਇਹ ਸਥਿਤੀ ਬਣੀ ਰਹਿੰਦੀ ਹੈ ਤਾਂ ਬਹੁਤੇ ਹਸਪਤਾਲਾਂ ਨੂੰ ਇੱਕ ਅਸਥਾਈ ਵਾਰਡ ਬਣਾਉਣਾ ਪਏਗਾ। ਇਸ ਦੌਰਾਨ ਇਟਲੀ ਦੀ ਸਰਕਾਰ ਨੇ ਸਖਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਗਿਸੇੱਪ ਕੌਂਟੇ ਨੇ ਕਿਹਾ ਕਿ ਕ੍ਰਿਸਮਸ ਅਤੇ ਨਵੇਂ ਸਾਲ 'ਤੇ ਅੱਧੀ ਰਾਤ ਦੀਆਂ ਪਾਰਟੀਆਂ ਨਹੀਂ ਹੋਣਗੀਆਂ। ਲੋਕ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਦੀ ਯਾਤਰਾ ਨਹੀਂ ਕਰ ਸਕਣਗੇ। ਪ੍ਰਧਾਨ ਮੰਤਰੀ ਨੇ ਕਿਹਾ- ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਇਕ ਦਿਨ ਵਿਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਇਸ ਲਈ ਅਸੀਂ ਕਿਸੇ ਵੀ ਕਿਸਮ ਦੀ ਢਿੱਲ ਨਹੀਂ ਵਰਤ ਸਕਦੇ। ਨਵੀਂਆਂ ਪਾਬੰਦੀਆਂ ਤਹਿਤ ਸਿਰਫ ਵਰਕਰਾਂ ਨੂੰ ਹੀ ਜਾਣ ਦੀ ਆਗਿਆ ਦਿੱਤੀ ਜਾਏਗੀ।

ਇਹ ਵੀ ਦੇਖੋ : ਸੋਨਾ-ਚਾਂਦੀ ਹੋ ਗਏ ਸਸਤੇ, ਜਾਣੋ ਅੱਜ ਕਿਸ ਭਾਅ ਮਿਲਣਗੀਆਂ ਇਹ ਕੀਮਤੀ ਧਾਤਾਂ

ਇੰਟਰਪੋਲ ਦੀ ਚਿਤਾਵਨੀ

ਇੰਟਰਪੋਲ ਨੇ ਬੁੱਧਵਾਰ ਰਾਤ ਨੂੰ ਗਲੋਬਲ ਚਿਤਾਵਨੀ ਜਾਰੀ ਕੀਤੀ। ਇਸ ਵਿਚ ਸਾਰੇ ਦੇਸ਼ਾਂ ਨੂੰ ਦੱਸਿਆ ਗਿਆ ਹੈ ਕਿ ਕੁਝ ਲੋਕ ਕੋਵਿਡ-19 ਦੀ ਮਿਆਦ ਦੇ ਦੌਰਾਨ ਸੰਗਠਿਤ ਜੁਰਮ ਵਿਚ ਸ਼ਾਮਲ ਹੋ ਰਹੇ ਹਨ ਅਤੇ ਉਹ ਜਾਅਲੀ ਕੋਰੋਨਾ ਵੈਕਸੀਨ ਸਪਲਾਈ ਕਰ ਸਕਦੇ ਹਨ। ਪੈਰਿਸ ਦੇ ਹੈੱਡਕੁਆਰਟਰ ਤੋਂ ਜਾਰੀ ਇਕ ਬਿਆਨ ਵਿਚ ਏਜੰਸੀ ਨੇ ਕਿਹਾ ਕਿ ਉਸਨੇ 194 ਦੇਸ਼ਾਂ ਨੂੰ ਇਸ ਬਾਰੇ ਅਲਰਟ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਉਹ ਇਸ ਗੱਲ ਨੂੰ ਤੈਅ ਕਰਨ ਕਿ ਕਿਸੇ ਤਰ੍ਹਾਂ ਦੀ ਨਕਲੀ ਵੈਕਸੀਨ ਲੋਕਾਂ ਤੱਕ ਨਾ ਪਹੁੰਚ ਸਕੇ। ਇਸ ਲਈ ਆਨਲਾਈਨ ਪਲੇਟਫਾਰਮਾਂ 'ਤੇ ਨਜ਼ਰ ਰੱਖੋ। ਇਸਦੇ ਲਈ ਵੈਕਸੀਨ  ਕੰਪਨੀਆਂ ਅਤੇ ਜਾਂਚ ਏਜੰਸੀਆਂ ਵਿਚਕਾਰ ਤਾਲਮੇਲ ਹੋਣਾ ਜ਼ਰੂਰੀ ਹੈ।

ਇਹ ਵੀ ਦੇਖੋ : ਟਰਾਂਜੈਕਸ਼ਨ ਫ਼ੇਲ੍ਹ ਹੋਣ 'ਤੇ ਖਾਤਾਧਾਰਕ ਨੂੰ ਮਿਲੇਗਾ ਹਰਜਾਨਾ, ਇਨ੍ਹਾਂ ਬੈਂਕਾਂ 'ਚ ਹੁੰਦੀ ਹੈ ਵੱਧ ਖੱਜਲ ਖੁਆਰੀ

ਫੇਸਬੁੱਕ ਦਾ ਇਨ੍ਹਾਂ ਮਾਮਲਿਆਂ 'ਤੇ ਸਖਤ ਕਾਰਵਾਈ ਕਰਨ ਦਾ ਦਾਅਵਾ

ਦੂਜੇ ਪਾਸੇ ਕੋਰੋਨਾ ਟੀਕੇ ਬਾਰੇ ਹਰ ਕਿਸਮ ਦੇ ਦਾਅਵੇ ਅਤੇ ਵਾਅਦੇ ਸੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਹਨ। ਹੁਣ ਫੇਸਬੁੱਕ ਨੇ ਇਨ੍ਹਾਂ ਮਾਮਲਿਆਂ 'ਤੇ ਸਖਤ ਕਾਰਵਾਈ ਕਰਨ ਦਾ ਦਾਅਵਾ ਕੀਤਾ ਹੈ। ਫੇਸਬੁੱਕ ਨੇ ਇੱਕ ਬਿਆਨ ਵਿਚ ਕਿਹਾ ਕਿ ਬਹੁਤ ਸਾਰੇ ਲੋਕ ਵੈਕਸੀਨ ਬਾਰੇ ਗਲਤ ਗੱਲਾਂ ਫੈਲਾ ਰਹੇ ਹਨ ਅਤੇ ਇਹ ਆਮ ਲੋਕਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਹੁਣ ਜੋ ਵੀ ਦਾਅਵਾ ਕੀਤਾ ਜਾ ਰਿਹਾ ਹੈ ਉਸਦੀ ਜਾਂਚ ਕੀਤੀ ਜਾਏਗੀ। ਅਸੀਂ ਸਿਰਫ ਸਹੀ ਜਾਣਕਾਰੀ ਹੀ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ।

ਇਹ ਵੀ ਦੇਖੋ : ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਮੁਨਾਫਾ ਆਪਣੇ ਕੋਲ ਰੱਖਣ, ਲਾਭ ਅੰਸ਼ ਨਾ ਦੇਣ ਨੂੰ ਕਿਹਾ

ਨੋਟ - ਕੋਰੋਨਾ ਲਾਗ ਨੂੰ ਲੈ ਕੇ ਸੋਸ਼ਲ ਸਾਈਟਸ ਉੱਤੇ ਉੱਡ ਰਹੀਆਂ ਅਫ਼ਵਾਹਾਂ ਬਾਰੇ ਤੁਹਾਡੇ ਕੀ ਵਿਚਾਰ ਹਨ, ਕੁਮੈਂਟ ਬਾਕਸ ਵਿਚ ਆਪਣੇ ਵਿਚਾਰ ਸਾਂਝੋ ਕਰੋ।


author

Harinder Kaur

Content Editor

Related News