ਦੁਬਈ 'ਚ ਭਾਰਤੀ ਪਤੀ-ਪਤਨੀ 'ਤੇ ਮਾਂ ਨਾਲ ਕੁੱਟਮਾਰ ਕਰਨ ਦੇ ਦੋਸ਼

06/20/2019 10:59:55 AM

ਦੁਬਈ (ਭਾਸ਼ਾ)— ਦੁਬਈ ਦੀ ਇਕ ਅਦਾਲਤ ਵਿਚ 29 ਸਾਲਾ ਭਾਰਤੀ ਅਤੇ ਉਸ ਦੀ 28 ਸਾਲਾ ਪਤਨੀ 'ਤੇ ਉਸ ਦੀ ਮਾਂ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਕ ਮੀਡੀਆ ਰਿਪੋਰਟ ਵਿਚ ਇਹ ਗੱਲ ਕਹੀ ਗਈ। ਰਿਪੋਰਟ ਵਿਚ ਦੱਸਿਆ ਗਿਆ ਕਿ ਹਮਲੇ ਕਾਰਨ ਬਜ਼ੁਰਗ ਮਹਿਲਾ ਦੀ ਹੱਡੀ ਅਤੇ ਪੱਸਲੀ ਵਿਚ ਫ੍ਰੈਕਚਰ ਹੋ ਗਿਆ, ਅੰਦਰੂਨੀ ਤੌਰ 'ਤੇ ਖੂਨ ਵੱਗਦਾ ਰਿਹਾ। ਮਹਿਲਾ ਦੇ ਸਰੀਰ ਦਾ ਕਰੀਬ 10 ਫੀਸਦੀ ਹਿੱਸਾ ਸੜਿਆ ਪਾਇਆ ਗਿਆ। ਕੁੱਟਮਾਰ ਦੇ ਕਾਰਨ ਮਹਿਲਾ ਦੀ ਮੌਤ ਹੋ ਗਈ।

ਮੁੱਢਲੀ ਸੁਣਵਾਈ ਵਿਚ ਅਦਾਲਤ ਨੂੰ ਦੱਸਿਆ ਗਿਆ ਕਿ ਭਾਰਤੀ ਅਤੇ ਉਸ ਦੀ ਪਤਨੀ ਨੇ ਕਈ ਵਾਰ ਬਜ਼ੁਰਗ ਮਹਿਲਾ ਨੂੰ ਕੁੱਟਿਆ। ਰਿਪੋਰਟ ਮੁਤਾਬਕ ਘਟਨਾ ਜੁਲਾਈ 2018 ਤੋਂ ਅਕਤੂਬਰ 2018 ਦੇ ਵਿਚ ਦੀ ਹੈ। ਇਕ ਫੌਰੇਂਸਿਕ ਡਾਕਟਰ ਨੇ ਕਿਹਾ ਕਿ ਮੌਤ ਦੇ ਸਮੇਂ ਬਜ਼ੁਰਗ ਮਹਿਲਾ ਦਾ ਵਜ਼ਨ ਸਿਰਫ 29 ਕਿਲੋਗ੍ਰਾਮ ਸੀ। ਉਕਤ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਭਾਵੇਂਕਿ ਉਨ੍ਹਾਂ ਨੇ ਖੁਦ 'ਤੇ ਲੱਗੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ। ਇਸ ਸਬੰਧ ਵਿਚ ਅਲ ਕੁਸੈਸ ਪੁਲਸ ਥਾਣੇ ਵਿਚ ਇਕ ਮਾਮਲਾ ਦਰਜ ਕੀਤਾ ਗਿਆ ਹੈ। 

ਰਿਪੋਰਟ ਮੁਤਾਬਕ ਮਾਮਲੇ ਦਾ ਖੁਲਾਸਾ 54 ਸਾਲਾ ਗੁਆਂਢੀ ਨੇ ਕੀਤਾ ਜੋ ਇਕ ਹਸਪਤਾਲ ਵਿਚ ਕਰਮਚਾਰੀ ਹੈ। ਇਸ ਭਾਰਤੀ ਗਵਾਹ ਨੇ ਆਪਣੇ ਅਪਾਰਟਮੈਂਟ ਵਿਚ ਉਸ ਵਿਅਕਤੀ ਦੀ ਪਤਨੀ ਨਾਲ ਹੋਈ ਮੁਲਾਕਾਤ ਦੇ ਬਾਰੇ ਵਿਚ ਦੱਸਿਆ। ਮਹਿਲਾ ਨੇ ਕਿਹਾ,''ਉਹ ਆਪਣੀ ਬੇਟੀ ਨੂੰ ਫੜੇ ਹੋਏ ਸੀ। ਉਸ ਨੇ ਦਾਅਵਾ ਕੀਤਾ ਕਿ ਉਸ ਦੀ ਸੱਸ ਭਾਰਤ ਤੋਂ ਆਈ ਹੈ ਪਰ ਉਸ ਦੀ ਬੇਟੀ ਦਾ ਧਿਆਨ ਨਹੀਂ ਰੱਖਦੀ, ਜਿਸ ਕਾਰਨ ਉਸ ਦੀ ਬੇਟੀ ਅਕਸਰ ਬੀਮਾਰ ਪੈ ਜਾਂਦੀ ਹੈ। ਉਹ ਚਾਹੁੰਦੀ ਸੀ ਕਿ ਉਸ ਦੇ ਕੰਮ ਤੋਂ ਵਾਪਸ ਪਰਤਣ ਤੱਕ ਮੈਂ ਉਸ ਦਾ ਧਿਆਨ ਰੱਖਾਂ।'' 

ਚਸ਼ਮਦੀਦ ਮਹਿਲਾ ਨੇ ਕਿਹਾ,''ਕਰੀਬ ਤਿੰਨ ਦਿਨ ਬਾਅਦ ਉਸ ਨੇ ਇਕ ਬਜ਼ੁਰਗ ਮਹਿਲਾ ਨੂੰ ਆਪਣੇ ਗੁਆਂਢੀ ਦੀ ਬਾਲਕੋਨੀ ਵਿਚ ਪਏ ਦੇਖਿਆ। ਉਸ ਦੇ ਸਰੀਰ 'ਤੇ ਕੱਪੜੇ ਨਾ-ਮਾਤਰ ਸਨ। ਉਸ ਦੇ ਸਰੀਰ 'ਤੇ ਸਾੜੇ ਜਾਣ ਦੇ ਨਿਸ਼ਾਨ ਵੀ ਸਨ।'' ਮਹਿਲਾ ਨੇ ਚੌਕੀਦਾਰ ਨੂੰ ਇਸ ਦੀ ਸੂਚਨਾ ਦਿੱਤੀ। ਮਹਿਲਾ ਮੁਤਾਬਕ ਉਸ ਨੇ ਜੋੜੇ ਦੇ ਘਰ ਦਾ ਦਰਵਾਜਾ ਖੜਕਾਇਆ। ਚਸ਼ਮਦੀਦ ਮਹਿਲਾ ਨੇ ਦੱਸਿਆ,''ਮੈਂ ਉਨ੍ਹਾਂ ਦੀ ਮਾਂ ਨੂੰ ਫਰਸ਼ 'ਤੇ ਲੰਮੇ ਪਏ ਦੇਖਿਆ। ਉਨ੍ਹਾਂ ਦੀ ਹਾਲਤ ਗੰਭੀਰ ਸੀ ਅਤੇ ਤੁਰੰਤ ਮੈਡੀਕਲ ਇਲਾਜ ਦੀ ਲੋੜ ਸੀ। ਮੈਂ ਐਂਬੂਲੈਂਸ ਨੂੰ ਸੱਦਿਆ।'' 

ਮਹਿਲਾ ਨੇ ਕਿਹਾ,''ਪਤੀ-ਪਤਨੀ ਆਪਣੇ ਫਲੈਟ ਵਿਚ ਹੀ ਰਹੇ ਅਤੇ ਆਪਣੀ ਮਾਂ ਨਾਲ ਨਹੀਂ ਗਏ। ਉਨ੍ਹਾਂ ਨੇ ਮੈਨੂੰ ਹੀ ਨਾਲ ਚੱਲਣ ਲਈ ਕਿਹਾ।'' ਹਸਪਤਾਲ ਦੇ ਸਰਟੀਫਿਕੇਟ ਮੁਤਾਬਕ ਮਹਿਲਾ ਦੀ ਮੌਤ 31 ਅਕਤੂਬਰ 2018 ਨੂੰ ਹੋ ਗਈ। ਮਾਮਲੇ ਦੀ ਸੁਣਵਾਈ 3 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਉਦੋਂ ਤੱਕ ਪਤੀ-ਪਤਨੀ ਹਿਰਾਸਤ ਵਿਚ ਹੀ ਰਹਿਣਗੇ।


Vandana

Content Editor

Related News