ਦੁਬਈ ਸਥਿਤ ਭਾਰਤੀ ਕਾਰੋਬਾਰੀ ਨੇ NIT ਵਾਰੰਗਲ ਨੂੰ ਦਾਨ ''ਚ ਦਿੱਤੇ 140756 ਡਾਲਰ
Monday, Oct 14, 2019 - 01:08 PM (IST)
ਦੁਬਈ (ਬਿਊਰੋ)— ਦੁਬਈ ਵਿਚ ਰਹਿਣ ਵਾਲੇ ਇਕ ਭਾਰਤੀ ਕਾਰੋਬਾਰੀ ਨੇ ਆਪਣੇ ਸਾਬਕਾ ਵਿੱਦਿਅਕ ਅਦਾਰੇ ਐੱਨ.ਆਈ.ਟੀ. ਵਾਰੰਗਲ ਨੂੰ 140756 ਡਾਲਰ ਦਾਨ ਵਿਚ ਦਿੱਤੇ ਹਨ। ਅਤੀ ਆਧੁਨਿਕ ਇਨੋਵੇਸ਼ਨ ਅਤੇ ਇਨਕਿਊਬੇਸ਼ਨ ਸੈਂਟਰ ਸਥਾਪਿਤ ਕਰਨ ਦੇ ਉਦੇਸ਼ ਨਾਲ ਭਾਰਤੀ ਕਾਰੋਬਾਰੀ ਨੇ ਇਹ ਦਾਨ ਦਿੱਤਾ ਹੈ। ਇਕ ਅੰਗਰੇਜ਼ੀ ਸਮਾਚਾਰ ਏਜੰਸੀ ਮੁਤਾਬਕ ਜੇਮਿਨੀ ਗਰੁੱਪ ਦੇ ਸੰਸਥਾਪਕ ਅਤੇ ਪ੍ਰਧਾਨ ਸੁਧਾਕਰ ਆਰ. ਰਾਓ ਨੇ ਹਾਲ ਹੀ ਵਿਚ ਐੱਨ.ਆਈ.ਟੀ. ਵਾਰੰਗਲ ਦੀ ਡਾਇਮੰਡ ਜੁਬਲੀ ਸਮਾਰੋਹ ਮੌਕੇ ਇਹ ਦਾਨ ਦਿੱਤਾ।
ਤਾਮਿਲਨਾਡੂ ਦੇ ਮੂਲ ਨਿਵਾਸੀ ਰਾਓ ਸੰਸਥਾ ਦੇ ਸਾਬਕਾ ਵਿਦਿਆਰਥੀ ਹਨ ਅਤੇ ਉਨ੍ਹਾਂ ਨੇ 1977-82 ਦੇ ਬੈਚ ਵਿਚ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਚ ਆਪਣੀ ਡਿਗਰੀ ਹਾਸਲ ਕੀਤੀ ਸੀ। ਏਜੰਸੀ ਨੇ ਰਾਓ ਦੇ ਹਵਾਲੇ ਨਾਲ ਕਿਹਾ,''ਨਵੀਨਤਾ, ਤਕਨਾਲੋਜੀ ਅਤੇ ਤਬਦੀਲੀ ਅੱਜ ਦੀ ਦੁਨੀਆ ਵਿਚ ਹਰੇਕ ਵੱਡਾ ਕਾਰੋਬਾਰ ਖੜ੍ਹਾ ਕਰਨ ਦੇ ਮੂਲ ਵਿਚ ਸ਼ਾਮਲ ਹਨ। ਮੈਨੂੰ ਵਿਸ਼ਵਾਸ ਹੈ ਕਿ ਨਵੀਂ ਸੋਚ ਅਤੇ ਤਕਨੀਕੀ ਜਾਣਕਾਰੀਆਂ ਦੇ ਮਾਮਲੇ ਵਿਚ ਐੱਨ.ਆਈ.ਟੀ. ਵਾਰੰਗਲ ਵਿਚ ਕਾਫੀ ਪ੍ਰਤਿਭਾ ਅਤੇ ਹੁਨਰ ਮੌਜੂਦ ਹੈ।''
ਉਨ੍ਹਾਂ ਨੇ ਕਿਹਾ ਕਿ ਨਵੀਨਤਾ ਅਤੇ ਇਨਕਿਊਬੇਸ਼ਨ ਸੈਂਟਰ ਸਥਾਪਿਤ ਕਰਨ ਦੇ ਆਪਣੇ ਯੋਗਦਾਨ ਦੇ ਨਾਲ ਉਹ ਹਰੇਕ ਵਿਦਿਆਰਥੀ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਸਮਾਜ 'ਤੇ ਇਕ ਸਥਾਈ ਪ੍ਰਭਾਵ ਪੈਦਾ ਕਰਨ ਲਈ ਇਸ ਅਨੋਖੀ ਸਹੂਲਤ ਅਤੇ ਇਕੋਸਿਸਟਮ ਦੀ ਵਰਤੋਂ ਕਰਨ ਦੀ ਅਪੀਲ ਕਰਦੇ ਹਨ।