ਖੰਨਾ ਦੇ ਨੌਜਵਾਨ ਡਾਕਟਰ ਨੇ ਇਟਲੀ ’ਚ ਵਧਾਇਆ ਮਾਣ, ਭਾਰਤੀ ਭਾਈਚਾਰੇ ਲਈ ਸ਼ੁਰੂ ਕੀਤੀਆਂ ਮੁਫ਼ਤ ਮੈਡੀਕਲ ਸੇਵਾਵਾਂ
Wednesday, Feb 18, 2026 - 09:40 PM (IST)
ਰੋਮ, (ਦਲਵੀਰ ਸਿੰਘ ਕੈਂਥ)- ਇਟਲੀ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਲਈ ਖੁਸ਼ੀ ਦੀ ਖ਼ਬਰ ਹੈ ਕਿ ਇੱਕ ਪੰਜਾਬੀ ਨੌਜਵਾਨ ਡਾਕਟਰ ਨੇ ਪਰਦੇਸ ਵਿੱਚ ਆਪਣਿਆਂ ਦੀ ਮਦਦ ਲਈ ਹੱਥ ਵਧਾਇਆ ਹੈ। ਇਟਲੀ ਦੇ ਰੋਮ ਵਿੱਚ ਰਹਿ ਰਹੇ 30 ਸਾਲਾ ਡਾਕਟਰ ਕਰਨ ਕੁਮਾਰ ਨੇ ਐਲਾਨ ਕੀਤਾ ਹੈ ਕਿ ਉਹ ਉਹਨਾਂ ਭਾਰਤੀਆਂ ਨੂੰ ਮੁਫ਼ਤ ਮੈਡੀਕਲ ਸਲਾਹ ਅਤੇ ਸੇਵਾਵਾਂ ਪ੍ਰਦਾਨ ਕਰਨਗੇ ਜੋ ਬਿਮਾਰੀਆਂ, ਖਾਸ ਕਰਕੇ ਫੇਫੜਿਆਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ।
ਡਾਕਟਰ ਕਰਨ ਕੁਮਾਰ, ਜੋ ਕਿ ਪੰਜਾਬ ਦੇ ਖੰਨਾ (ਲੁਧਿਆਣਾ) ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਅਤੇ ਨਿਰਮਲਾ ਕੁਮਾਰੀ ਦੇ ਸਪੁੱਤਰ ਹਨ, ਨੇ ਆਪਣੀ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਇੰਗਲੈਂਡ ਤੋਂ ਪੂਰੀ ਕੀਤੀ ਹੈ। ਇਸ ਸਮੇਂ ਉਹ ਰੋਮ ਦੀ ਤੋਰ ਵਿਰਗਾਤਾ ਯੂਨੀਵਰਸਿਟੀ ਤੋਂ ਐੱਮ.ਐੱਸ. ਦੀ ਡਿਗਰੀ ਦੇ ਆਖ਼ਰੀ ਸਾਲ ਵਿੱਚ ਹਨ। ਉਹ ਲਾਸੀਓ ਸੂਬੇ ਦੇ ਪਹਿਲੇ ਅਜਿਹੇ ਭਾਰਤੀ ਡਾਕਟਰ ਹਨ ਜੋ ਫੇਫੜਿਆਂ ਦੇ ਮਾਹਿਰ ਸਰਜਨ ਬਣਨ ਦੀ 5 ਸਾਲਾ ਡਿਗਰੀ ਪੂਰੀ ਕਰ ਰਹੇ ਹਨ।
ਰੋਮ ਦੇ ਹਸਪਤਾਲ ਵਿੱਚ ਪ੍ਰੈਕਟਿਸ ਦੌਰਾਨ ਡਾਕਟਰ ਕਰਨ ਨੇ ਮਹਿਸੂਸ ਕੀਤਾ ਕਿ ਇਟਾਲੀਅਨ ਭਾਸ਼ਾ ਦਾ ਸਹੀ ਗਿਆਨ ਨਾ ਹੋਣ ਕਾਰਨ ਭਾਰਤੀ ਲੋਕਾਂ ਨੂੰ ਇਲਾਜ ਕਰਵਾਉਣ ਵਿੱਚ ਕਾਫ਼ੀ ਮੁਸ਼ਕਿਲਾਂ ਆਉਂਦੀਆਂ ਹਨ। ਕਈ ਵਾਰ ਹਸਪਤਾਲ ਵਿੱਚ ਸਮੇਂ ਦੀ ਘਾਟ ਕਾਰਨ ਉਹ ਸਾਰੇ ਮਰੀਜ਼ਾਂ ਨਾਲ ਵਿਸਥਾਰ ਵਿੱਚ ਗੱਲ ਨਹੀਂ ਕਰ ਪਾਉਂਦੇ ਸਨ, ਜਿਸਦਾ ਉਹਨਾਂ ਨੂੰ ਬਹੁਤ ਅਫ਼ਸੋਸ ਹੁੰਦਾ ਸੀ। ਇਸੇ ਮੁਸ਼ਕਿਲ ਨੂੰ ਹੱਲ ਕਰਨ ਲਈ ਉਹਨਾਂ ਨੇ ਮੁਫ਼ਤ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਡਾਕਟਰ ਕਰਨ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਇਟਲੀ ਵਿੱਚ ਰਹਿੰਦੇ ਭਾਰਤੀ ਲੋਕ ਹਸਪਤਾਲ ਜਾਣ ਤੋਂ ਪਹਿਲਾਂ ਉਹਨਾਂ ਨਾਲ ਉਹਨਾਂ ਦੇ ਇੰਸਟਾਗ੍ਰਾਮ 'ਤੇ ਸੰਪਰਕ ਕਰਕੇ ਬਿਮਾਰੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਅਤੇ ਸਲਾਹ ਲੈ ਸਕਦੇ ਹਨ। ਇਹ ਸੇਵਾ ਬਿਲਕੁਲ ਮੁਫ਼ਤ ਹੋਵੇਗੀ।
ਡਾਕਟਰ ਕਰਨ ਕੁਮਾਰ ਜਲਦ ਹੀ ਆਪਣੀ ਮਾਸਟਰ ਸਰਜਨ ਦੀ ਡਿਗਰੀ ਪੂਰੀ ਕਰਕੇ ਪੂਰੀ ਤਰ੍ਹਾਂ ਭਾਰਤੀ ਭਾਈਚਾਰੇ ਦੀ ਸੇਵਾ ਵਿੱਚ ਹਾਜ਼ਰ ਹੋਣਗੇ। ਉਹਨਾਂ ਦੇ ਇਸ ਨੇਕ ਕਾਰਜ ਕਾਰਨ ਇਟਲੀ ਵਿੱਚ ਵੱਸਦੇ ਭਾਰਤੀ ਭਾਈਚਾਰੇ ਵੱਲੋਂ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
