ਜ਼ਿੰਦਗੀ ਜ਼ਿੰਦਾਬਾਦ : ਪੁੱਠੇ ਸਿਰ ਦੇ ਬਾਵਜੂਦ ਲੋਕਾਂ ਨੂੰ ਪਾ ਰਿਹੈ ਸਿੱਧੇ ਰਾਹ
Sunday, Mar 28, 2021 - 01:08 PM (IST)
ਬ੍ਰਾਜ਼ੀਲ : ਮੌਤ ਨੂੰ ਵੀ ਕੋਈ ਵਿਰਲਾ ਹੀ ਹਰਾਉਂਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਬ੍ਰਾਜ਼ੀਲ ਤੋਂ ਜਿਥੇ ਇਕ ਵਿਅਕਤੀ ਨੇ ਜਦੋਂ ਜਨਮ ਲਿਆ ਸੀ ਤਾਂ ਡਾਕਟਰਾਂ ਨੇ ਕਿਹਾ ਸੀ ਕਿ ਇਹ 24 ਘੰਟੇ ਵੀ ਮੁਸ਼ਕਿਲ ਨਾਲ ਜੀਅ ਸਕੇਗਾ ਪਰ ਇਸ ਵਿਅਕਤੀ ਨੇ ਮੌਤ ਨੂੰ ਹਰਾ ਦਿੱਤਾ ਅਤੇ ਹੁਣ ਇਹ 44 ਵਰ੍ਹਿਆਂ ਦਾ ਹੋ ਗਿਆ ਹੈ। ਪੁੱਠਾ ਸਿਰ ਹੋਣ ਦੇ ਬਾਵਜੂਦ ਆਪਣੀ ਮਜ਼ਬੂਤ ਇੱਛਾ-ਸ਼ਕਤੀ ਕਾਰਨ ਇਹ ਸ਼ਖਸ ਪੂਰੀ ਦੁਨੀਆ ’ਚ ਬਹੁਤ ਮਸ਼ਹੂਰ ਹੋ ਚੁੱਕਾ ਹੈ।
ਇਸ ਵਿਅਕਤੀ ਦਾ ਨਾਂ ਕਲਾਡੀਓ ਵੇਰਾ ਡੇ ਓਲੀਵੇਰਾ ਹੈ। ਬ੍ਰਾਜ਼ੀਲ ਦੇ ਮਾਂਟੇ ਕਾਰਲੋ ਸ਼ਹਿਰ ’ਚ ਜਨਮੇ ਇਸ ਵਿਅਕਤੀ ਦਾ ਸਿਰ ਅਤੇ ਪੂਰਾ ਸਰੀਰ ਹੀ ਅਨੋਖਾ ਹੈ। ਜਨਮ ਸਮੇਂ ਸਿਰ ਪੁੱਠਾ ਹੋਣ ਦੇ ਨਾਲ-ਨਾਲ ਪੂਰਾ ਸਰੀਰ ਮੁੜਿਆ ਹੋਣ ਕਰ ਕੇ ਡਾਕਟਰਾਂ ਨੂੰ ਉਸ ਦੇ ਜੀਣ ਦੀ ਆਸ ਨਹੀਂ ਸੀ।
ਅੰਗਰੇਜ਼ੀ ਅਖਬਾਰ ਦੀ ਇਕ ਰਿਪੋਰਟ ਅਨੁਸਾਰ ਕਲਾਡੀਓ ਇਕ ਅਕਾਊਂਟੈਂਟ ਹੋਣ ਦੇ ਨਾਲ-ਨਾਲ ਮੋਟੀਵੇਸ਼ਨਲ ਸਪੀਕਰ ਵੀ ਬਣ ਚੁੱਕਾ ਹੈ ਤੇ ਜ਼ਿੰਦਗੀ ਤੋਂ ਹਾਰੇ ਲੋਕਾਂ ਨੂੰ ਮੋਟੀਵੇਟ ਕਰ ਕੇ ਸਿੱਧੇ ਰਾਹ ਪਾਉਂਦਾ ਹੈ। ਉਸ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਬਚਪਨ ਤੋਂ ਹੀ ਉਸ ਨੂੰ ਦੂਜੇ ਬੱਚਿਆਂ ਵਾਂਗ ਹੀ ਦੇਖਿਆ ਅਤੇ ਜ਼ਿੰਦਗੀ ਜੀਣ ਦੀ ਖੁੱਲ੍ਹ ਦਿੱਤੀ।
ਜਨਮ ਸਮੇਂ ਕਲਾਡੀਓ ਨੂੰ ਸਾਹ ਲੈਣ ’ਚ ਤਕਲੀਫ ਮਹਿਸੂਸ ਹੁੰਦੀ ਸੀ ਅਤੇ ਡਾਕਟਰਾਂ ਨੇ ਉਸ ਦੀ ਮਾਂ ਨੂੰ ਸਲਾਹ ਦਿੱਤੀ ਸੀ ਕਿ ਉਸ ਨੂੰ ਖਾਣਾ-ਪੀਣਾ ਨਾ ਦੇਣ ਕਿਉਂਕਿ ਇਹ ਜ਼ਿਆਦਾ ਦਿਨ ਤਕ ਜੀਅ ਨਹੀਂ ਸਕੇਗਾ। ਕਲਾਡੀਓ ਨੇ ਸਕੂਲ ਹੀ ਨਹੀਂ, ਯੂਨੀਵਰਸਿਟੀ ਲੈਵਲ ਤਕ ਪੜ੍ਹਾਈ ਕੀਤੀ ਅਤੇ ਇਕ ਅਕਾਊਂਟੈਂਟ ਵੀ ਬਣਿਆ। ਉਹ ਇਕ ਆਮ ਇਨਸਾਨ ਵਾਂਗ ਹਰ ਕੰਮ ਕਰਦਾ ਹੈ ਅਤੇ ਉਹ ਦੁਨੀਆ ’ਚ ਕਾਫੀ ਮਸ਼ਹੂਰ ਹੋ ਚੁੱਕਾ ਹੈ। ਉਸ ਦੇ ਪਰਿਵਾਰ ਵਾਲੇ ਉਸ ਦੀ ਸਫਲਤਾ ’ਤੇ ਕਾਫੀ ਖੁਸ਼ ਹੁੰਦੇ ਹਨ।