ਕੈਲੀਫੋਰਨੀਆ ਦੇ ਜੰਗਲਾਂ ''ਚ ਲੱਗੀ ਭਿਆਨਕ ਅੱਗ ਕਾਰਨ ਟਰੰਪ ਨੇ ਕੀਤਾ ਐਮਰਜੈਂਸੀ ਦਾ ਐਲਾਨ

12/09/2017 3:51:54 PM

ਵਾਸ਼ਿੰਗਟਨ (ਏਜੰਸੀ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਦੱਖਣੀ ਕੈਲੀਫੋਰਨੀਆ ਦੇ ਜੰਗਲਾਂ 'ਚ ਆਲੇ-ਦੁਆਲੇ ਦੀਆਂ ਕਈ ਪਹਾੜੀਆਂ ਦੇ ਲਪੇਟ 'ਚ ਆਉਣ ਤੋਂ ਬਾਅਦ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਅੱਗ ਕਾਰਨ ਬਣੇ ਐਮਰਜੈਂਸੀ ਹਲਾਤਾਂ ਦੇ ਮੱਦੇਨਜ਼ਰ ਬਚਾਅ ਕੰਮਾਂ ਵਿਚ ਸੰਘੀ ਸਰਕਾਰ ਮਦਦ ਕਰੇਗੀ। ਇਸ ਦੇ ਨਾਲ ਹੀ ਲਾਸ ਏਂਜਲਸ, ਰੀਵਰਸਾਈਡ, ਸੈਨ ਡਿਯਾਗੋ ਸਮੇਤ ਪ੍ਰਭਾਵਿਤ ਖੇਤਰਾਂ ਲਈ  ਐਮਰਜੈਂਸੀ ਫੰਡ ਵੀ ਜਾਰੀ ਹੋਵੇਗਾ। 
ਟਰੰਪ ਦੇ ਇਸ ਐਲਾਨ ਤੋਂ ਇਕ ਦਿਨ ਪਹਿਲਾਂ ਕੈਲੀਫੋਰਨੀਆ ਦੇ ਗਵਰਨਰ ਜੈਰੀ ਬਰਾਊਨ ਨੇ ਰਾਸ਼ਟਰਪਤੀ ਨੂੰ ਸੂਬੇ 'ਚ ਐਮਰਜੈਂਸੀ ਦਾ ਐਲਾਨ ਕਰਨ ਲਈ ਚਿੱਠੀ ਲਿਖੀ ਸੀ। ਦੱਸਣਯੋਗ ਹੈ ਕਿ ਬੀਤੇ ਹਫਤੇ ਦੱਖਣੀ ਕੈਲੀਫੋਰਨੀਆ ਦੇ ਜੰਗਲਾਂ 'ਚ ਭਿਆਨਕ ਅੱਗ ਲੱਗ ਗਈ ਸੀ, ਜਿਸ ਕਾਰਨ 2 ਲੱਖ ਲੋਕਾਂ ਨੂੰ ਆਪਣੇ ਘਰ-ਬਾਰ ਛੱਡਣ ਲਈ ਮਜ਼ਬੂਰ ਹੋਣਾ ਪਿਆ। ਅੱਗ ਕਾਰਨ 500 ਰਿਹਾਇਸ਼ੀ ਇਲਾਕੇ ਅਤੇ ਹੋਰ ਇਮਾਰਤਾਂ ਨਸ਼ਟ ਹੋ ਗਈਆਂ ਹਨ ਅਤੇ ਇਸ ਵਿਚ 6 ਲੋਕ ਅਤੇ 4 ਫਾਇਰ ਬ੍ਰਿਗੇਡ ਕਰਮਚਾਰੀ ਝੁਲਸ ਗਏ ਹਨ। ਫਾਇਰ ਵਿਭਾਗ ਨੇ ਇਕ ਟਵੀਟ ਕਰ ਕੇ ਕਿਹਾ ਕਿ ਇਹ ਮੌਸਮ ਅਗਲੇ ਕੁਝ ਦਿਨਾਂ ਤੱਕ ਅਜਿਹਾ ਹੀ ਰਹੇਗਾ, ਜਿਸ ਦੀ ਵਜ੍ਹਾ ਤੋਂ ਖੁਸ਼ਕ ਖੇਤਰਾਂ 'ਚ ਅੱਗ ਦਾ ਖਤਰਾ ਵਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।


Related News