ਡਾਕਟਰਾਂ ਨੇ ਨਾਮੁਮਕਿਨ ਨੂੰ ਮੁਮਕਿਨ ਕਰ ਦਿਖਾਇਆ, ਲੈਬ ''ਚ ਚਮੜੀ ਉਗਾ ਕੇ ਬਚਾਈ ਬੱਚੇ ਦੀ ਜਾਨ (ਤਸਵੀਰਾਂ)

Friday, Nov 10, 2017 - 12:11 PM (IST)

ਜਰਮਨੀ(ਬਿਊਰੋ)— ਦੁਨੀਆ ਦੀ ਭਿਆਨਕ ਬੀਮਾਰੀਆਂ ਵਿਚੋਂ ਇਕ Epidermolysis Bullosa ਦਾ ਹੱਲ ਜਰਮਨੀ ਅਤੇ ਇਟਲੀ ਦੇ ਡਾਕਟਰਾਂ ਨੇ ਲੱਭ ਲਿਆ ਹੈ। ਚੱਮੜੀ ਦੀ ਇਸ ਗੰਭੀਰ ਬੀਮਾਰੀ ਨਾਲ ਪੀੜਤ ਜਰਮਨੀ ਦੇ 7 ਸਾਲ ਦੇ ਮੁੰਡੇ ਦੀ ਡਾਕਟਰਾਂ ਨੇ ਜਾਨ ਬਚਾਉਣ ਵਿਚ ਸਫਲਤਾ ਪਾਈ ਹੈ। ਜੀਨ ਐਡੀਟਿੰਗ ਤਕਨੀਕ ਨਾਲ ਲੈਬ ਵਿਚ ਨਵੀਂ ਚੱਮੜੀ ਉਗਾ ਕੇ ਉਸ ਨੂੰ ਬੱਚੇ ਦੇ ਸਰੀਰ ਉੱਤੇ ਲਗਾ ਦਿੱਤਾ ਗਿਆ ਹੈ। ਹਾਲਾਂਕਿ ਇਹ ਆਪਰੇਸ਼ਨ 2 ਸਾਲ ਪਹਿਲਾਂ ਕੀਤਾ ਗਿਆ ਸੀ ਪਰ ਹੁਣ ਜਦੋਂ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੋ ਚੁੱਕਿਆ ਹੈ ਉਦੋਂ ਇਸ ਦੇ ਬਾਰੇ ਵਿਚ ਨੇਚਰ ਜਰਨਲ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਐਪੀਡਰਮੋਲਿਸਿਸ ਬੁਲੋਸਾ
ਖਾਨਦਾਨੀ ਚੱਮੜੀ ਸਬੰਧੀ ਵਿਕਾਰਾਂ ਦੇ ਸਮੂਹ ਨੂੰ ਐਪੀਡਰਮੋਲਿਸਿਸ ਬੁਲੋਸਾ (ਈ.ਬੀ) ਨਾਮ ਦਿੱਤਾ ਗਿਆ ਹੈ। ਈ. ਬੀ. ਸਿੰਪਲੈਕਸ ਅਤੇ ਜੰਕਸ਼ਨਲ ਈ. ਬੀ. ਵਿਚ ਜ਼ਿਆਦਾਤਰ ਬੱਚੇ ਛੋਟੀ ਉਮਰ ਵਿਚ ਹੀ ਮਰ ਜਾਂਦੇ ਹਨ, ਜਦੋਂ ਕਿ ਡਿਸਟਰੋਫਿਕ ਈ.ਬੀ. ਵਿਚ ਕਿਸ਼ੋਰ ਅਵਸਥਾ ਦੇ ਸ਼ੁਰੂਆਤੀ ਸਾਲਾਂ ਵਿਚ ਉਨ੍ਹਾਂ ਦੀ ਜਾਨ ਜਾਂਦੀ ਹੈ। ਇਨ੍ਹਾਂ ਬੀਮਾਰੀਆਂ ਵਿਚ ਵਿਅਕਤੀ ਦੇ ਸਰੀਰ ਦੀ ਚੱਮੜੀ ਉੱਤੇ ਫੋੜੇ ਨਿਕਲ ਆਉਂਦੇ ਹਨ। ਚੱਮੜੀ ਝੜਨ ਲੱਗਦੀ ਹੈ ਅਤੇ ਸਰੀਰ ਉੱਤੇ ਜ਼ਖਮ ਹੋ ਜਾਂਦੇ ਹਨ। ਇਸ ਵਿਚ ਚੱਮੜੀ ਤਿੱਤਲੀ ਦੇ ਖੰਭ ਤਰ੍ਹਾਂ ਨਾਜ਼ੁਕ ਹੋ ਜਾਂਦੀ ਹੈ, ਇਸ ਲਈ ਇਸ ਨੂੰ ਬਟਰਫਲਾਈ ਬੀਮਾਰੀ ਵੀ ਕਹਿੰਦੇ ਹਨ।
ਦੁਨੀਆ ਦਾ ਪਹਿਲਾ ਸਫਲ ਪ੍ਰਯੋਗ
ਜਰਮਨੀ ਦੇ ਰਹਿਣ ਵਾਲੇ 7 ਸਾਲਾ ਹਸਨ ਨੂੰ ਬਚਪਨ ਤੋਂ ਜੰਕਸ਼ਨਲ ਐਪੀਡਰਮੋਲਿਸਿਸ ਬੁਲੋਸਾ ਬੀਮਾਰੀ ਸੀ। ਜਦੋਂ ਉਸਨੂੰ 2015 ਵਿਚ ਜਰਮਨੀ ਦੇ ਬੋਕੁਮ ਯੂਨੀਵਰਸਿਟੀ ਹਸਪਤਾਲ ਵਿਚ ਦਾਖਲ ਕੀਤਾ ਗਿਆ ਤਾਂ 80 ਫੀਸਦ ਚੱਮੜੀ ਫੋੜਿਆਂ ਅਤੇ ਜ਼ਖਮਾਂ ਨਾਲ ਭਰੀ ਸੀ। ਡਾਕਟਰਾਂ ਮੁਤਾਬਕ ਹਸਨ ਦੀ ਹਾਲਤ ਗੰਭੀਰ ਸੀ ਅਤੇ ਉਸ ਨੂੰ ਬਚਾ ਪਾਉਣਾ ਨਾਮੁਮਕਿਨ ਲੱਗ ਰਿਹਾ ਸੀ। ਉਦੋਂ ਡਾਕਟਰਾਂ ਨੇ ਜੀਨ ਐਡੀਟਿੰਗ ਤਕਨੀਕ ਦੀ ਮਦਦ ਲੈ ਕੇ ਇਹ ਇਤਿਹਾਸਿਕ ਕਾਮਯਾਬੀ ਹਾਸਲ ਕੀਤੀ।
ਬੀਮਾਰੀ ਦੀ ਵਜ੍ਹਾ
ਇਨਸਾਨੀ ਚੱਮੜੀ ਦੀਆਂ 2 ਪਰਤਾਂ ਹੁੰਦੀਆਂ ਹਨ। ਬਾਹਰੀ ਤਹਿ ਜਿਸ ਨੂੰ ਐਪੀਡਰਮਿਸ ਕਹਿੰਦੇ ਹਨ ਅਤੇ ਉਸ ਦੇ ਹੇਠਾਂ ਦੀ ਤਹਿ ਜਿਸ ਨੂੰ ਡਰਮਿਸ ਕਹਿੰਦੇ ਹਨ। ਤੰਦਰੁਸਤ ਇਨਸਾਨਾਂ ਵਿਚ ਇਨ੍ਹਾਂ 2 ਪਰਤਾਂ ਵਿਚਕਾਰ ਪ੍ਰੋਟੀਨ ਦੀ ਤਹਿ ਹੁੰਦੀ ਹੈ, ਜੋ ਦੋਵਾਂ ਨੂੰ ਜੋੜੇ ਰੱਖਦੀ ਹੈ। ਈ. ਪੀ ਨਾਲ ਪੀੜਤ ਲੋਕਾਂ ਵਿਚ ਇਹ ਪ੍ਰੋਟੀਨ ਦੀ ਤਹਿ ਨਹੀਂ ਹੁੰਦੀ, ਜਿਸ ਨਾਲ ਚੱਮੜੀ ਦੀਆਂ ਦੋਵੇਂ ਪਰਤਾਂ ਆਪਸ ਵਿਚ ਜੁੜ ਨਹੀਂ ਪਾਉਂਦੀਆਂ। ਇਸ ਨਾਲ ਚੱਮੜੀ ਨੂੰ ਛੂਹਣ ਨਾਲ ਉੱਤੇ ਹੀ ਡੂੰਘੇ ਜ਼ਖਮ ਹੋ ਜਾਂਦੇ ਹਨ ਜੋ ਗੰਭੀਰ ਰੂਪ ਨਾਲ ਚੱਮੜੀ ਦੇ ਸੜਣ ਜਿੰਨਾ ਦਰਦ ਦਿੰਦੇ ਹਨ।
ਲਾ-ਈਲਾਜ ਬੀਮਾਰੀ
ਦੁਨੀਆਭਰ ਵਿਚ ਪੈਦਾ ਹੋਣ ਵਾਲੇ ਪ੍ਰਤੀ 10 ਲੱਖ ਬੱਚਿਆਂ ਵਿਚੋਂ 20 ਨੂੰ ਜਨਮ ਤੋਂ ਇਹ ਬੀਮਾਰੀ ਹੁੰਦੀ ਹੈ। ਜ਼ਿਆਦਾਤਰ ਬੱਚੇ 5 ਸਾਲ ਦੀ ਉਮਰ ਤੱਕ ਹੀ ਜਿੰਦਾ ਰਹਿ ਪਾਉਂਦੇ ਹਨ। ਸਾਧਾਰਨ ਤੌਰ ਉੱਤੇ ਪ੍ਰਤੀ 10 ਲੱਖ ਵਿਚੋਂ 9 ਲੋਕ ਇਸ ਨਾਲ ਪੀੜਤ ਹੁੰਦੇ ਹਨ। ਇਸ ਆਪਰੇਸ਼ਨ ਦੇ ਸਫਲ ਹੋਣ ਤੋਂ ਬਾਅਦ ਇਸ ਬੀਮਾਰੀ ਤੋਂ ਲੱਖਾਂ ਬੱਚਿਆਂ ਨੂੰ ਬਚਾਉਣ ਦੀ ਉਮੀਦ ਉੱਠੀ ਹੈ।


Related News