ਡਿਜ਼ਨੀ ਵਰਲਡ ’ਚ 15 ਮਹੀਨਿਆਂ ਬਾਅਦ ਹੋਈ ਆਤਿਸ਼ਬਾਜ਼ੀ
Saturday, Jul 03, 2021 - 03:14 PM (IST)

ਫਲੋਰਿਡਾ: ਦੁਨੀਆ ਭਰ ਵਿਚ ਜਿੱਥੇ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਉਥੇ ਹੀ ਕੁੱਝ ਦੇਸ਼ਾਂ ਨੇ ਆਪਣੇ ਕੁੱਝ ਸੂਬਿਆਂ ਵਿਚ ਤਾਲਾਬੰਦੀ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਫਲੋਰਿਡਾ ਵਿਖੇ ਸਥਿਤ ਵਾਲਟ ਡਿਜ਼ਨੀ ਵਰਲਡ ਵਿਚ ਵੀਰਵਾਰ ਨੂੰ 15 ਮਹੀਨਿਆਂ ਬਾਅਦ ਆਤਿਸ਼ਬਾਜ਼ੀ ਹੋਈ। ਇਸ ਨਜ਼ਾਰੇ ਨੂੰ ਦੇਖਣ ਲਈ 4 ਹਜ਼ਾਰ ਤੋਂ ਜ਼ਿਆਦਾ ਲੋਕ ਪੁੱਜੇ। ਡਿਜ਼ਨੀ ਵਰਲਡ ਦੇ ਬੁਲਾਰੇ ਮੁਤਾਬਕ ਕੋਰੋਨਾ ਕਾਰਨ ਮਾਰਚ 2020 ਤੋਂ ਆਤਿਸ਼ਬਾਜ਼ੀ ਨਹੀਂ ਹੋਈ ਸੀ ਅਤੇ ਲੋਕ ਵੀ ਘੱਟ ਪਹੁੰਚ ਰਹੇ ਸਨ। ਲੋਕਾਂ ਨੂੰ ਆਕਰਸ਼ਿਤ ਕਰਨ ਲਈ ਇਹ ਆਤਿਸ਼ਬਾਜ਼ੀ ਕੀਤੀ ਗਈ।
ਫਲੋਰਿਡਾ ਦੀ ਓਰੇਂਜ ਕਾਉਂਟੀ ਵਿਚ ਸਥਿਤ ਵਾਲਟ ਡਿਜ਼ਨੀ ਵਰਲਡ 1965 ਵਿਚ ਖੁੱਲ੍ਹਾ ਸੀ। ਡਿਜ਼ਨੀ ਵਰਲਡ ਵਿਚ 6500 ਕਰਮਚਾਰੀ ਕੰਮ ਕਰਦੇ ਹਨ। 2018 ਵਿਚ ਇੱਥੇ 58 ਮਿਲੀਅਨ ਯਾਨੀ 5.8 ਕਰੋੜ ਲੋਕ ਘੁੰਮਣ ਪੁੱਜੇ ਸਨ, ਜੋ ਕਿ ਰਿਕਾਰਡ ਸੀ। ਕੋਵਿਡ ਨਿਯਮਾਂ ਨੂੰ ਦੇਖਦੇ ਹੋਏ ਮੌਜੂਦਾ ਸਮੇਂ ਵਿਚ 25 ਫ਼ੀਸਦੀ ਲੋਕਾਂ ਨੂੰ ਐਂਟਰੀ ਦਿੱਤੀ ਜਾ ਰਹੀ ਹੈ।