ਗੁਲਾਮੀ ਨਾਲੋਂ ਬਿਹਤਰ ਹੈ ਜੇਲ ਦੀ ਹਨੇਰੀ ਕੋਠੜੀ : ਇਮਰਾਨ ਖਾਨ
Friday, Jul 04, 2025 - 04:16 AM (IST)

ਲਾਹੌਰ - ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਉਹ ਗੁਲਾਮੀ ਸਵੀਕਾਰ ਕਰਨ ਨਾਲੋਂ ਜੇਲ ਦੀ ਹਨੇਰੀ ਕੋਠੜੀ ਵਿਚ ਰਹਿਣਾ ਪਸੰਦ ਕਰਨਗੇ। ਖਾਨ ਨੇ ਆਪਣੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਵਰਕਰਾਂ ਨੂੰ ਮੁਹੱਰਮ ਦੇ 10ਵੇਂ ਦਿਨ ਆਸ਼ੂਰਾ ਤੋਂ ਬਾਅਦ ਮੌਜੂਦਾ ਸ਼ਾਸਨ ਵਿਰੁੱਧ ਬਗਾਵਤ ਕਰਨ ਦਾ ਸੱਦਾ ਦਿੱਤਾ, ਤਾਂ ਜੋ ਪੈਗੰਬਰ ਦੇ ਪੋਤੇ ਇਮਾਮ ਹੁਸੈਨ ਦੀ ਸ਼ਹਾਦਤ ਦਾ ਸੋਗ ਮਨਾਇਆ ਜਾ ਸਕੇ। ਇਸ ਸਾਲ, ਇਹ ਦਿਨ 6 ਜੁਲਾਈ ਨੂੰ ਆਉਂਦਾ ਹੈ।
ਖਾਨ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕੀਤਾ ਕਿ ਮੈਂ ਪੂਰੇ ਦੇਸ਼ ਨੂੰ ਖਾਸ ਕਰ ਕੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਵਰਕਰਾਂ ਅਤੇ ਸਮਰਥਕਾਂ ਨੂੰ ਆਸ਼ੂਰਾ ਤੋਂ ਬਾਅਦ ਇਸ ਜ਼ਾਲਮ ਪ੍ਰਣਾਲੀ ਦੇ ਵਿਰੁੱਧ ਖੜ੍ਹੇ ਹੋਣ ਦੀ ਅਪੀਲ ਕਰਦਾ ਹਾਂ। ਖਾਨ ਕਈ ਮਾਮਲਿਆਂ ’ਚ ਲੱਗਭਗ 2 ਸਾਲ ਤੋਂ ਜੇਲ ਵਿਚ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਆਵਾਜ਼ ਨੂੰ ਹਰ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।