ਅਫ਼ਗਾਨ ਸਰਹੱਦ ''ਤੇ ਤਾਲਿਬਾਨ ਤੇ ਪਾਕਿਸਤਾਨੀ ਫੌਜ ਵਿਚਾਲੇ ਖੂਨੀ ਜੰਗ; ਗੋਲੇਬਾਰੀ ''ਚ 3 ਨਾਗਰਿਕਾਂ ਦੀ ਮੌਤ

Wednesday, Mar 11, 2026 - 11:47 PM (IST)

ਅਫ਼ਗਾਨ ਸਰਹੱਦ ''ਤੇ ਤਾਲਿਬਾਨ ਤੇ ਪਾਕਿਸਤਾਨੀ ਫੌਜ ਵਿਚਾਲੇ ਖੂਨੀ ਜੰਗ; ਗੋਲੇਬਾਰੀ ''ਚ 3 ਨਾਗਰਿਕਾਂ ਦੀ ਮੌਤ

ਕਾਬੁਲ/ਇਸਲਾਮਾਬਾਦ : ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੀ ਸਰਹੱਦ 'ਤੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਮੰਗਲਵਾਰ ਨੂੰ ਸ਼ੁਰੂ ਹੋਈ ਅਫ਼ਗਾਨ ਤਾਲਿਬਾਨ ਅਤੇ ਪਾਕਿਸਤਾਨੀ ਫੌਜ ਵਿਚਾਲੇ ਲੜਾਈ ਬੁੱਧਵਾਰ ਨੂੰ ਵੀ ਜਾਰੀ ਰਹੀ, ਜਿਸ ਕਾਰਨ ਸਰਹੱਦੀ ਇਲਾਕਿਆਂ ਵਿੱਚ ਜੰਗ ਵਰਗੇ ਹਾਲਾਤ ਬਣੇ ਹੋਏ ਹਨ। ਅਫ਼ਗਾਨਿਸਤਾਨ ਦੇ ਪੂਰਬੀ ਪ੍ਰਾਂਤਾਂ ਜਿਵੇਂ ਪਾਕਤਿਕਾ, ਖੋਸਤ ਅਤੇ ਨੂਰਿਸਤਾਨ ਵਿੱਚ ਦੋਵਾਂ ਸੈਨਾਵਾਂ ਵਿਚਾਲੇ ਭਾਰੀ ਗੋਲੇਬਾਰੀ ਹੋਣ ਦੀ ਖ਼ਬਰ ਹੈ।

ਤਾਲਿਬਾਨ ਦੇ ਉਪ ਬੁਲਾਰੇ ਹਮਦੁੱਲਾ ਫਿਤਰਤ ਅਨੁਸਾਰ, ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਹਮਲਿਆਂ ਵਿੱਚ ਹੁਣ ਤੱਕ ਤਿੰਨ ਆਮ ਨਾਗਰਿਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਪਾਤਨ ਜ਼ਿਲ੍ਹੇ ਵਿੱਚ ਇੱਕ ਘਰ 'ਤੇ ਮੋਰਟਾਰ ਦਾ ਗੋਲਾ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਜੀਅ ਮਾਰੇ ਗਏ। ਇਸ ਤੋਂ ਇਲਾਵਾ ਸ਼ਕਿਨ ਜ਼ਿਲ੍ਹੇ ਵਿੱਚ ਰਿਹਾਇਸ਼ੀ ਘਰਾਂ ਅਤੇ ਜਨਤਕ ਇਮਾਰਤਾਂ ਨੂੰ ਵੀ ਤੋਪਾਂ ਨਾਲ ਨਿਸ਼ਾਨਾ ਬਣਾਇਆ ਗਿਆ ਹੈ।

ਭਾਰੀ ਗੋਲੇਬਾਰੀ ਕਾਰਨ ਸਰਹੱਦੀ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਜਾਜ਼ੀ ਮੈਦਾਨ ਅਤੇ ਕਾਮਦੇਸ਼ ਜ਼ਿਲ੍ਹਿਆਂ ਵਿੱਚ ਦਸ ਤੋਂ ਵੱਧ ਗੋਲੇ ਦਾਗੇ ਜਾਣ ਕਾਰਨ ਕਈ ਪਰਿਵਾਰਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਭੱਜਣਾ ਪਿਆ ਹੈ। ਤਾਲਿਬਾਨ ਨੇ ਪਾਕਿਸਤਾਨ 'ਤੇ ਦੋਸ਼ ਲਾਇਆ ਹੈ ਕਿ ਉਹ ਸਕੂਲਾਂ, ਮਸਜਿਦਾਂ ਅਤੇ ਬਾਜ਼ਾਰਾਂ ਵਰਗੇ ਜਨਤਕ ਸਥਾਨਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।

ਦੂਜੇ ਪਾਸੇ, ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲ੍ਹਾ ਤਰਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਕਾਰਵਾਈ ਦਾ ਮਕਸਦ ਸਿਰਫ਼ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਖ਼ਤਮ ਕਰਨਾ ਹੈ ਅਤੇ ਆਮ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਰਿਹਾ। ਹਾਲਾਂਕਿ, ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਪਾਕਿਸਤਾਨੀ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਪਾਕਿਸਤਾਨੀ ਹਮਲਿਆਂ ਵਿੱਚ ਹੁਣ ਤੱਕ ਘੱਟੋ-ਘੱਟ 56 ਅਫ਼ਗਾਨ ਨਾਗਰਿਕ ਮਾਰੇ ਜਾ ਚੁੱਕੇ ਹਨ।
 


author

Inder Prajapati

Content Editor

Related News