ਇਕ ਹੋਰ ਜੰਗ ਦੀ ਤਿਆਰੀ! ਪਾਕਿਸਤਾਨ ਨੇ ਕਰ ''ਤੀ AIRSTRIKE
Friday, Mar 13, 2026 - 12:50 PM (IST)
ਕਾਬੁਲ : ਏਸ਼ੀਆ ਦੇ ਨਕਸ਼ੇ 'ਤੇ ਇੱਕ ਨਵਾਂ ਜੰਗੀ ਮੈਦਾਨ ਤਿਆਰ ਹੁੰਦਾ ਨਜ਼ਰ ਆ ਰਿਹਾ ਹੈ। ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੀ ਖਿੱਚੋਤਾਣ ਹੁਣ ਖ਼ੂਨੀ ਟਕਰਾਅ ਵਿੱਚ ਬਦਲ ਗਈ ਹੈ। ਪਾਕਿਸਤਾਨੀ ਹਵਾਈ ਫੌਜ ਵੱਲੋਂ ਅਫਗਾਨਿਸਤਾਨ ਦੇ ਅੰਦਰ ਕੀਤੇ ਗਏ ਤਾਜ਼ਾ ਹਵਾਈ ਹਮਲਿਆਂ ਨੇ ਦੋਵਾਂ ਦੇਸ਼ਾਂ ਨੂੰ ਜੰਗ ਦੇ ਮੁਹਾਣੇ 'ਤੇ ਲਿਆ ਖੜ੍ਹਾ ਕੀਤਾ ਹੈ।
ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਅਨੁਸਾਰ, ਪਾਕਿਸਤਾਨੀ ਹਵਾਈ ਫੌਜ ਨੇ ਕੰਧਾਰ ਹਵਾਈ ਅੱਡੇ ਦੇ ਨੇੜੇ ਸਥਿਤ 'ਕਾਮ ਏਅਰ' (Kam Air) ਦੇ ਈਂਧਨ ਭੰਡਾਰਾਂ 'ਤੇ ਭਾਰੀ ਬੰਬਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਡਿਪੂ ਨਾ ਸਿਰਫ਼ ਘਰੇਲੂ ਜਹਾਜ਼ਾਂ ਨੂੰ ਸਗੋਂ ਸੰਯੁਕਤ ਰਾਸ਼ਟਰ (UN) ਦੇ ਰਾਹਤ ਜਹਾਜ਼ਾਂ ਨੂੰ ਵੀ ਤੇਲ ਸਪਲਾਈ ਕਰਦਾ ਸੀ। ਇਸ ਹਮਲੇ ਨਾਲ ਹਵਾਲੇ ਖੇਤਰ ਵਿੱਚ ਵੱਡਾ ਨੁਕਸਾਨ ਹੋਣ ਦੀ ਖ਼ਬਰ ਹੈ।
ਹਵਾਈ ਹਮਲਿਆਂ ਦੇ ਨਾਲ-ਨਾਲ ਡੂਰੰਡ ਰੇਖਾ 'ਤੇ ਪਾਕਿਸਤਾਨੀ ਫੌਜ ਵੱਲੋਂ ਕੀਤੀ ਗਈ ਗੋਲਾਬਾਰੀ ਨੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹੈ। ਖੋਸਤ ਸੂਬੇ ਦੇ ਅਲੀਸ਼ੇਰ-ਤੇਰੇਜ਼ਈ ਜ਼ਿਲ੍ਹੇ ਵਿੱਚ ਹੋਈ ਗੋਲਾਬਾਰੀ ਦੌਰਾਨ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਜ਼ਖਮੀ ਹਨ।
ਤਣਾਅ ਦਾ ਅਸਲ ਕਾਰਨ : TTP ਅਤੇ ਪੁਰਾਣੀ ਦੁਸ਼ਮਣੀ
2021 ਵਿੱਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪਾਕਿਸਤਾਨ ਲਗਾਤਾਰ ਦੋਸ਼ ਲਗਾ ਰਿਹਾ ਹੈ ਕਿ ਅਫਗਾਨਿਸਤਾਨ ਦੀ ਧਰਤੀ 'ਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਦੇ ਅੱਤਵਾਦੀਆਂ ਨੂੰ ਪਨਾਹ ਦਿੱਤੀ ਜਾ ਰਹੀ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਤਾਂ ਇਸ ਹਾਲਾਤ ਨੂੰ 'ਖੁੱਲ੍ਹੀ ਜੰਗ' ਦਾ ਨਾਮ ਦਿੱਤਾ ਹੈ। ਦੂਜੇ ਪਾਸੇ, ਅਫਗਾਨਿਸਤਾਨ ਵੀ ਪਿਛੇ ਹਟਣ ਨੂੰ ਤਿਆਰ ਨਹੀਂ ਹੈ ਅਤੇ ਉਨ੍ਹਾਂ ਦਾ ਦਾਅਵਾ ਹੈ ਕਿ ਫਰਵਰੀ ਵਿੱਚ ਹੋਈ ਝੜਪ ਦੌਰਾਨ ਉਨ੍ਹਾਂ ਨੇ 55 ਪਾਕਿਸਤਾਨੀ ਸੈਨਿਕਾਂ ਨੂੰ ਮਾਰ ਮੁਕਾਇਆ ਸੀ।
ਭਾਰਤ ਦਾ ਸਖ਼ਤ ਸਟੈਂਡ
ਭਾਰਤ ਨੇ ਅਫਗਾਨਿਸਤਾਨ ਦੀ ਪ੍ਰਭੂਸੱਤਾ 'ਤੇ ਹੋਏ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਨਵੀਂ ਦਿੱਲੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਖਾਸ ਕਰਕੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਬੇਗੁਨਾਹ ਔਰਤਾਂ ਅਤੇ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ ਬਹੁਤ ਹੀ ਮੰਦਭਾਗਾ ਹੈ। ਭਾਰਤ ਨੇ ਅਫਗਾਨਿਸਤਾਨ ਦੀ ਖੇਤਰੀ ਅਖੰਡਤਾ ਦਾ ਸਮਰਥਨ ਕਰਦਿਆਂ ਪਾਕਿਸਤਾਨ ਦੀ ਇਸ ਕਾਰਵਾਈ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ।
