ਈਰਾਨ ਸੰਕਟ ਕਾਰਨ ਪੈਟਰੋਲ ਪੰਪਾਂ 'ਤੇ ਮਚੀ ਹਾਹਾਕਾਰ, Pak 'ਚ ਗੋਲੀਬਾਰੀ ਦੌਰਾਨ ਇਕ ਦੀ ਮੌਤ
Sunday, Mar 08, 2026 - 07:22 PM (IST)
ਲਾਹੌਰ: ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਕਾਰਨ ਪਾਕਿਸਤਾਨ ਵਿੱਚ ਤੇਲ ਦੀ ਕਿੱਲਤ ਦੇ ਡਰੋਂ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਦੌਰਾਨ ਲਾਹੌਰ ਤੋਂ ਲਗਭਗ 100 ਕਿਲੋਮੀਟਰ ਦੂਰ ਸਿਆਲਕੋਟ ਦੇ ਦਸਕਾ ਰੋਡ 'ਤੇ ਇਕ ਪੈਟਰੋਲ ਪੰਪ 'ਤੇ ਖ਼ੂਨੀ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਤੇਲ ਭਰਵਾਉਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਗਾਹਕਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਪੰਪ ਦੇ ਇੱਕ ਕਰਮਚਾਰੀ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਕੀ ਹੈ ਪੂਰਾ ਮਾਮਲਾ?
ਪੁਲਸ ਅਧਿਕਾਰੀ ਦੋਸਤ ਮੁਹੰਮਦ ਅਨੁਸਾਰ ਇਹ ਘਟਨਾ ਸ਼ਨੀਵਾਰ ਨੂੰ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ-ਈਰਾਨ ਸੰਘਰਸ਼ ਕਾਰਨ ਹੋਰਮੁਜ਼ ਜਲਡਮਰੂਮੱਧ (Strait of Hormuz) ਦੇ ਬੰਦ ਹੋਣ ਦੇ ਖ਼ਦਸ਼ੇ ਕਾਰਨ ਲੋਕਾਂ ਵਿੱਚ ਤੇਲ ਸਪਲਾਈ ਨੂੰ ਲੈ ਕੇ ਭਾਰੀ ਚਿੰਤਾ ਪਾਈ ਜਾ ਰਹੀ ਹੈ, ਜਿਸ ਕਾਰਨ ਪੈਟਰੋਲ ਪੰਪਾਂ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ।
ਇਸੇ ਦੌਰਾਨ ਇਕ ਕਾਰ 'ਚ ਸਵਾਰ ਦੋ ਵਿਅਕਤੀ ਪੈਟਰੋਲ ਪੰਪ 'ਤੇ ਪਹੁੰਚੇ। ਆਪਣੀ ਗੱਡੀ ਵਿੱਚ ਤੇਲ ਭਰਵਾਉਣ ਤੋਂ ਬਾਅਦ ਉਨ੍ਹਾਂ ਨੇ ਕਰਮਚਾਰੀ ਨੂੰ ਆਪਣੇ ਨਾਲ ਲਿਆਂਦੇ ਦੋ ਡੱਬਿਆਂ (ਕੈਨਾਂ) ਵਿੱਚ ਵੀ ਪੈਟਰੋਲ ਭਰਨ ਲਈ ਕਿਹਾ। ਜਦੋਂ ਪੰਪ ਕਰਮਚਾਰੀ ਨੇ ਸਰਕਾਰੀ ਨੀਤੀ ਦਾ ਹਵਾਲਾ ਦਿੰਦੇ ਹੋਏ ਡੱਬਿਆਂ ਵਿੱਚ ਤੇਲ ਭਰਨ ਤੋਂ ਮਨ੍ਹਾ ਕਰ ਦਿੱਤਾ, ਤਾਂ ਕਾਰ ਸਵਾਰਾਂ ਦੀ ਕਰਮਚਾਰੀਆਂ ਨਾਲ ਤਿੱਖੀ ਬਹਿਸ ਹੋ ਗਈ। ਉਹ ਕਰਮਚਾਰੀਆਂ ਨੂੰ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੰਦੇ ਹੋਏ ਉੱਥੋਂ ਚਲੇ ਗਏ।
ਹਮਲਾਵਰਾਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ
ਪੁਲਸ ਨੇ ਦੱਸਿਆ ਕਿ ਲਗਭਗ ਇੱਕ ਘੰਟੇ ਬਾਅਦ ਉਹੀ ਵਿਅਕਤੀ ਹਥਿਆਰਾਂ ਨਾਲ ਵਾਪਸ ਆਏ ਅਤੇ ਪੈਟਰੋਲ ਪੰਪ ਦੇ ਕਰਮਚਾਰੀਆਂ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਕਰਮਚਾਰੀਆਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਵਿੱਚ ਤਿੰਨ ਕਰਮਚਾਰੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ 25 ਸਾਲਾ ਮੁਹੰਮਦ ਸਿਬਤੈਨ ਨੇ ਦਮ ਤੋੜ ਦਿੱਤਾ। ਬਾਕੀ ਦੋ ਕਰਮਚਾਰੀਆਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
