ਆਸਟ੍ਰੇਲੀਆ : 10 ਸਾਲ ਦੇ ਬੱਚੇ ਨੂੰ ਹੁੰਦੀ ਹੈ ਜੇਲ, ਚਰਚਾ ''ਚ ਆਇਆ ਵਿਰੋਧ ਕਰ ਰਿਹਾ 12 ਸਾਲਾ ਮੁੰਡਾ

08/24/2020 6:30:44 PM

ਮੈਲਬੌਰਨ (ਬਿਊਰੋ): ਆਸਟ੍ਰੇਲੀਆ ਵਿਚ 10 ਸਾਲ ਤੋਂ ਛੋਟੀ ਉਮਰ ਦੇ ਬੱਚੇ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਸ ਉਮਰ ਦੇ ਬੱਚੇ ਨੂੰ ਦੋਸ਼ੀ ਕਰਾਰ ਦਿੱਤਾ ਜਾ ਸਕਦਾ ਹੈ, ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ ਅਤੇ ਜੇਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਇੱਥੇ ਵਕੀਲਾਂ, ਡਾਕਟਰਾਂ ਅਤੇ ਆਦਿਵਾਸੀ ਅਧਿਕਾਰਾਂ ਦੇ ਕਾਰਕੁੰਨਾਂ ਦੇ ਗਠਜੋੜ ਦੀ ਅਗਵਾਈ ਵਿਚ ਇਕ ਅੰਦੋਲਨ ਆਸਟ੍ਰੇਲੀਆ ਵਿਚ ਅਪਰਾਧਿਕ ਜ਼ਿੰਮੇਵਾਰੀ ਦੀ ਉਮਰ 10 ਸਾਲ ਤੋਂ ਵਧਾ ਕੇ ਘੱਟੋ-ਘੱਟ 14 ਸਾਲ ਤੱਕ ਕਰਨ ਲਈ ਜ਼ੋਰ ਦੇ ਰਿਹਾ ਹੈ। 

ਦੁਜੁਆਨ ਹੂਜਨ ਨਾਮ ਦੇ 12 ਸਾਲ ਦੇ ਆਸਟ੍ਰੇਲੀਆਈ ਮੁੰਡੇ ਨੇ ਪਿਛਲੇ ਸਾਲ ਦੁਨੀਆ ਦਾ ਧਿਆਨ ਇਸ ਵੱਲ ਦਿਵਾਇਆ ਸੀ। ਉਸ ਨੇ ਕਿਹਾ ਸੀ,''ਮੈਂ ਚਾਹੁੰਦਾ ਹਾਂ ਕਿ ਬਾਲਗ ਲੋਕ 10 ਸਾਲ ਦੇ ਬੱਚਿਆਂ ਨੂੰ ਜੇਲ ਵਿਚ ਪਾਉਣਾ ਬੰਦ ਕਰ ਦੇਣ।'' ਇਸ ਆਦਿਵਾਸੀ ਮੁੰਡੇ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰੀਸ਼ਦ ਨੂੰ ਸੰਬੋਧਿਤ ਕਰਦਿਆਂ ਆਸਟ੍ਰੇਲੀਆਈ ਸਕੂਲ ਸਿਸਟਮ ਨੂੰ ਅਪਨਾਉਣ ਵਿਚ ਆਪਣੇ ਸੰਘਰਸ਼ਾਂ ਦਾ ਬਿਆਨ ਦਿੱਤਾ ਅਤੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਆਦਿਵਾਸੀਆਂ ਅਤੇ ਮੂਲ ਵਸਨੀਕਾਂ ਨਾਲ ਜੁੜੀ ਸਿੱਖਿਆ ਬੱਚਿਆਂ ਨੂੰ ਜੇਲ ਤੋਂ ਬਾਹਰ ਰੱਖਣ ਵਿਚ ਮਦਦ ਕਰ ਸਕਦੀ ਹੈ।

ਸਜ਼ਾ ਦੀ ਉਮਰ ਵਧਾਉਣ ਦਾ ਪ੍ਰਸਤਾਵ 2021 ਤੱਕ ਟਲਿਆ
ਪਿਛਲੇ ਮਹੀਨੇ ਦੇਸ਼ ਦੀ ਸੰਸਦ ਨੇ ਉਮਰ ਵਧਾਉਣ ਨਾਲ ਜੁੜੇ ਇਕ ਪ੍ਰਸਤਾਵ ਨੂੰ 2021 ਤੱਕ ਇਹ ਕਹਿੰਦੇ ਹੋਏ ਟਾਲ ਦਿੱਤਾ ਕਿ ਹਾਲੇ ਇਸ ਨੂੰ ਸਮਝਣ ਅਤੇ ਇਸ ਨਾਲ ਨਜਿੱਠਣ ਲਈ ਹੋਰ ਸਮਾਂ ਚਾਹੀਦਾ ਹੈ ਪਰ ਵੀਰਵਾਰ ਨੂੰ ਆਸਟ੍ਰੇਲੀਅਨ ਕੈਪੀਟਲ ਟੈਰਿਟਰੀ (ਏ.ਸੀ.ਟੀ.) ਨੇ ਉਮਰ ਵਧਾਉਣ ਦੇ ਲਈ ਵੋਟਿੰਗ ਕੀਤੀ ਸੀ। ਇਹ ਉਸ ਵਿਚਾਰ ਨੂੰ ਕਾਨੂੰਨੀ ਬਣਾਉਣ ਦੀ ਦਿਸ਼ਾ ਵਿਚ ਪਹਿਲਾ ਕਦਮ ਸੀ, ਜਿਸ ਨਾਲ ਇਸ ਦੇ ਸਮਰਥਕਾਂ ਵਿਚ ਇਕ ਆਸ ਬਣੀ ਹੈ।

ਇਹਨਾਂ ਦੇਸ਼ਾਂ ਵਿਚ ਹੈ ਘੱਟੋ-ਘੱਟ ਅਪਰਾਧਿਕ ਉਮਰ
ਦੁਨੀਆ ਭਰ ਵਿਚ ਘੱਟੋ-ਘੱਟ ਅਪਰਾਧਿਕ ਉਮਰ ਵੱਖ-ਵੱਖ ਹੈ।ਜ਼ਿਆਦਾਤਰ ਯੂਰਪੀ ਦੇਸ਼ਾਂ ਵਿਚ ਉਹ ਉਮਰ ਵੱਧ ਹੈ ਜਿਵੇਂ ਜਰਮਨੀ ਵਿਚ 14 ਸਾਲ ਦੀ ਉਮਰ ਵਿਚ ਅਪਰਾਧਿਕ ਜ਼ਿੰਮੇਵਾਰੀ ਤੈਅ ਕੀਤੀ ਜਾਂਦੀ ਹੈ। ਪੁਰਤਗਾਲ ਵਿਚ 16 ਸਾਲ ਅਤੇ ਲਕਜ਼ਮਬਰਗ ਵਿਚ 18 ਸਾਲ ਹੈ ਜਦਕਿ ਇੰਗਲੈਂਡ ਅਤੇ ਵੇਲਜ਼ ਵਿਚ ਵੀ ਘੱਟੋ-ਘੱਟ ਅਪਰਾਧਿਕ ਉਮਰ 10 ਸਾਲ ਹੈ। ਸਾਲ 2019 ਵਿਚ ਬਾਲ ਅਧਿਕਾਰਾਂ 'ਤੇ ਸੰਯੁਕਤ ਰਾਸ਼ਟਰ ਦੀ ਕਮੇਟੀ ਨੇ ਸਾਰੇ ਦੇਸ਼ਾਂ ਨੂੰ ਅਪਰਾਧਿਕ ਜ਼ਿੰਮੇਵਾਰੀ ਦੀ ਘੱਟੋ-ਘੱਟ ਉਮਰ 14 ਸਾਲ ਤੱਕ ਵਧਾਉਣ ਦੀ ਸਿਫਾਰਿਸ਼ ਕੀਤੀ ਸੀ।

ਆਦਿਵਾਸੀ ਬੱਚੇ ਸਭ ਤੋਂ ਵੱਧ ਪ੍ਰਭਾਵਿਤ
ਆਸਟ੍ਰੇਲੀਆਈ ਮੂਲ ਦੇ ਵਸਨੀਕਾਂ ਦੇ ਬੱਚੇ ਇਸ ਨਿਯਮ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਦੇ ਅੰਕੜਿਆਂ ਦੇ ਮੁਤਾਬਕ 2018-19 ਵਿਚ ਆਸਟ੍ਰੇਲੀਆ ਵਿਚ ਹਿਰਾਸਤ ਵਿਚ 10 ਤੋਂ 13 ਸਾਲ ਦੀ ਉਮਰ ਦੇ ਲੱਗਭਗ 600 ਬੱਚੇ ਸਨ ਅਤੇ ਉਹਨਾਂ ਵਿਚੋਂ 65 ਫੀਸਦੀ ਤੋਂ ਵਧੇਰੇ ਆਦਿਵਾਸੀ ਜਾਂ ਟੋਰੇਸ ਸਟ੍ਰੇਟ ਆਈਲੈਂਡਰ ਬੱਚੇ ਸਨ। ਹੈਰਾਨੀ ਦੀ ਗੱਲ ਹੈ ਕਿ ਆਸਟ੍ਰੇਲੀਆਈ ਮੂਲ ਦੇ ਵਸਨੀਕ ਆਸਟ੍ਰੇਲੀਆ ਦੀ ਕੁੱਲ ਆਬਾਦੀ ਦਾ ਸਿਰਫ 3 ਫੀਸਦੀ ਹਨ। ਸੈਟੇਂਸਿੰਗ ਐਡਵਾਇਜਰੀ ਕੌਂਸਲ ਆਫ ਵਿਕਟੋਰੀਆ ਦੇ ਇਸ ਸਾਲ ਪ੍ਰਕਾਸ਼ਿਤ ਇਕ ਹੋਰ ਵਿਸ਼ਲੇਸ਼ਣ ਤੋਂ ਇਹ ਪਤਾ ਚੱਲਿਆ ਹੈ ਕਿ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਬੱਚਿਆਂ ਨੂੰ ਹੋਰ ਬੱਚਿਆਂ ਦੀ ਤੁਲਨਾ ਵਿਚ 17 ਗੁਣਾ ਜ਼ਿਆਦਾ ਜੇਲ ਵਿਚ ਬੰਦ ਕੀਤਾ ਜਾਂਦਾ ਹੈ। ਉੱਤਰੀ ਖੇਤਰ ਵਿਚ ਇਹ ਦਰ 43 ਗੁਣਾ ਵੱਧ ਹੈ।

ਦੁਨੀਆ ਭਰ ਵਿਚ ਬਲੈਕ ਲਾਈਵਸ ਮੈਟਰ ਅੰਦਲੋਨ ਨੂੰ ਸਮਰਥਨ
ਪੂਰੀ ਦੁਨੀਆ ਵਿਚ ਬਲੈਕ ਲਾਈਵਸ ਮੈਟਰ ਅੰਦੋਲਨ ਨੂੰ ਸਮਰਥਨ ਮਿਲਿਆ। ਆਸਟ੍ਰੇਲੀਆ ਵਿਚ ਵੀ ਹਿਰਾਸਤ ਵਿਚ ਕਾਲੇ ਲੋਕਾਂ ਦੀ ਮੌਤ ਨੂੰ ਖਤਮ ਕਰਨ ਦੇ ਲਈ ਅਤੇ ਨਸਲੀ ਵਿਤਕਰੇ ਨੂੰ ਦੂਰ ਕਰਨ ਲਈ ਨਵੇਂ ਸਿਰੇ ਤੋਂ ਸੰਘਰਸ਼ ਸ਼ੁਰੂ ਹੋਏ ਹਨ। ਆਸਟ੍ਰੇਲੀਆ ਇੰਸਟੀਚਿਊਟ ਨਾਮ ਦੇ ਆਸਟ੍ਰੇਲੀਆ ਦੇ ਇਕ ਥਿੰਕ-ਟੈਂਕ ਅਤੇ ਚੇਂਜ ਦੀ ਰਿਕਾਰਡ ਨਾਮ ਦੇ ਇਕ ਆਦਿਵਾਸੀ-ਲੀਡਰਸ਼ਿਪ ਵਾਲੇ ਨਿਆਂ ਗਠਜੋੜ ਨੇ ਜੁਲਾਈ ਦੀ ਇਕ ਸੋਧ ਵਿਚ ਇਹ ਸੁਝਾਅ ਦਿੱਤਾ ਕਿ ਜ਼ਿਆਦਾਤਰ ਆਸਟ੍ਰੇਲੀਆਈ ਲੋਕਾਂ ਨੇ ਅਪਰਾਧਿਕ ਜ਼ਿੰਮੇਵਾਰੀ ਦੀ ਉਮਰ ਵਧਾ ਕੇ

14 ਸਾਲ ਜਾਂ ਉਸ ਤੋਂ ਵੱਧ ਕਰਨ ਦਾ ਸਮਰਥਨ ਕੀਤਾ ਹੈ।
ਕਾਨੂੰਨ ਨਾਲ ਜੁੜੇ ਸਮੂਹ ਲੰਬੇ ਸਮੇਂ ਤੋਂ ਕਹਿ ਰਹੇ ਹਨ ਕਿ ਬੱਚਿਆਂ ਨੂੰ ਜੇਲ ਵਿਚ ਬੰਦ ਕਰਨ ਨਾਲ ਅਪਰਾਧ ਘੱਟ ਨਹੀਂ ਹੁੰਦੇ ਅਤੇ ਘੱਟ ਉਮਰ ਦੇ ਬੱਚਿਆਂ ਨੂੰ ਅਪਰਾਧਿਕ ਨਿਆਂ ਪ੍ਰਣਾਲੀ ਵਿਚ ਖਿੱਚਣ ਨਾਲ ਇਸ ਗੱਲ ਦੀ ਸੰਭਾਵਨਾ ਜ਼ਿਆਦਾ ਬਣ ਜਾਂਦੀ ਹੈ ਕਿ ਉਹਨਾਂ ਦਾ ਭਵਿੱਖ ਸਲਾਖਾਂ ਦੇ ਪਿੱਛੇ ਹੀ ਬੀਤਣ ਵਾਲਾ ਹੈ।


Vandana

Content Editor

Related News