ਕੋਵਿਡ-19 : ਇਟਲੀ ਸਰਕਾਰ ਨੇ 55 ਅਰਬ ਯੂਰੋ ਦੇ ਆਰਥਿਕ ਪੈਕੇਜ ਦਾ ਪ੍ਰਸਤਾਵ ਕੀਤਾ ਪਾਸ

Thursday, May 14, 2020 - 07:29 AM (IST)

ਕੋਵਿਡ-19 : ਇਟਲੀ ਸਰਕਾਰ ਨੇ 55 ਅਰਬ ਯੂਰੋ ਦੇ ਆਰਥਿਕ ਪੈਕੇਜ ਦਾ ਪ੍ਰਸਤਾਵ ਕੀਤਾ ਪਾਸ

ਰੋਮ- ਇਟਲੀ ਸਰਕਾਰ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਬੁਰੀ ਤਰ੍ਹਾਂ ਲੜਖੜਾ ਰਹੀ ਅਰਥ ਵਿਵਸਥਾ ਨੂੰ ਵਾਪਸ ਪਟੜੀ 'ਤੇ ਲਿਆਉਣ ਲਈ 55 ਅਰਬ ਯੂਰੋ (59.6 ਅਰਬ ਡਾਲਰ) ਦੇ ਆਰਥਿਕ ਪੈਕਜ ਦਾ ਪ੍ਰਸਤਾਵ ਪਾਸ ਕੀਤਾ ਹੈ। ਪ੍ਰਧਾਨ ਮੰਤਰੀ ਗਿਊਸੇਪ ਕੌਂਤੇ ਦੇ ਮੰਤਰੀ ਮੰਡਲ ਨੇ ਵੀਰਵਾਰ ਨੂੰ ਇਹ ਪ੍ਰਸਤਾਵ ਪਾਸ ਕੀਤਾ। ਉਨ੍ਹਾਂ ਨੇ ਮੰਤਰੀ ਮੰਡਲ ਦੀ ਬੈਠਕ ਦੇ ਬਾਅਦ ਪੱਤਰਕਾਰ ਸੰਮੇਲਨ ਵਿਚ ਕਿਹਾ,ਇਹ ਵਿੱਤੀ ਪੈਕਜ ਦੋ ਬਜਟ ਘੋਸ਼ਣਾਵਾਂ ਦੇ ਬਰਾਬਰ ਹੈ। ਕੌਂਤੇ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਦੇਸ਼ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਲਾਉਂਦਾ ਹਾਂ ਕਿ ਹਰ ਸਮੇਂ ਸਾਡੇ ਲਈ ਇਹ ਚੁਣੌਤੀਪੂਰਣ ਸੀ ਕਿਉਂਕਿ ਅਸੀਂ ਜਲਦੀ ਤੋਂ ਜਲਦੀ ਕਾਰਵਾਈ ਕਰਨੀ ਸੀ। ਇਸ ਪੈਕੇਜ ਦੀ ਮੂਲ ਰੂਪ ਤੋਂ ਅਪ੍ਰੈਲ ਦੇ ਅੰਤ ਵਿਚ ਘੋਸ਼ਣਾ ਕੀਤੀ ਗਈ ਪਰ ਗਠਜੋੜ ਸਹਿਯੋਗੀਆਂ ਵਿਚ ਚੱਲ ਰਹੇ ਆਪਸੀ ਤਣਾਅ ਕਾਰਨ ਇਸ ਵਿਚ ਦੇਰੀ ਹੋਈ। 

ਡੈਮੋਕ੍ਰੇਟਿਕ ਪਾਰਟੀ ਅਤੇ ਫਾਈਵ ਸਟਾਰ ਮੂਵਮੈਂਟ ਗੈਰ-ਦਸਤਾਵੇਜੀ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਬਣ ਰਹੀਆਂ ਯੋਜਨਾਵਾਂ 'ਤੇ ਆਪਸ ਵਿਚ ਇਕਮਤ ਹੋਣ ਵਿਚ ਜੁਟੇ ਸਨ। ਇਟਲੀ ਦੇ ਵਿੱਤ ਮੰਤਰੀ ਰਾਬਰਟ ਗੁਆਲਤਿਏਰੀ ਨੇ ਦੱਸਿਆ ਕਿ ਇਸ ਆਰਥਿਕ ਪੈਕੇਜ ਵਿਚ ਸਭ ਤੋਂ ਜ਼ਿਕਰਯੋਗ ਕਦਮ ਨਿਯੋਜਤ ਮਜ਼ਦੂਰਾਂ ਦੇ ਭੁਗਤਾਨ ਲਈ 25.6 ਅਰਬ ਯੂਰੋ ਦੇਣ ਤੋਂ ਇਲਾਵਾ ਅਗਲੇ ਮਹੀਨਿਆਂ ਵਿਚ ਸਵੈ ਰੋਜ਼ਗਾਰ ਲਈ 600 ਤੋਂ 1000 ਯੂਰੋ ਤੱਕ ਦੇ ਵਿੱਤੀ ਬੋਨਸ ਦਾ ਨਵੀਨੀਕਰਣ ਕਰਨਾ ਹੈ।

ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਨਾਲ ਜੂਝ ਰਹੇ ਛੋਟੇ ਅਤੇ ਮੱਧ ਆਕਾਰ ਦੇ ਉਦਯੋਗਾਂ ਵਿਚ ਪੰਜ ਅਰਬ ਯੂਰੋ ਨੂੰ ਅਲਾਟ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੁਤਾਬਕ ਲਾਕਡਾਊਨ ਦੌਰਾਨ ਬੰਦ ਰਹਿਣ ਲਈ ਮਜਬੂਰ ਵਪਾਰੀਆਂ ਦੇ ਪਿਛਲੇ ਤਿੰਨ ਮਹੀਨਿਆਂ ਦੇ ਕਿਰਾਏ ਦਾ 60 ਫੀਸਦੀ ਭੁਗਤਾਨ ਸੂਬਾ ਸਰਕਾਰ ਕਰੇਗੀ। ਰਾਸ਼ਟਰੀ ਸਿਹਤ ਪ੍ਰਣਾਲੀ ਲਈ 3.25 ਅਰਬ ਯੂਰੋ ਅਲਾਟ ਕੀਤੇ ਗਏ। ਇਸ ਦੇ ਇਲਾਵਾ ਸਾਲ 2020-2021 ਵਿਚ ਪਬਲਿਕ ਸਕੂਲ ਸਿਸਟਮ ਲਈ1.4 ਅਰਬ ਯੂਰੋ ਅਲਾਟ ਕੀਤੇ ਗਏ ਹਨ, ਜਿਨ੍ਹਾਂ ਵਿਚ 16,000 ਨਵੇਂ ਅਧਿਆਪਕਾਂ ਦੀ ਨਿਯੁਕਤੀ ਕਰਨ ਦੀ ਯੋਜਨਾ ਹੈ। 1.4 ਅਰਬ ਯੂਰੋ ਜਨਤਕ ਯੂਨੀਵਰਸਿਟੀਆਂ ਅਤੇ ਖੋਜ ਕੇਂਦਰਾਂ ਲਈ ਅਲਾਟ ਕੀਤੇ ਗਏ ਹਨ ਜਿਸ ਵਿਚ 4 ਹਜ਼ਾਰ ਸੋਧਕਾਰਾਂ ਨੂੰ ਨਿਯੁਕਤ ਕਰਨ ਦੀ ਯੋਜਨਾ ਹੈ। ਸਾਲ 2020 ਵਿਚ ਯੂਰੋ ਸੱਭਿਆਚਾਰਕ ਉੱਦਮਾਂ ਲਈ ਇਕ ਐਮਰਜੈਂਸੀ ਫੰਡ ਸਥਾਪਤ ਕਰਨ ਲਈ ਲਗਭਗ 21,000 ਲੱਖ ਅਲਾਟ ਕੀਤਾ ਗਿਆ ਹੈ।


author

Lalita Mam

Content Editor

Related News