ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਕਾਰਗਾਰ ਸਾਬਤ ਹੋਈ ਨਵੀਂ ਦਵਾਈ ਆਰ. ਐੱਲ. ਐੱਫ.-100
Thursday, Aug 06, 2020 - 03:53 PM (IST)
ਹਿਊਸਟਨ- ਅਮਰੀਕਾ ਦੇ ਹਿਊਸਟਨ ਸ਼ਹਿਰ ਦੇ ਇਕ ਹਸਪਤਾਲ ਦੇ ਡਾਕਟਰਾਂ ਨੇ ਆਰ. ਐੱਲ. ਐੱਫ.-100 ਨਾਂ ਦੀ ਨਵੀਂ ਦਵਾਈ ਦੀ ਵਰਤੋਂ ਕੀਤੀ ਹੈ, ਜਿਸ ਨਾਲ ਗੰਭੀਰ ਰੂਪ ਨਾਲ ਬੀਮਾਰ ਕੋਰੋਨਾ ਦੇ ਉਹ ਮਰੀਜ਼ ਤੇਜ਼ੀ ਨਾਲ ਸਿਹਤਯਾਬ ਹੋਏ, ਜਿਨ੍ਹਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਦੀ ਸ਼ਿਕਾਇਤ ਸੀ। ਇਸ ਦਵਾ ਨੂੰ ਐਵਿਪਟਾਵਿਲ ਨਾਂ ਤੋਂ ਵੀ ਜਾਣਿਆ ਜਾਂਦਾ ਹੈ।
ਐੱਫ. ਡੀ. ਏ. ਨੇ ਐਮਰਜੈਂਸੀ ਸਥਿਤੀ ਵਿਚ ਵਰਤੋਂ ਲਈ ਇਸ ਦਵਾਈ ਦੀ ਮਨਜ਼ੂਰੀ ਦੇ ਦਿੱਤੀ ਹੈ। ਹਿਊਸਟਨ ਮੇਥਡਿਸਟ ਹਸਪਤਾਲ ਨੇ ਇਸ ਦਵਾ ਦੀ ਵਰਤੋਂ ਨਾਲ ਵੈਂਟੀਲੇਟਰ ਵਾਲੇ ਮਰੀਜ਼ਾਂ ਦੇ ਤੇਜ਼ੀ ਨਾਲ ਸਿਹਤਯਾਬ ਹੋਣ ਦੀ ਜਾਣਕਾਰੀ ਦਿੱਤੀ ਹੈ। ਨਿਊਰੋਐਕਸ ਤੇ ਰਿਲੀਫ ਥੈਰਾਪਿਊਟਿਕਸ ਨੇ ਮਿਲ ਕੇ ਇਸ ਦਵਾ ਨੂੰ ਵਿਕਸਿਤ ਕੀਤਾ ਹੈ। ਦਵਾਈ ਬਣਾਉਣ ਵਾਲੀ ਕੰਪਨੀ ਨਿਊਰੋਐਕਸ ਦੇ ਇਕ ਬਿਆਨ ਮੁਤਾਬਕ ਸੁਤੰਤਰ ਖੋਜਕਾਰਾਂ ਨੇ ਦੱਸਿਆ ਕਿ ਐਵਿਪਟਾਡਿਲ ਮਨੁੱਖੀ ਫੇਫੜਿਆਂ ਦੀਆਂ ਕੌਸ਼ਿਕਾਵਾਂ ਅਤੇ ਮੋਨੋਸਾਈਟਸ ਵਿਚ ਸਾਰਸ ਕੋਰੋਨਾ ਵਾਇਰਸ ਬਣਨ ਤੋਂ ਰੋਕਦਾ ਹੈ। ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਏ 54 ਸਾਲਾ ਵਿਅਕਤੀ ਗੰਭੀਰ ਰੂਪ ਨਾਲ ਬੀਮਾਰ ਸੀ ਪਰ ਇਸ ਦਵਾਈ ਦੀ ਵਰਤੋਂ ਨਾਲ 4 ਦਿਨ ਦੇ ਅੰਦਰ ਉਸ ਦੀ ਸਿਹਤ ਵਿਚ ਸੁਧਾਰ ਹੋਇਆ ਤੇ ਉਸ ਨੂੰ ਵੈਂਟੀਲੇਟਰ ਤੋਂ ਹਟਾਇਆ ਗਿਆ। ਇਸ ਦੇ ਇਲ਼ਾਵਾ 15 ਤੋਂ ਵਧੇਰੇ ਮਰੀਜ਼ਾਂ 'ਤੇ ਵੀ ਇਲਾਜ ਦੇ ਅਜਿਹੇ ਹੀ ਨਤੀਜੇ ਦੇਖੇ ਗਏ।