ਨਿਊਜ਼ੀਲੈਂਡ 'ਚ ਜਨਵਰੀ ਤੋਂ ਲੱਗੇਗੀ ਬੱਚਿਆਂ ਨੂੰ ਕੋਰੋਨਾ ਵੈਕਸੀਨ
Tuesday, Dec 21, 2021 - 12:50 PM (IST)
ਵੈਲਿੰਗਟਨ (ਯੂਐਨਆਈ): ਨਿਊਜ਼ੀਲੈਂਡ ਸਰਕਾਰ ਨੇ ਸੁਰੱਖਿਆ ਦੇ ਤਹਿਤ ਬੱਚਿਆਂ ਦੇ ਟੀਕਾਕਰਨ ਦੀ ਯੋਜਨਾ ਬਣਾਈ ਹੈ। ਇਸ ਦੇ ਤਹਿਤ ਸਰਕਾਰ ਨੇ ਪੰਜ ਤੋਂ 11 ਸਾਲ ਦੇ ਬੱਚਿਆਂ ਦੇ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਆਪਣੇ ਬੱਚਿਆਂ ਨੂੰ ਕੋਵਿਡ ਟੀਕਾ ਲਗਵਾ ਕੇ ਉਹਨਾਂ ਨੂੰ ਸੁਰੱਖਿਅਤ ਰੱਖਣ ਦੀ ਅਪੀਲ ਕੀਤੀ ਹੈ, ਜਿਸ ਦੀ ਸ਼ੁਰੂਆਤ ਅਗਲੇ ਸਾਲ ਜਨਵਰੀ ਦੇ ਅੱਧ ਤੋਂ ਹੋਵੇਗੀ। ਕੋਵਿਡ-19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਜ਼ ਨੇ ਕਿਹਾ ਕਿ ਕੈਬਨਿਟ ਨੇ ਪੰਜ ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨੂੰ ਟੀਕਾਕਰਨ ਕਰਨ ਲਈ ਮੇਡਸੇਫ ਦੀ ਮਨਜ਼ੂਰੀ ਪਿੱਛੇ ਤਕਨੀਕੀ ਸਲਾਹਕਾਰ ਸਮੂਹ ਦੀ ਸਲਾਹ ਨਾਲ ਸਹਿਮਤੀ ਪ੍ਰਗਟਾਈ ਹੈ।
ਹਿਪਕਿਨਜ਼ ਨੇ ਕਿਹਾ ਕਿ ਸਰਕਾਰ ਦਾ ਮੁੱਖ ਫੋਕਸ ਨਿਊਜ਼ੀਲੈਂਡ ਦੇ ਸਾਰੇ ਨਾਗਰਿਕਾਂ ਨੂੰ ਕੋਵਿਡ-19 ਮਹਾਮਾਰੀ ਤੋਂ ਸੁਰੱਖਿਅਤ ਰੱਖਣਾ ਹੈ। ਸਿਹਤ ਮੰਤਰਾਲੇ ਮੁਤਾਬਕ ਬੱਚਿਆਂ ਦਾ ਟੀਕਾਕਰਨ ਪ੍ਰੋਗਰਾਮ 17 ਜਨਵਰੀ 2022 ਤੋਂ ਸ਼ੁਰੂ ਕੀਤਾ ਜਾਵੇਗਾ। ਦੇਸ਼ ਭਰ ਵਿੱਚ ਪੰਜ ਤੋਂ 11 ਸਾਲ ਦੀ ਉਮਰ ਦੇ ਲਗਭਗ 476,000 ਬੱਚੇ ਹਨ। 17 ਜਨਵਰੀ ਨੂੰ ਬੱਚਿਆਂ ਨੂੰ ਪਹਿਲੀ ਖੁਰਾਕ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਦੂਸਰੀ ਖੁਰਾਕ ਅੱਠ ਹਫ਼ਤਿਆਂ ਦੇ ਅੰਤਰਾਲ ਬਾਅਦ ਦਿੱਤੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਅਤੇ ਆਸਟ੍ਰੇਲੀਆ 'ਚ ਓਮੀਕਰੋਨ ਦਾ ਕਹਿਰ, ਮਾਮਲਿਆਂ 'ਚ ਵਾਧਾ ਜਾਰੀ
ਨਿਊਜ਼ੀਲੈਂਡ ਸਰਕਾਰ ਨੇ ਜ਼ੋਰ ਦੇ ਕੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਟੀਕਾਕਰਨ ਕਰਨ ਦੀ ਸਲਾਹ ਦਿੱਤੀ ਹੈ। ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਕੋਰੋਨਾ ਦੇ ਪ੍ਰਸਾਰ ਵਿੱਚ 24 ਫੀਸਦੀ ਮਾਮਲਿਆਂ ਵਿਚ 11 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚੇ ਸੰਕਰਮਿਤ ਪਾਏ ਗਏ। ਸਰਕਾਰ ਆਪਣੀ ਪੂਰੀ ਕੋਸ਼ਿਸ਼ ਨਾਲ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਟੀਕਾਕਰਨ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ ਪਰ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਪੂਰੀ ਤਰ੍ਹਾਂ ਮਾਪਿਆਂ ਦੀ ਇੱਛਾ 'ਤੇ ਨਿਰਭਰ ਕਰਦਾ ਹੈ।