ਕੋਰੋਨਾ : ਮੌਤਾਂ ਨਾਲ ਜੂਝ ਰਿਹਾ ਸਪੇਨ, ਇਥੇ ਹੈ ''ਤਾਬੂਤਾਂ'' ਦਾ ਪਿੰਡ

04/17/2020 7:28:29 PM

ਮੈਡਰਿਡ (ਏਜੰਸੀ)- ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਦੀ ਰਫਤਾਰ ਨੂੰ ਜਿਵੇਂ ਬ੍ਰੇਕ ਜਿਹੀ ਲੱਗ ਗਈ ਹੈ ਪਰ ਸਪੇਨ ਦੇ ਇਕ ਛੋਟੇ  ਜਿਹੇ ਪਿੰਡ ਪਿਨੋਰ ਵਿਚ ਦਿਨ ਰਾਤ ਕੰਮ ਹੋ ਰਿਹਾ ਹੈ। ਕੋਰੋਨਾ ਵਾਇਰਸ ਦਾ ਕਹਿਰ ਜਿਵੇਂ-ਜਿਵੇਂ ਵੱਧ ਰਿਹਾ ਹੈ ਇਥੋਂ ਦੇ ਕਾਰਖਾਨਿਆਂ  ਵਿਚ ਮਜ਼ਦੂਰਾਂ ਦੇ ਹੱਥ ਦੁੱਗਣੀ ਤੇਜ਼ੀ ਨਾਲ ਚੱਲ ਰਹੇ ਹਨ ਕਿਉਂਕਿ ਇਹ ਕੋਰੋਨਾ ਦੀ ਲਪੇਟ ਵਿਚ ਆਏ ਲੋਕਾਂ ਲਈ ਤਾਬੂਤ ਬਣਾਉਣ  ਵਿਚ ਲੱਗੇ ਹੋਏ ਹਨ। ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਵਿਚੋਂ ਇਕ ਸਪੇਨ ਹੈ ਅਤੇ ਇਥੇ ਇਸ ਮਹਾਮਾਰੀ ਵਿਚ ਸਿਰਫ ਦੋ ਮਹੀਨੇ ਵਿਚ 19,315 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

PunjabKesari

ਪਿਨੋਰ ਉੱਤਰ-ਪੱਛਮੀ ਸਪੇਨ ਦੇ ਦੂਰ-ਦੁਰਾਡੇ ਵਾਲੇ ਹਿੱਸੇ ਵਿਚ ਇਕ ਹਜ਼ਾਰ ਦੀ ਆਬਾਦੀ ਵਾਲਾ ਛੋਟਾ ਜਿਹਾ ਪਿੰਡ ਹੈ। ਇਹ ਪਿੰਡ  ਤਾਬੂਤਾਂ ਲਈ ਮਸ਼ਹੂਰ ਹੈ। ਕੋਰੋਨਾ ਵਾਇਰਸ ਕਾਰਨ ਤਾਬੂਤਾਂ ਦੀ ਮੰਗ ਵੱਧ ਜਾਣ ਦਾ ਅਸਰ ਇਥੇ ਵੀ ਹੋਇਆ ਹੈ ਅਤੇ 9 ਕਾਰਖਾਨਿਆਂ  ਵਿਚੋਂ ਪਹਿਲੇ ਦੇ ਮੁਕਾਬਲੇ ਦੁੱਗਣੇ ਤਾਬੂਤ ਤਿਆਰ ਕੀਤੇ ਜਾ ਰਹੇ ਹਨ। ਅਜੇ ਤੱਕ ਇਸ ਪਿੰਡ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦਾ  ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਮੇਅਰ ਅਤੇ ਉਨ੍ਹਾਂ ਦੀ ਟੀਮ ਦੇ ਲੋਕਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ।

ਪਿੰਡ ਦੇ ਮੇਅਰ ਜੋਸ ਲੁਈਸ ਗੋਂਜਾਲੇਜ ਮੁਤਾਬਕ ਮਹਾਮਾਰੀ ਕਾਰਣ ਇਥੇ ਲੋਕਾਂ ਦਾ ਕੰਮ ਕਾਫੀ ਵੱਧ ਗਿਆ ਹੈ। ਲੁਈਸ ਨੇ ਕਿਹਾ ਕਿ  ਸੰਕਟ ਸ਼ੁਰੂ ਹੋਣ ਤੋਂ ਬਾਅਦ ਮੰਗ ਆਮ ਦਿਨਾਂ ਨਾਲੋਂ ਦੁੱਗਣੀ ਹੋ ਗਈ ਹੈ। ਮਜ਼ਦੂਰ ਇਕ ਦਿਨ ਵਿਚ ਤਕਰੀਬਨ 400 ਤਾਬੂਤ ਤਿਆਰ  ਕਰ ਰਹੇ ਹਨ, ਜਦੋਂ ਕਿ ਆਮ ਦਿਨਾਂ ਵਿਚ ਇਸ ਤੋਂ ਅੱਧੇ ਤਾਬੂਤ ਤਿਆਰ ਕੀਤੇ ਜਾਂਦੇ ਰਹੇ ਹਨ। ਮਹਾਮਾਰੀ ਕਾਰਣ ਵੱਡੀ ਗਿਣਤੀ ਵਿਚ  ਰੋਜ਼ਾਨਾ ਹੋਣ ਵਾਲੀਆਂ ਮੌਤਾਂ ਨਾਲ ਅੰਤਿਮ ਸੰਸਕਾਰ ਉਦਯੋਗ ਵੀ ਦਬਾਅ ਵਿਚ ਆ ਗਿਆ ਹੈ ਕਿਉਂਕਿ ਚੀਨ ਤੋਂ ਦਰਾਮਦ ਬੰਦ ਹੋ  ਗਈ ਹੈ।

PunjabKesari

ਉਨ੍ਹਾਂ ਨੇ ਕਿਹਾ ਕਿ ਪਿੰਡ ਵਿਚ ਪੂਰੇ ਸਪੇਨ ਤੋਂ ਆਰਡਰ ਆ ਰਹੇ ਹਨ ਅਤੇ ਕਾਮੇ ਜ਼ਿਆਦਾ ਸਮੇਂ ਤੱਕ ਕੰਮ ਕਰ ਰਹੇ ਹਨ। ਮੇਅਰ ਨੇ  ਦੱਸਿਆ ਕਿ ਹੁਣ ਅਸੀਂ ਜ਼ਿਆਦਾ ਘੰਟੇ ਕੰਮ ਕਰ ਰਹੇ ਹਾਂ ਅਤੇ ਤਾਬੂਤਾਂ ਨੂੰ ਬੇਹਦ ਮਾਮੂਲੀ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ  ਕਿਉਂਕਿ ਮੰਗ ਬਹੁਤ ਜ਼ਿਆਦਾ ਹੈ। ਤਾਬੂਤਾਂ 'ਤੇ ਪਹਿਲਾਂ ਵਾਂਗ ਸੰਗਮਰਮਰ ਜਾਂ ਕੱਚ ਦੀ ਕਲਾਕਾਰੀ ਕਰਨ ਲਈ ਸਮਾਂ ਹੀ ਨਹੀਂ ਬੱਚਦਾ। ਇਸੇ ਪਿੰਡ ਵਿਚ ਜ਼ਿਆਦਾ ਤਾਬੂਤ ਬਣਾਉਣ ਪਿੱਛੇ ਕੀ ਕਾਰਨ ਹੈ, ਬਾਰੇ ਗੋਂਜਾਲੇਜ਼ ਨੇ ਦੱਸਿਆ ਕਿ ਇਸ ਪਿੰਡ ਵਿਚ ਚੀੜ ਦੇ ਦਰੱਖਤਾਂ  ਦੀ ਭਰਮਾਰ ਹੈ, ਜਿਸ ਦੀ ਲੱਕੜ ਨਾਲ ਤਾਬੂਤ ਬਣਾਏ ਜਾਂਦੇ ਹਨ।

ਬੀਤੇ ਕੁਝ ਦਹਾਕਿਆਂ ਤੋਂ ਤਾਬੂਤ ਬਣਾਉਣ ਦੀ ਕਲਾਕਾਰੀ ਵਿਚ  ਬਹੁਤ ਹੀ ਬਦਲਾਅ ਆ ਚੁੱਕਾ ਹੈ। ਉਹ ਦੱਸਦੇ ਹਨ ਕਿ ਤਕਰੀਬਨ 25 ਸਾਲ ਪਹਿਲਾਂ ਤਾਬੂਤ ਲੰਬੇ ਡੱਬੇ ਵਰਗੇ ਬਣਾਏ ਜਾਂਦੇ ਸਨ ਅਤੇ  ਇਸ ਵਿਚ ਚੀੜ ਦੀ ਲਕੜੀ ਦੀ ਵਰਤੋਂ ਹੁੰਦੀ ਸੀ ਪਰ ਹੁਣ ਇਸ ਵਿਚ ਲੋਕ ਡਿਜ਼ਾਈਨ, ਕਲਾਕਾਰੀ ਦੀ ਮੰਗ ਕਰਦੇ ਹਨ ਅਤੇ ਚੀੜ ਦੀ  ਲਕੜੀ ਵਿਚ ਡਿਜ਼ਾਈਨ ਪਾਉਣਾ ਬਹੁਤ ਔਖਾ ਕੰਮ ਹੈ। ਇਸ ਲਈ ਹੁਣ ਵੱਖਰੇ ਤਰ੍ਹਾਂ ਦੀ ਲੱਕੜੀ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਪੇਪਰ  ਫਾਈਬਰ ਨਾਲ ਬਣੀ ਹੁੰਦੀ ਹੈ ਅਤੇ ਇਹ ਸੁੱਕਣ ਤੋਂ ਬਾਅਦ ਪੱਥਰ ਵਰਗੀ ਨਜ਼ਰ ਆਉਂਦੀ ਹੈ। ਇਸ ਨੂੰ ਆਇਵਰੀ ਕੋਸਟ ਤੋਂ  ਮੰਗਵਾਇਆ ਜਾਂਦਾ ਹੈ।


Sunny Mehra

Content Editor

Related News