ਪੰਜਾਬ ''ਚ ਧੁੰਦ ਨੇ ਢਾਹਿਆ ਕਹਿਰ! ਪਿਪਲੀ ਪਿੰਡ ਨੇੜੇ ਵਾਪਰ ਗਿਆ ਭਿਆਨਕ ਹਾਦਸਾ

Saturday, Dec 06, 2025 - 01:32 PM (IST)

ਪੰਜਾਬ ''ਚ ਧੁੰਦ ਨੇ ਢਾਹਿਆ ਕਹਿਰ! ਪਿਪਲੀ ਪਿੰਡ ਨੇੜੇ ਵਾਪਰ ਗਿਆ ਭਿਆਨਕ ਹਾਦਸਾ

ਫ਼ਰੀਦਕੋਟ (ਜਗਤਾਰ ਦੁਸਾਂਝ): ਫ਼ਰੀਦਕੋਟ ਵਿਚ ਅੱਜ ਦਿਨ ਚੜ੍ਹਦੇ ਹੀ ਧੁੰਦ ਦਾ ਕਹਿਰ ਵੇਖਣ ਨੂੰ ਮਿਲਿਆ, ਜਿਸ ਕਾਰਨ ਫ਼ਰੀਦਕੋਟ-ਫਿਰੋਜ਼ਪੁਰ ਰਾਜ ਮਾਰਗ 15 'ਤੇ ਪਿੰਡ ਪਿਪਲੀ ਦੇ ਕੋਲ ਇਕ ਬਾਸਮਤੀ ਦੀਆਂ ਬੋਰੀਆਂ ਨਾਲ ਭਰਿਆ ਟਰੱਕ ਮੋਟਰਸਾਈਕਲ ਨਾਲ ਟਕਰਾਅ ਕੇ ਬੇਕਾਬੂ ਹੋ ਨਹਿਰ ਦੇ ਪੁਲ ਤੇ ਪਲਟ ਗਿਆ। ਇਸ ਕਾਰਨ ਜਿੱਥੇ ਰਾਜ ਮਾਰਗ 15 ਪੂਰੀ ਤਰ੍ਹਾਂ ਬਲਾਕ ਹੋ ਗਿਆ, ਉੱਥੇ ਹੀ ਮੋਟਰਸਾਇਕਲ ਸਵਾਰ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਟਰੱਕ ਡਰਾਇਵਰ ਸਮੇਤ 3 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਫਰੀਦਕੋਟ ਦੇ ਜੀ.ਜੀ.ਐੱਸ. ਮੈਡੀਕਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

ਇਸ ਮੌਕੇ ਘਟਨਾ ਦਾ ਪਤਾ ਚਲਦੇ ਹੀ ਮੌਕੇ 'ਤੇ ਪਹੁੰਚੇ ਥਾਣਾ ਸਿਟੀ 2 ਦੇ ਮੁੱਖ ਅਫਸਰ ਸੁਖਦਰਸ਼ਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਫਿਰੋਜ਼ਪੁਰ ਰੋਡ 'ਤੇ ਐਕਸੀਡੈਂਟ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਮੌਕੇ 'ਤੇ ਆਏ ਤਾਂ ਪਤਾ ਚੱਲਿਆ ਕਿ ਇਕ ਟਰੱਕ ਜੋ ਬੋਰੀਆਂ ਦਾ ਲੱਦਿਆ ਹੋਇਆ ਸੀ, ਉਹ ਮੋਟਰਸਾਇਕਲ ਨਾਲ ਟਕਰਾਅ ਕੇ ਸੜਕ ਵਿਚਾਲੇ ਪਲਟ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਟਰੱਕ ਡਰਾਇਵਰ ਸਮੇਤ 3 ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਲੇ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ, ਜਿਸ ਦੀ ਲਾਸ਼ ਨੂੰ ਜੀ.ਜੀ.ਐੱਸ. ਮੈਡੀਕਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਰਾਹ ਖੁਲ੍ਹਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
 


author

Anmol Tagra

Content Editor

Related News