ਦੂਜਿਆਂ ਦੀ ਸਿਗਰਟਨੋਸ਼ੀ ਦਾ 76 ਕਰੋੜ ਬੱਚਿਆਂ ’ਤੇ ਬੁਰਾ ਅਸਰ, 17 ਲੱਖ ਲੋਕਾਂ ਦੀ ਗਈ ਜਾਨ
Thursday, Sep 10, 2026 - 02:39 AM (IST)
ਪੈਰਿਸ - ਸਿਗਰਟ ਪੀਣ ਵਾਲਾ ਇਕੱਲਾ ਵਿਅਕਤੀ ਹੀ ਇਸ ਦੇ ਜ਼ਹਿਰੀਲੇ ਧੂੰਏਂ ਦਾ ਸ਼ਿਕਾਰ ਨਹੀਂ ਹੁੰਦਾ, ਸਗੋਂ ਉਸ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਵੀ ਇਸ ਦੀ ਕੀਮਤ ਚੁਕਾ ਰਹੇ ਹਨ। ਖ਼ਾਸ ਕਰ ਕੇ ਬੱਚਿਆਂ ’ਤੇ ਪੈਸਿਵ ਸਮੋਕਿੰਗ ਦਾ ਗੰਭੀਰ ਅਸਰ ਪੈ ਰਿਹਾ ਹੈ। ਅਮਰੀਕਾ ਦੇ ਰਾਸ਼ਟਰੀ ਸਿਹਤ ਸੰਸਥਾਨ ਦੇ ਮਾਹਿਰਾਂ ਦੇ ਅਧਿਐਨ ਦੇ ਮੁਤਾਬਕ 2023 ਵਿਚ ਦੁਨੀਆ ਭਰ ’ਚ ਕਰੀਬ 2.7 ਅਰਬ ਲੋਕ ਦੂਜਿਆਂ ਦੀ ਸਿਗਰਟਨੋਸ਼ੀ ਦੇ ਧੂੰਏਂ ਦੇ ਸੰਪਰਕ ’ਚ ਆਏ।
ਇਸ ਕਾਰਨ ਕਰੀਬ 17 ਲੱਖ ਲੋਕਾਂ ਦੀ ਸਮੇਂ ਤੋਂ ਪਹਿਲਾਂ ਮੌਤ ਹੋਈ। ਮੈਡੀਕਲ ਜਰਨਲ ‘ਦਿ ਲੈਂਸੇਟ’ ’ਚ ਪ੍ਰਕਾਸ਼ਿਤ ਅਧਿਐਨ ਵਿਚ 1900 ਤੋਂ 2023 ਤੱਕ 204 ਦੇਸ਼ਾਂ ਅਤੇ ਖੇਤਰਾਂ ਵਿਚ ਪੈਸਿਵ ਸਮੋਕਿੰਗ ਦੇ ਅਸਰ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਦੇ ਅਨੁਸਾਰ, 2023 ਵਿਚ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ’ਚ 76.7 ਕਰੋੜ ਬੱਚੇ ਸਨ। ਇਨ੍ਹਾਂ ’ਚ 0 ਤੋਂ 14 ਸਾਲ ਤੱਕ ਦੇ ਬੱਚੇ ਸ਼ਾਮਲ ਹਨ। ਅਧਿਐਨ ਦੇ ਅਨੁਮਾਨ ਅਨੁਸਾਰ, ਇਸੇ ਸਾਲ ਬੱਚਿਆਂ ਵਿਚ ਸਿਗਰਟਨੋਸ਼ੀ ਦੇ ਧੂੰਏਂ ਦੇ ਸੰਪਰਕ ਨਾਲ ਸਾਹ ਨਾਲ ਜੁੜੀਆਂ ਕਰੀਬ 52 ਲੱਖ ਬੀਮਾਰੀਆਂ ਹੋਈਆਂ।
17 ਲੱਖ ਮੌਤਾਂ ਪਿੱਛੇ ਜ਼ਹਿਰੀਲਾ ਧੂੰਆਂ
ਅਧਿਐਨ ਵਿਚ ਦੱਸਿਆ ਗਿਆ ਕਿ 2023 ’ਚ ਪੈਸਿਵ ਸਮੋਕਿੰਗ ਕਾਰਨ ਕਰੀਬ 16.6 ਲੱਖ ਲੋਕਾਂ ਦੀ ਸਮੇਂ ਤੋਂ ਪਹਿਲਾਂ ਮੌਤ ਹੋਈ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਲੰਬੇ ਸਮੇਂ ਤੱਕ ਬੀਮਾਰੀਆਂ ਅਤੇ ਸਿਹਤ ਸਬੰਧੀ ਪ੍ਰੇਸ਼ਾਨੀਆਂ ਨਾਲ ਜੂਝਦੇ ਰਹੇ। ਇਸ ਦਾ ਸਭ ਤੋਂ ਵੱਡਾ ਅਸਰ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਰੂਪ ਵਿਚ ਸਾਹਮਣੇ ਆਇਆ।
ਭਾਰਤ ’ਚ 50 ਫੀਸਦੀ ਵਧੀਆਂ ਮੌਤਾਂ
ਭਾਰਤ ਵਿਚ ਵੀ ਸਥਿਤੀ ਹੈਰਾਨੀਜਨਕ ਹੈ। 1990 ਦੇ ਮੁਕਾਬਲੇ 2023 ਵਿਚ ਪੈਸਿਵ ਸਮੋਕਿੰਗ ਨਾਲ ਹੋਣ ਵਾਲੀਆਂ ਮੌਤਾਂ ਵਿਚ ਕਰੀਬ 50 ਫੀਸਦੀ ਵਾਧਾ ਹੋਇਆ। 1990 ਵਿਚ ਅਜਿਹੀਆਂ ਕਰੀਬ 2.17 ਲੱਖ ਮੌਤਾਂ ਹੋਈਆਂ ਸਨ, ਜੋ 2023 ਵਿਚ ਵੱਧ ਕੇ 3.25 ਲੱਖ ਹੋ ਗਈਆਂ। ਉੱਥੇ ਹੀ, ਪੈਸਿਵ ਸਮੋਕਿੰਗ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 44.4 ਕਰੋੜ ਹੋ ਗਈ।
ਔਰਤਾਂ ’ਤੇ ਪੈ ਰਿਹਾ ਅਸਰ
ਅਧਿਐਨ ਵਿਚ ਔਰਤਾਂ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਗਈ ਹੈ। ਖ਼ਾਸ ਕਰ ਕੇ ਉਨ੍ਹਾਂ ਖੇਤਰਾਂ ਵਿਚ, ਜਿੱਥੇ ਔਰਤਾਂ ਵਿਚ ਸਿਗਰਟਨੋਸ਼ੀ ਦੀ ਦਰ ਘੱਟ ਹੈ, ਉੱਥੇ ਵੀ ਉਹ ਘਰ ਜਾਂ ਆਲੇ-ਦੁਆਲੇ ਮੌਜੂਦ ਮਰਦਾਂ ਦੇ ਧੂੰਏਂ ਦੀ ਲਪੇਟ ਵਿਚ ਆ ਸਕਦੀਆਂ ਹਨ। ਭਾਵ ਖ਼ੁਦ ਸਿਗਰਟਨੋਸ਼ੀ ਨਾ ਕਰਨ ਦੇ ਬਾਵਜੂਦ ਔਰਤਾਂ ਨੂੰ ਇਸ ਦੇ ਸਿਹਤ ਸਬੰਧੀ ਨੁਕਸਾਨ ਝੱਲਣੇ ਪੈ ਰਹੇ ਹਨ।
ਸਿਗਰਟ ਦੇ ਧੂੰਏਂ ’ਚ ਕੈਂਸਰ ਵਾਲੇ ਪਦਾਰਥ
ਸਿਗਰਟ ਪੀਣ ਦੇ ਦੌਰਾਨ ਆਲੇ-ਦੁਆਲੇ ਮੌਜੂਦ ਲੋਕਾਂ ਨੂੰ ਮੁੱਖ ਰੂਪ ਵਿਚ 2 ਤਰ੍ਹਾਂ ਦੇ ਧੂੰਏਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਹਿਲਾ ਧੂੰਆਂ ਬਲਦੀ ਹੋਈ ਸਿਗਰਟ ਤੋਂ ਸਿੱਧਾ ਨਿਕਲਦਾ ਹੈ ਅਤੇ ਦੂਜਾ ਸਿਗਰਟਨੋਸ਼ੀ ਕਰਨ ਵਾਲਾ ਵਿਅਕਤੀ ਬਾਹਰ ਛੱਡਦਾ ਹੈ। ਦੋਵਾਂ ਵਿਚ ਜ਼ਹਿਰੀਲੇ ਅਤੇ ਕੈਂਸਰ ਪੈਦਾ ਕਰਨ ਵਾਲੇ ਪਦਾਰਥ ਮੌਜੂਦ ਹੁੰਦੇ ਹਨ।
ਅੰਕੜਿਆਂ ’ਚ ਪੈਸਿਵ ਸਮੋਕਿੰਗ ਦਾ ਖ਼ਤਰਾ
2023 ਵਿਚ ਪ੍ਰਭਾਵਿਤ ਲੋਕ- 2.7 ਅਰਬ
ਪੈਸਿਵ ਸਮੋਕਿੰਗ ਨਾਲ ਮੌਤਾਂ- 16.6 ਲੱਖ
ਪ੍ਰਭਾਵਿਤ ਬੱਚੇ- 76.7 ਕਰੋੜ
ਬੱਚਿਆਂ ਵਿਚ ਸਾਹ ਦੀਆਂ ਬੀਮਾਰੀਆਂ- 52 ਲੱਖ
ਭਾਰਤ ਵਿਚ ਪ੍ਰਭਾਵਿਤ ਲੋਕ- 44.4 ਕਰੋੜ
ਭਾਰਤ ਵਿਚ ਮੌਤਾਂ (1990)- 2.17 ਲੱਖ
ਭਾਰਤ ਵਿਚ ਮੌਤਾਂ (2023)- 3.25 ਲੱਖ
ਭਾਰਤ ਵਿਚ ਮੌਤਾਂ ’ਚ ਵਾਧਾ- 50 ਫੀਸਦੀ
ਸਿਗਰਟਨੋਸ਼ੀ ਕਰਨ ਵਾਲਿਆਂ ਦੀ ਗਿਣਤੀ ’ਚ ਕਮੀ, ਪਰ ਖ਼ਤਰਾ ਕਾਇਮ
ਦੁਨੀਆ ਭਰ ਵਿਚ 1990 ਤੋਂ ਬਾਅਦ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਗਿਣਤੀ ਵਿਚ ਕਮੀ ਆਈ ਹੈ, ਪਰ ਇਸ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਵਿਚ ਬਹੁਤ ਜ਼ਿਆਦਾ ਬਦਲਾਅ ਨਹੀਂ ਹੋਇਆ। ਦੁਨੀਆ ਵਿਚ ਕਰੀਬ 1.2 ਅਰਬ ਲੋਕ ਤੰਬਾਕੂ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਵਿਚ ਲੱਗਭਗ 1 ਅਰਬ ਪੁਰਸ਼ ਹਨ। ਹਾਲਾਂਕਿ ਤੰਬਾਕੂ ਵਰਤਣ ਵਾਲਿਆਂ ਅਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਗਿਣਤੀ ਵੱਖ-ਵੱਖ ਹੈ। ਅਧਿਐਨ ਦਾ ਸੁਨੇਹਾ ਸਾਫ਼ ਹੈ ਕਿ ਸਿਗਰਟਨੋਸ਼ੀ ਕਰਨ ਵਾਲਾ ਇਕ ਵਿਅਕਤੀ ਆਪਣੇ ਨਾਲ ਰਹਿਣ ਵਾਲੇ ਕਈ ਲੋਕਾਂ ਦੀ ਸਿਹਤ ਨੂੰ ਖ਼ਤਰੇ ਵਿਚ ਪਾ ਸਕਦਾ ਹੈ।
