ਇਜ਼ਰਾਈਲ ਨੇ ਲਿਬਨਾਨ ''ਤੇ ਕੀਤੀ ਏਅਰਸਟ੍ਰਾਈਕ ! ਔਰਤਾਂ ਸਣੇ ਘੱਟੋ-ਘੱਟ 9 ਲੋਕਾਂ ਦੀ ਮੌਤ
Tuesday, Sep 08, 2026 - 03:30 PM (IST)
ਇੰਟਰਨੈਸ਼ਨਲ ਡੈਸਕ- ਦੱਖਣੀ ਲਿਬਨਾਨ ਦੇ ਇਕ ਪਿੰਡ ’ਤੇ ਸੋਮਵਾਰ ਤੜਕੇ ਇਜ਼ਰਾਈਲ ਦੀ ਹਵਾਈ ਫੌਜ ਵੱਲੋਂ ਕੀਤੇ ਗਏ ਹਵਾਈ ਹਮਲੇ ’ਚ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ। ਲਿਬਨਾਨ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।
ਸੋਮਵਾਰ ਦੇ ਇਹ ਹਮਲੇ ਦੋ ਮਹੀਨਿਆਂ ਤੋਂ ਵੀ ਵੱਧ ਸਮਾਂ ਪਹਿਲਾਂ ਹੋਈ ਜੰਗਬੰਦੀ ਦੇ ਬਾਵਜੂਦ ਇਜ਼ਰਾਈਲ ਅਤੇ ਅੱਤਵਾਦੀ ਸੰਗਠਨ ਹਿਜ਼ਬੁੱਲਾ ’ਚ ਮੁੜ ਵਧਦੇ ਤਣਾਅ ਦੌਰਾਨ ਹੋਏ ਹਨ। ਕੁਝ ਦਿਨ ਪਹਿਲਾਂ ਇਜ਼ਰਾਈਲ ਦੀ ਫੌਜ ਨੇ ਦਾਅਵਾ ਕੀਤਾ ਸੀ ਕਿ ਉਸ ਦਾ ਰਣਨੀਤਕ ਤੌਰ ’ਤੇ ਮਹੱਤਵਪੂਰਨ ਅਲੀ ਤਾਹੇਰ ਪਹਾੜੀ ’ਤੇ ‘ਕਬਜ਼ਾ’ ਹੈ।
ਇਹ ਪਹਾੜੀ ਕਈ ਪਿੰਡਾਂ ਦੇ ਨਾਲ-ਨਾਲ ਨਬਾਤੀਹ ਸ਼ਹਿਰ ਵੱਲ ਜਾਣ ਵਾਲੀਆਂ ਮੁੱਖ ਸੜਕਾਂ ’ਤੇ ਨਜ਼ਰ ਰੱਖਣ ਲਈ ਰਣਨੀਤਕ ਤੌਰ ’ਤੇ ਮਹੱਤਵਪੂਰਨ ਹੈ। ਲਿਬਨਾਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਨ੍ਹਾਂ ’ਚੋਂ ਇਕ ਹਮਲਾ ਇਕ ਇਮਾਰਤ ’ਤੇ ਹੋਇਆ, ਜਿਸ ਵਿਚ ਇਕ ਬੱਚੇ ਅਤੇ ਦੋ ਔਰਤਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ।
ਮੰਤਰਾਲੇ ਨੇ ਅੱਗੇ ਦੱਸਿਆ ਕਿ ਹਮਲੇ ’ਚ 4 ਬੱਚਿਆਂ ਅਤੇ 2 ਔਰਤਾਂ ਸਮੇਤ 11 ਲੋਕ ਜ਼ਖ਼ਮੀ ਵੀ ਹੋਏ ਹਨ। ਮੰਤਰਾਲੇ ਨੇ ਇਹ ਵੀ ਕਿਹਾ ਕਿ ਪਿੰਡ ’ਚ ਇਕ ਕਾਰ ’ਤੇ ਹੋਏ ਦੂਜੇ ਹਵਾਈ ਹਮਲੇ ਵਿਚ ‘ਲਿਬਨਾਨੀ ਇਸਲਾਮਿਕ ਰਿਸਾਲਾ ਸਕਾਊਟ ਐਸੋਸੀਏਸ਼ਨ’ ਦੇ ਇਕ ਸਿਹਤ ਕਰਮਚਾਰੀ ਦੀ ਮੌਤ ਹੋ ਗਈ ਅਤੇ 2 ਹੋਰ ਲੋਕ ਜ਼ਖ਼ਮੀ ਹੋ ਗਏ।
