ਨਕਾਬਪੋਸ਼ ਲੋਕਾਂ ਨੇ ਬ੍ਰਿਟੇਨ ਦੀ ‘ਡੋਵਰ’ ਬੰਦਰਗਾਹ ’ਤੇ ਰੋਕੀ ਆਵਾਜਾਈ

Sunday, Sep 06, 2026 - 02:50 AM (IST)

ਨਕਾਬਪੋਸ਼ ਲੋਕਾਂ ਨੇ ਬ੍ਰਿਟੇਨ ਦੀ ‘ਡੋਵਰ’ ਬੰਦਰਗਾਹ ’ਤੇ ਰੋਕੀ ਆਵਾਜਾਈ

ਲੰਡਨ - ਬ੍ਰਿਟੇਨ ਦੀ ਸਭ ਤੋਂ ਰੁਝੇਵੇਂ ਵਾਲੀ ਬੰਦਰਗਾਹ ਦੇ ਨੇੜੇ ਦੀ ਸੜਕ ਨੂੰ ਸ਼ਨੀਵਾਰ ਨੂੰ ਨਕਾਬਪੋਸ਼ ਲੋਕਾਂ ਦੇ ਇਕ ਸਮੂਹ ਨੇ ਰੋਕ ਦਿੱਤਾ। ਇਹ ਪ੍ਰਦਰਸ਼ਨ ਕਥਿਤ ਤੌਰ ’ਤੇ ਪ੍ਰਵਾਸੀਆਂ ਦੇ ਵਿਰੋਧ ’ਚ ਕੀਤਾ ਗਿਆ।

ਪ੍ਰਸ਼ਾਸਨ ਨੇ ਦੱਸਿਆ ਕਿ ‘ਜਨਤਕ ਵਿਵਸਥਾ ਨਾਲ ਜੁੜੀ ਘਟਨਾ’ ਕਾਰਨ ਬੰਦਰਗਾਹ ਤੋਂ ਆਉਣ-ਜਾਣ ਵਾਲੀ ਸਾਰੀ ਆਵਾਜਾਈ ਰੋਕ ਦਿੱਤੀ ਗਈ ਹੈ। ਪੁਲਸ ਨੇ ਕਿਹਾ ਕਿ ਉਹ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰ ਰਹੀ ਹੈ। ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਵੀਡੀਓ ’ਚ ਨਜ਼ਰ ਆ ਰਿਹਾ ਹੈ ਕਿ ਕਾਲੇ ਕੱਪੜੇ ਪਹਿਨੇ ਅਤੇ ਚਿਹਰੇ ਢਕੀ ਕਈ ਦਰਜ਼ਨ ਲੋਕ ਬੰਦਰਗਾਹ ਦੇ ਕੋਲ ਇਕ ਮੁੱਖ ਸੜਕ ’ਤੇ ਖੜ੍ਹੇ ਹੋ ਕੇ ਉਸ ਨੂੰ ਰੋਕ ਰਹੇ ਸਨ। ਇਕ ਕਲਿੱਪ ’ਚ ਪ੍ਰਦਰਸ਼ਨਕਾਰੀਆਂ ਨੂੰ ਮੁੱਖ ਸੜਕ ’ਤੇ ਇਕ-ਦੂਜੇ ਦਾ ਹੱਥ ਫੜੀ ਅਤੇ ‘ਕਿਸ਼ਤੀਆਂ ਨੂੰ ਰੋਕੋ’ ਦੇ ਨਾਅਰੇ ਲਾਉਂਦੇ ਹੋਏ ਦੇਖਿਆ ਗਿਆ।

ਕੰਜ਼ਰਵੇਟਿਵ ਪਾਰਟੀ ਦੇ ਸਥਾਨਕ ਕੌਂਸਲਰ ਕ੍ਰਿਸ ਵਿਨਸਨ ਨੇ ਕਿਹਾ ਕਿ ਇਹ ਪ੍ਰਦਰਸ਼ਨ ‘ਗੈਰ-ਕਾਨੂੰਨੀ ਪ੍ਰਵਾਸ ਨਾਲ ਜੁੜਿਆ ਹੋਇਆ’ ਜਾਪਦਾ ਹੈ। ਰਾਸ਼ਟਰੀ ਰਾਜਮਾਰਗ ਏਜੰਸੀ ਨੇ ਦੱਸਿਆ ਕਿ ਪ੍ਰਦਰਸ਼ਨ ਕਾਰਨ ਸ਼ਨੀਵਾਰ ਸਵੇਰੇ 6.4 ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਬਾਅਦ ’ਚ ਬੰਦਰਗਾਹ ਵੱਲ ਜਾਣ ਵਾਲੀ ਇਕ ਸੜਕ ਨੂੰ ਮੁੜ ਤੋਂ ਖੋਲ੍ਹ ਦਿੱਤਾ ਗਿਆ ਸੀ।
 


author

Inder Prajapati

Content Editor

Related News