ਨਸ਼ੇ 'ਚ ਟੱਲੀ ਸਾਬਕਾ ਲੈਕਚਰਾਰ ਨੇ ਲਈ ਪੰਜਾਬੀ ਜੋੜੇ ਦੀ ਜਾਨ, ਦੋਸ਼ ਕੀਤਾ ਸਵੀਕਾਰ

Friday, Sep 04, 2026 - 01:35 PM (IST)

ਨਸ਼ੇ 'ਚ ਟੱਲੀ ਸਾਬਕਾ ਲੈਕਚਰਾਰ ਨੇ ਲਈ ਪੰਜਾਬੀ ਜੋੜੇ ਦੀ ਜਾਨ, ਦੋਸ਼ ਕੀਤਾ ਸਵੀਕਾਰ

ਇੰਟਰਨੈਸ਼ਨਲ ਡੈਸਕ- ਯੂਕੇ ਵਿਚ ਸਾਬਕਾ ਬ੍ਰਿਟਿਸ਼ ਮਹਿਲਾ ਲੈਕਚਰਾਰ ਨੇ ਐਡਿਨਬਰਗ ਦੀ ਹਾਈ ਕੋਰਟ ਵਿੱਚ ਆਪਣੀ ਲਾਪਰਵਾਹੀ ਕਾਰਨ ਹੋਈਆਂ ਮੌਤਾਂ ਦਾ ਗੁਨਾਹ ਕਬੂਲ ਕਰ ਲਿਆ ਹੈ। ਇੱਥੇ ਦੱਸ ਦਈਏ ਕਿ ਸਕਾਟਲੈਂਡ ਵਿਚ ਬ੍ਰਿਟਿਸ਼ ਕਾਲਜ ਦੀ ਸਾਬਕਾ ਮਹਿਲਾ ਲੈਕਚਰਾਰ ਨੇ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਹੋ ਕੇ ਲਾਪਰਵਾਹੀ ਨਾਲ ਗੱਡੀ ਚਲਾਉਂਦਿਆਂ ਪੰਜਾਬੀ ਜੋੜੇ ਦੀ ਜਾਨ ਲੈ ਲਈ ਸੀ। ਇਸ ਭਿਆਨਕ ਹਾਦਸੇ ਵਿੱਚ ਪੰਜਾਬੀ ਜੋੜੇ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 64 ਸਾਲਾ ਸਤਵੰਤ ਸਿੰਘ ਅਤੇ ਉਨ੍ਹਾਂ ਦੀ 48 ਸਾਲਾ ਪਤਨੀ ਜਤਿੰਦਰ ਕੌਰ ਵਜੋਂ ਹੋਈ ਹੈ। ਇਹ ਭਿਆਨਕ ਹਾਦਸਾ ਪਿਛਲੇ ਸਾਲ 19 ਦਸੰਬਰ ਨੂੰ ਫਾਈਫ ਦੇ ਕਲੂਨੀ ਵਿਖੇ ਬੀ-981 (B981) ਸੜਕ 'ਤੇ ਵਾਪਰਿਆ ਸੀ।

ਜਤਿੰਦਰ ਕੌਰ ਖੁਦ ਵੋਲਕਸਵੈਗਨ ਪੋਲੋ ਚਲਾ ਰਹੀ ਸੀ, ਜਿਸ ਦੀ ਹਾਦਸੇ ਵਾਲੀ ਥਾਂ 'ਤੇ ਹੀ ਮੌਤ ਹੋ ਗਈ, ਜਦੋਂ ਕਿ ਸਤਵੰਤ ਸਿੰਘ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦੋ ਦਿਨਾਂ ਬਾਅਦ ਦਮ ਤੋੜ ਦਿੱਤਾ। ਇਹ ਪੰਜਾਬੀ ਜੋੜਾ ਕਿਰਕਕਾਲਡੀ  ਸ਼ਹਿਰ ਵਿੱਚ 'ਕੀਸਟੋਰ' ਨਾਮ ਦੀ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਹਾਦਸੇ ਦੇ ਸਮੇਂ ਗੱਡੀ ਵਿੱਚ ਇਸ ਜੋੜੇ ਦੇ ਨਾਲ ਉਨ੍ਹਾਂ ਦਾ 10 ਸਾਲਾ ਪੁੱਤਰ ਅਤੇ 19 ਸਾਲਾ ਧੀ ਪਰਵੀਤ ਵੀ ਸਵਾਰ ਸਨ। ਉਨ੍ਹਾਂ ਦਾ ਮਾਸੂਮ ਪੁੱਤਰ ਪਿਛਲੀ ਸੀਟ 'ਤੇ ਆਪਣੇ ਪਿਤਾ ਦੇ ਨਾਲ ਸੁੱਤਾ ਹੋਇਆ ਸੀ, ਜਿਸ ਨੂੰ ਇਸ ਹਾਦਸੇ ਵਿੱਚ ਗੰਭੀਰ ਸੱਟਾਂ ਲੱਗੀਆਂ, ਜਦੋਂ ਕਿ ਧੀ ਨੂੰ ਮਾਮੂਲੀ ਸੱਟਾਂ ਲੱਗੀਆਂ।

ਪੜ੍ਹੋ ਇਹ ਅਹਿਮ ਖ਼ਬਰ-   ਕੈਨੇਡਾ 'ਚ ਪੰਜਾਬੀ ਮੂਲ ਦਾ ਪੁਲਸ ਅਫਸਰ ਕਾਲ ਦੋਸਾਂਝ ਹੋਇਆ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

ਮੁਲਜ਼ਮ ਮਹਿਲਾ ਦੀ ਪਛਾਣ 33 ਸਾਲਾ ਸੋਫੀ ਹਾਇੰਡ ਵਜੋਂ ਹੋਈ ਹੈ, ਜੋ ਪਹਿਲਾਂ ਫਾਈਫ ਕਾਲਜ ਵਿੱਚ ਕੰਪਿਊਟਰ ਐਨੀਮੇਸ਼ਨ ਪੜ੍ਹਾਉਂਦੀ ਸੀ। ਹਾਦਸੇ ਵਾਲੇ ਦਿਨ ਕਾਲਜ ਦੇ ਆਖਰੀ ਦਿਨ ਕ੍ਰਿਸਮਸ ਲੰਚ ਅਤੇ ਪਾਰਟੀ ਦੌਰਾਨ ਸੋਫੀ ਨੇ ਭਾਰੀ ਮਾਤਰਾ ਵਿੱਚ ਸਾਈਡਰ, ਪ੍ਰੋਸੇਕੋ, ਸਪ੍ਰਿਟਜ਼ ਅਤੇ ਸੰਭਾਵਤ ਤੌਰ 'ਤੇ ਗਿਨੀਜ਼ ਸ਼ਾਟ ਪੀਤੀ ਹੋਈ ਸੀ। ਰਾਤ ਲਗਭਗ 10:30 ਵਜੇ ਉਹ ਨਸ਼ੇ ਵਿੱਚ ਟੱਲੀ ਹੋ ਕੇ ਆਪਣੀ ਨਿਸਾਨ ਕਾਸ਼ਕਾਈ ਗੱਡੀ ਚਲਾ ਕੇ ਘਰ ਲਈ ਨਿਕਲੀ। ਉਸਦੇ ਸਹਿਕਰਮੀਆਂ ਨੇ ਉਸ ਨੂੰ ਬਹੁਤ ਜ਼ਿਆਦਾ ਨਸ਼ੇ ਵਿੱਚ ਦੇਖਿਆ ਸੀ।

ਸੜਕ 'ਤੇ ਮੌਜੂਦ ਹੋਰਨਾਂ ਡਰਾਈਵਰਾਂ ਅਨੁਸਾਰ ਸੋਫੀ ਦੀ ਕਾਰ ਲਗਾਤਾਰ ਲਹਿਰਾ ਰਹੀ ਸੀ ਅਤੇ ਦੂਜੀ ਲੇਨ ਵਿੱਚ ਵੜ ਰਹੀ ਸੀ, ਜਿਸ ਤੋਂ ਬਾਅਦ ਉਸਨੇ ਪੰਜਾਬੀ ਜੋੜੇ ਦੀ ਗੱਡੀ ਨੂੰ ਸਿੱਧੀ ਭਿਆਨਕ ਟੱਕਰ ਮਾਰ ਦਿੱਤੀ। ਜਦੋਂ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲਿਆ, ਤਾਂ ਉਸ ਤੋਂ ਸ਼ਰਾਬ ਦੀ ਭਾਰੀ ਬਦਬੂ ਆ ਰਹੀ ਸੀ ਅਤੇ ਉਸ ਨੂੰ ਇਹ ਵੀ ਅਹਿਸਾਸ ਨਹੀਂ ਸੀ ਕਿ ਉਹ ਇੰਨੇ ਵੱਡੇ ਹਾਦਸੇ ਦਾ ਹਿੱਸਾ ਬਣੀ ਹੈ। ਇਸ ਹਾਦਸੇ ਤੋਂ ਬਾਅਦ ਉਸ ਦੀ ਨੌਕਰੀ ਚਲੀ ਗਈ ਸੀ ਅਤੇ ਮਈ ਵਿੱਚ ਉਸ 'ਤੇ ਦੋਸ਼ ਆਇਦ ਕੀਤੇ ਗਏ ਸਨ। ਅਦਾਲਤ ਵਿੱਚ ਜੱਜ ਮਾਈਕਲ ਓ'ਗ੍ਰੇਡੀ ਕੇਸੀ ਨੇ ਇਸ ਅਪਰਾਧ ਨੂੰ ਬੇਹੱਦ ਗੰਭੀਰ ਦੱਸਿਆ।। ਸੋਫੀ ਦੇ ਵਕੀਲ ਨੇ ਦੱਸਿਆ ਕਿ ਉਹ ਆਪਣੇ ਕੀਤੇ 'ਤੇ ਬੇਹੱਦ ਪਛਤਾਵਾ ਕਰ ਰਹੀ ਹੈ। ਅਦਾਲਤ ਨੇ ਮੁਲਜ਼ਮ ਸੋਫੀ ਹਾਇੰਡ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਅਕਤੂਬਰ ਵਿੱਚ ਹੋਵੇਗੀ। ਦੂਜੇ ਪਾਸੇ ਮ੍ਰਿਤਕ ਜੋੜੇ ਦੇ ਬੱਚਿਆਂ ਨੇ ਬੇਹੱਦ ਭਾਵੁਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਇਸ ਅਸਹਿ ਦੁੱਖ ਨੂੰ ਸਵੀਕਾਰ ਕਰਨਾ ਬੇਹੱਦ ਮੁਸ਼ਕਿਲ ਹੈ ਅਤੇ ਉਹ ਆਪਣੀ ਜ਼ਿੰਦਗੀ ਦੇ ਅਹਿਮ ਮੌਕਿਆਂ 'ਤੇ ਆਪਣੇ ਮਾਤਾ-ਪਿਤਾ ਦੀ ਕਮੀ ਨੂੰ ਹਮੇਸ਼ਾ ਮਹਿਸੂਸ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News