ਚੀਨੀ ਡਿਪਲੋਮੈਟਾਂ ਦੀ ਸ਼ਰਮਨਾਕ ਹਰਕਤ, ਤਾਇਵਾਨੀ ਅਧਿਕਾਰੀ ''ਤੇ ਕੀਤਾ ਜਾਨਲੇਵਾ ਹਮਲਾ

Monday, Oct 19, 2020 - 02:15 PM (IST)

ਸੂਵਾ (ਬਿਊਰੋ): ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਆਲੋਚਨਾ ਕਾਰਨ ਚੀਨ ਬੌਖਲਾਇਆ ਹੋਇਆ ਹੈ। ਇਸ ਬੌਖਲਾਹਟ ਵਿਚ ਚੀਨ ਅਣਉਚਿਤ ਕਦਮ ਵੀ ਚੁੱਕ ਰਿਹਾ ਹੈ। ਚੀਨ ਦੇ ਡਿਪਲੋਮੈਟਾਂ ਵੱਲੋਂ ਹੁਣ ਫਿਜੀ ਵਿਚ ਤਾਇਵਾਨੀ ਅਧਿਕਾਰੀ 'ਤੇ ਜਾਨਲੇਵਾ ਹਮਲਾ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਪ੍ਰਸ਼ਾਂਤ ਮਹਾਸਾਗਰੀ ਦੇਸ਼ ਫਿਜੀ ਵਿਚ ਚੀਨੀ ਦੂਤਾਵਾਸ ਦੇ ਅਧਿਕਾਰੀਆਂ ਨੇ ਸਾਰੇ ਡਿਪਲੋਮੈਟਿਕ ਨਿਯਮ ਤੋੜਦੇ ਹੋਏ ਤਾਇਵਾਨ ਦੇ ਇਕ ਅਧਿਕਾਰੀ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਤਾਇਵਾਨੀ ਅਧਿਕਾਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਰਾਇਟਰਜ਼ ਦੀ ਰਿਪੋਰਟ ਦੇ ਮੁਤਾਬਕ, ਤਾਇਵਾਨ ਦੇ ਅਧਿਕਾਰੀ ਦੇ ਸਿਰ ਵਿਚ ਸੱਟ ਲੱਗੀ ਹੈ। ਇਸ ਘਟਨਾ ਦੇ ਬਾਅਦ ਹੁਣ ਚੀਨ ਅਤੇ ਤਾਇਵਾਨ ਵਿਚ ਤਣਾਅ ਪ੍ਰਸ਼ਾਂਤ ਮਹਾਸਾਗਰੀ ਦੇਸ਼ ਫਿਜੀ ਤੱਕ ਪਹੁੰਚ ਗਿਆ ਹੈ। ਫਿਜੀ ਵਿਚ ਦੋਵੇਂ ਦੇਸ਼ ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਚੀਨੀ ਅਧਿਕਾਰੀਆਂ ਦੇ ਹਿੰਸਕ ਹਮਲੇ ਦੀ ਇਹ ਘਟਨਾ 8 ਅਕਤੂਬਰ ਨੂੰ ਸੂਵਾ ਦੇ ਇਕ ਹੋਟਲ ਵਿਚ ਬਣਾਏ ਗਏ ਤਾਇਪੇ ਟ੍ਰੇਂਡ ਆਫਿਸ ਦੇ ਰਿਸੈਪਸ਼ਨ 'ਤੇ ਵਾਪਰੀ। ਬ੍ਰਿਟੇਨ ਦੇ ਅਖ਼ਬਾਰ ਗਾਰਡੀਅਨ ਦੀ ਰਿਪੋਰਟ ਦੇ ਮੁਤਾਬਕ, ਚੀਨੀ ਦੂਤਾਵਾਸ ਨਾਲ ਜੁੜੇ ਦੋ ਅਧਿਕਾਰੀ ਬਿਨਾਂ ਕਿਸੇ ਸੱਦੇ ਦੇ ਹੋਟਲ ਪਹੁੰਚੇ ਅਤੇ ਉੱਥੇ ਮੌਜੂਦ ਲੋਕਾਂ ਦੀਆਂ ਤਸਵੀਰਾਂ ਅਤੇ ਵੀਡੀਓ ਬਣਾਉਣ ਲੱਗੇ। 

ਪੜ੍ਹੋ ਇਹ ਅਹਿਮ ਖਬਰ- ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਵਜ਼ੀਫ਼ਿਆਂ ਦਾ ਐਲਾਨ

ਇਹਨਾਂ ਲੋਕਾਂ ਵਿਚ ਫਿਜੀ ਸਰਕਾਰ ਦੇ ਦੋ ਮੰਤਰੀ, ਹੋਰ ਦੇਸ਼ਾਂ ਦੇ ਡਿਪਲੋਮੈਟ, ਅੰਤਰਰਾਸ਼ਟਰੀ ਐੱਨ.ਜੀ.ਓ. ਅਤੇ ਚੀਨੀ ਭਾਈਚਾਰੇ ਦੇ ਲੋਕ ਸ਼ਾਮਲ ਸਨ। ਚੀਨੀ ਅਧਿਕਾਰੀਆਂ ਦੀ ਇਸ ਹਰਕਤ ਨਾਲ ਨਾਰਾਜ਼ ਤਾਇਵਾਨ ਦੇ ਵਫਦ ਦੇ ਇਕ ਮੈਂਬਰ ਨੇ ਉਹਨਾਂ ਨੂੰ ਉੱਥੋਂ ਜਾਣ ਲਈ ਕਿਹਾ ਪਰ ਚੀਨੀ ਅਧਿਕਾਰੀਆਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਬਾਅਦ ਹੋਟਲ ਦੇ ਬਾਹਰ ਦੋਹਾਂ ਵਿਚਾਲੇ ਜੰਮ ਕੇ ਕੁੱਟਮਾਰ ਹੋਈ ਜਿਸ ਵਿਚ ਤਾਇਵਾਨ ਦਾ ਅਧਿਕਾਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹੋਟਲ ਦੇ ਸਟਾਫ ਨੇ ਜਦੋਂ ਪੁਲਸ ਨੂੰ ਬੁਲਾਇਆ ਤਾਂ ਚੀਨੀ ਅਧਿਕਾਰੀਆਂ ਨੇ ਡਿਪਲੋਮੈਟਿਕ ਛੋਟ ਦਾ ਹਵਾਲਾ ਦਿੱਤਾ। 

ਬਾਅਦ ਵਿਚ ਚੀਨੀ ਦੂਤਾਵਾਸ ਦੇ ਅਧਿਕਾਰੀਆਂ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਤਾਇਵਾਨ ਨੈਸ਼ਨਲ ਡੇਅ ਪ੍ਰੋਗਰਾਮ ਗੈਰ ਕਾਨੂੰਨੀ ਹੈ। ਚੀਨੀ ਦੂਤਾਵਾਸ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਚੀਨ ਦੀ ਇਕ ਚੀਨ ਨੀਤੀ ਦੀ ਉਲੰਘਣਾ ਹਨ ਅਤੇ ਦੋ ਚੀਨ ਬਣਾਉਣ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਇਕ ਚੀਨ ਇਕ ਤਾਇਵਾਨ ਨੀਤੀ ਬਣਾਉਣ ਦੀ ਕੋਸ਼ਿਸ਼ ਹੈ। ਤਾਇਵਾਨ ਦੇ ਅਧਿਕਾਰੀ ਦੀ ਕੁੱਟਮਾਰ ਕਰਨ ਵਾਲੇ ਚੀਨ ਨੇ ਉਲਟਾ ਤਾਇਵਾਨ 'ਤੇ ਦੋਸ਼ ਲਗਾਇਆ ਕਿ ਉਸ ਨੇ ਉਕਸਾਉਣ ਵਾਲੀ ਕਾਰਵਾਈ ਕੀਤੀ। ਚੀਨ ਨੇ ਇਹ ਦਾਅਵਾ ਵੀ ਕੀਤਾ ਕਿ ਉਸ ਦਾ ਅਧਿਕਾਰੀ ਇਸ ਕੁੱਟਮਾਰ ਵਿਚ ਜ਼ਖਮੀ ਹੋ ਗਿਆ। ਫਿਜੀ ਪੁਲਸ ਨੇ ਦੱਸਿਆ ਕਿ ਚੀਨੀ ਅਧਿਕਾਰੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
 


Vandana

Content Editor

Related News