‘ਨਾਟੋ’ ਦੇ ਵਿਸਥਾਰ ਨਾਲ ਘਬਰਾਇਆ ਚੀਨ, ਕਿਹਾ- ਏਸ਼ੀਆਈ ਦੇਸ਼ਾਂ ਵਿਚਾਲੇ ਅਰਾਜਕਤਾ ਨਾ ਫੈਲਾਏ ਸੰਗਠਨ

Friday, Jul 12, 2024 - 12:31 AM (IST)

‘ਨਾਟੋ’ ਦੇ ਵਿਸਥਾਰ ਨਾਲ ਘਬਰਾਇਆ ਚੀਨ, ਕਿਹਾ- ਏਸ਼ੀਆਈ ਦੇਸ਼ਾਂ ਵਿਚਾਲੇ ਅਰਾਜਕਤਾ ਨਾ ਫੈਲਾਏ ਸੰਗਠਨ

ਬੀਜਿੰਗ, (ਭਾਸ਼ਾ)- ਚੀਨ ਨੇ ਨਾਰਥ ਐਟਲਾਂਟਿਕ ਟ੍ਰਿਟੀ ਆਰਗੇਨਾਈਜੇਸ਼ਨ (ਨਾਟੋ) ’ਤੇ ਦੂਜਿਆਂ ਦੀ ਕੀਮਤ ’ਤੇ ਸੁਰੱਖਿਆ ਦਾ ਯਤਨ ਕਰਨ ਦਾ ਦੋਸ਼ ਲਾਉਂਦਿਆਂ ਉਸ ਨੂੰ ਕਿਹਾ ਕਿ ਉਹ ਏਸ਼ੀਆਈ ਦੇਸ਼ਾਂ ਵਿਚਾਲੇ ਇਹੋ ਜਿਹੀ ‘ਅਰਾਜਕਤਾ’ ਨਾ ਫੈਲਾਏ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਵੀਰਵਾਰ ਇਹ ਬਿਆਨ ‘ਨਾਟੋ’ ਵਲੋਂ ਚੀਨ ’ਤੇ ਯੂਕ੍ਰੇਨ ਖਿਲਾਫ ਰੂਸ ਦੀ ਜੰਗ ਨੂੰ ਉਤਸ਼ਾਹ ਦੇਣ ਦਾ ਦੋਸ਼ ਲਾਏ ਜਾਣ ਤੋਂ ਇਕ ਦਿਨ ਬਾਅਦ ਦਿੱਤਾ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਕਿਹਾ ਕਿ ‘ਨਾਟੋ’ ਵਲੋਂ ਯੂਕ੍ਰੇਨ ਦੇ ਮੁੱਦੇ ’ਤੇ ਚੀਨ ਦੀ ਜ਼ਿੰਮੇਵਾਰੀ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨਾ ਗਲਤ ਹੈ ਅਤੇ ਇਸ ਦੇ ਪਿੱਛੇ ਗਲਤ ਇਰਾਦੇ ਹਨ।

ਉਨ੍ਹਾਂ ਕਿਹਾ ਕਿ ਯੂਕ੍ਰੇਨ ਮੁੱਦੇ ’ਤੇ ਚੀਨ ਦਾ ਰੁਖ ਨਿਰਪੱਖ ਹੈ। ਚੀਨ ਨੇ ਯੂਕ੍ਰੇਨ ਵਿਚ ਚੱਲ ਰਹੀ ਜੰਗ ਦੇ ਮੱਦੇਨਜ਼ਰ ਅਮਰੀਕਾ ਅਤੇ ਉਸਦੇ ਯੂਰਪੀ ਸਹਿਯੋਗੀਆਂ ਨਾਲੋਂ ਸਬੰਧ ਤੋੜ ਲਏ ਹਨ ਅਤੇ ਉਸ ਨੇ ਕੀਵ ਵਿਚ ਰੂਸ ਦੇ ਵੱਧਦੇ ਹਮਲਿਆਂ ਦੀ ਨਿੰਦਾ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਚੀਨ ਨੇ ਯੁੱਧ ਤੋਂ ਬਾਅਦ ਰੂਸ ਨਾਲ ਆਪਣਾ ਵਪਾਰ ਵਧਾ ਦਿੱਤਾ ਹੈ, ਜਿਸ ਕਾਰਨ ਉਸ ਨੂੰ ਪੱਛਮੀ ਪਾਬੰਦੀਆਂ ਦੇ ਪ੍ਰਭਾਵ ਦਾ ਘੱਟ ਸਾਹਮਣਾ ਕਰਨਾ ਪੈ ਰਿਹਾ ਹੈ।

‘ਨਾਟੋ’ ਦੀ 75ਵੀਂ ਵਰ੍ਹੇਗੰਢ ਮੌਕੇ ਵਾਸ਼ਿੰਗਟਨ ਵਿਚ ਇਕ ਇਤਿਹਾਸਕ ਸੰਮੇਲਨ ਦੌਰਾਨ ਉਨ੍ਹਾਂ ਕਿਹਾ ਕਿ ਚੀਨ ਨੇ ਰੂਸ ਨਾਲ ਅਾਪਣੀ ‘ਸਰਹੱਦ ਰਹਿਤ ਭਾਈਵਾਲੀ’ ਅਤੇ ਉਸ ਦੇ ਰੱਖਿਆ ਉਦਯੋਗਿਕ ਆਧਾਰ ਦਾ ਵੱਡਾ ਸਮਰਥਨ ਕਰਨ ਲਈ ਜੰਗ ਨੂੰ ਹਵਾ ਦਿੱਤੀ ਹੈ।

ਲਿਨ ਨੇ ਕਿਹਾ ਕਿ ਰੂਸ ਨਾਲ ਚੀਨ ਦਾ ਵਪਾਰ ਕਾਨੂੰਨੀ ਅਤੇ ਨਿਰਪੱਖ ਹੈ ਅਤੇ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ‘ਨਾਟੋ’ ਦੀ ‘ਅਖੌਤੀ ਸੁਰੱਖਿਆ’ ਦੂਜੇ ਦੇਸ਼ਾਂ ਦੀ ਸੁਰੱਖਿਆ ਦੀ ਕੀਮਤ ’ਤੇ ਆਉਂਦੀ ਹੈ।

ਚੀਨ ਨੇ ਰੂਸ ਦੀ ਇਸ ਦਲੀਲ ਦਾ ਸਮਰਥਨ ਕੀਤਾ ਹੈ ਕਿ ‘ਨਾਟੋ’ ਦਾ ਵਿਸਥਾਰ ਰੂਸ ਲਈ ਖ਼ਤਰਾ ਹੈ। ਚੀਨ ਨੇ ਉਸ ਦੇ ਅਾਸਪਾਸ ਦੇ ਖੇਤਰ ਦੇ ਦੇਸ਼ਾਂ ਨਾਲ ‘ਨਾਟੋ’ ਦੇ ਵੱਧਦੇ ਸਬੰਧਾਂ ’ਤੇ ਚਿੰਤਾ ਪ੍ਰਗਟਾਈ। ਆਸਟ੍ਰੇਲੀਆ, ਨਿਊਜ਼ੀਲੈਂਡ, ਜਾਪਾਨ ਅਤੇ ਦੱਖਣੀ ਕੋਰੀਆ ਨੇ ਇਸ ਹਫਤੇ ‘ਨਾਟੋ’ ਸ਼ਿਖਰ ਸੰਮੇਲਨ ਲਈ ਆਪਣੇ ਆਗੂ ਜਾਂ ਪ੍ਰਤੀਨਿਧੀ ਭੇਜੇ ਹਨ।


author

Rakesh

Content Editor

Related News