ਚੀਨ ਨੇ ਇਕ ਦਿਨ ’ਚ ਕੀਤੇ 14 ਲੱਖ ਤੋਂ ਵਧੇਰੇ ਕੋਰੋਨਾ ਟੈਸਟ, ਬਣਾਇਆ ਰਿਕਾਰਡ
Sunday, May 24, 2020 - 10:15 PM (IST)
ਬੀਜਿੰਗ (ਏਜੰਸੀ)- ਕੋਰੋਨਾ ਵਾਇਰਸ ਨਾਲ ਜੂਝ ਰਹੇ ਚੀਨ ਨੇ ਇਕ ਦਿਨ ’ਚ 14 ਲੱਖ ਤੋਂ ਵਧੇਰੇ ਟੈਸਟ ਕਰ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਜਨਮ ਸਥਾਨ ਵੁਹਾਨ ’ਚ ਚੀਨੀ ਸਰਕਾਰ ਸਾਰੇ ਨਾਗਰਿਕਾਂ ਦਾ ਲਾਜ਼ਮੀ ਟੈਸਟ ਕਰ ਰਹੀ ਹੈ।
ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਨਾਲ ਉਨ੍ਹਾਂ ਮਰੀਜ਼ਾਂ ਬਾਰੇ ਪਤਾ ਕੀਤਾ ਜਾਵੇ ਜਿਨ੍ਹਾਂ ਵਿਚ ਕੋਰੋਨਾ ਦੇ ਲੱਛਣ ਦਿਖਾਈ ਨਹੀਂ ਦੇ ਰਹੇ ਹਨ। ਵੁਹਾਨ ’ਚ 18 ਮਈ ਨੂੰ 4,67,847 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ। ਉਥੇ ਵੀਰਵਾਰ ਤੱਕ ਇਹ ਅੰਕੜਾ ਵਧ ਕੇ 10 ਲੱਖ ਹੋ ਗਿਆ। ਸ਼ੁੱਕਰਵਾਰ ਨੂੰ ਚੀਨ ਨੇ ਰਿਕਾਰਡ ਬਣਾਉਂਦੇ ਹੋਏ 14,70,950 ਲੋਕਾਂ ਦਾ ਕੋਰੋਨਾ ਵਾਇਰਸ ਟੈਸਟ ਕੀਤਾ। ਅਜੇ ਤੱਕ ਪ੍ਰਾਪਤ ਜਾਣਕਾਰੀ ਮੁਤਾਬਕ ਕਿਸੇ ਵੀ ਦੇਸ਼ ’ਚ ਇਕ ਦਿਨ ’ਚ ਇੰਨੀ ਵੱਡੀ ਗਿਣਤੀ ’ਚ ਲੋਕਾਂ ਦੇ ਟੈਸਟ ਨਹੀਂ ਕੀਤੇ ਗਏ ਹਨ।