ਯੂਕ੍ਰੇਨ ''ਚ ਨਾਗਰਿਕਾਂ ਨੂੰ ਹੋ ਰਹੇ ਨੁਕਸਾਨ ਨੂੰ ਲੈ ਕੇ ਚੀਨ ਨੇ ਜਤਾਈ ਚਿੰਤਾ

Wednesday, Mar 02, 2022 - 03:11 PM (IST)

ਯੂਕ੍ਰੇਨ ''ਚ ਨਾਗਰਿਕਾਂ ਨੂੰ ਹੋ ਰਹੇ ਨੁਕਸਾਨ ਨੂੰ ਲੈ ਕੇ ਚੀਨ ਨੇ ਜਤਾਈ ਚਿੰਤਾ

ਬੀਜਿੰਗ (ਭਾਸ਼ਾ)- ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਆਪਣੇ ਯੂਕ੍ਰੇਨ ਦੇ ਹਮਰੁਤਬਾ ਦਿਮਿਤਰੋ ਕੁਲੇਬਾ ਨੂੰ ਦੱਸਿਆ ਕਿ ਯੂਕ੍ਰੇਨ ਅਤੇ ਰੂਸ ਵਿਚਾਲੇ ਵਧਦੇ ਸੰਘਰਸ਼ ਤੋਂ ਚੀਨ ਬਹੁਤ ਦੁਖੀ ਹੈ ਅਤੇ ਉੱਥੇ ਲੋਕਾਂ ਨੂੰ ਹੋ ਰਹੇ ਨੁਕਸਾਨ ਨੂੰ ਲੈ ਕੇ ਡੂੰਘਾ ਚਿੰਤਤ ਹੈ। ਚੀਨ ਨੇ ਇਕ ਵਾਰ ਫਿਰ ਰੂਸ ਅਤੇ ਯੂਕ੍ਰੇਨ ਨੂੰ ਗੱਲਬਾਤ ਰਾਹੀਂ ਮਸਲੇ ਨੂੰ ਹੱਲ ਕਰਨ ਦੀ ਅਪੀਲ ਕੀਤੀ। ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਵਧਦੇ ਤਣਾਅ ਦਰਮਿਆਨ ਦੋਹਾਂ ਮੰਤਰੀਆਂ ਨੇ ਮੰਗਲਵਾਰ ਨੂੰ ਪਹਿਲੀ ਵਾਰ ਫੋਨ 'ਤੇ ਗੱਲ ਕੀਤੀ। 

ਚੀਨ ਦੀ ਸਟੇਟ ਨਿਊਜ਼ ਕਮੇਟੀ 'ਸ਼ਿਨਹੂਆ' ਦੀ ਖ਼ਬਰ ਮੁਤਾਬਕ ਵਾਂਗ ਨੇ ਕਿਹਾ ਕਿ ਯੂਕ੍ਰੇਨ 'ਚ ਸਥਿਤੀ ਤੇਜ਼ੀ ਨਾਲ ਬਦਲੀ ਹੈ। ਉਹਨਾਂ ਨੇ ਕਿਹਾ ਕਿ ਯੂਕ੍ਰੇਨ ਅਤੇ ਰੂਸ ਦਰਮਿਆਨ ਵਧਦੇ ਸੰਘਰਸ਼ 'ਤੇ ਉਹਨਾਂ ਨੂੰ ਡੂੰਘਾ ਅਫਸੋਸ ਹੈ ਅਤੇ ਉਹ ਨਾਗਰਿਕਾਂ ਨੂੰ ਹੋ ਰਹੇ ਨੁਕਸਾਨ 'ਤੇ "ਬਹੁਤ ਚਿੰਤਤ" ਹਨ। ਵਾਂਗ ਨੇ ਨਾਗਰਿਕਾਂ ਦੀ ਮੌਤ 'ਤੇ ਚਿੰਤਾ ਜ਼ਾਹਰ ਕੀਤੀ, ਹਾਲਾਂਕਿ ਉਹ ਰੂਸ 'ਤੇ ਦੋਸ਼ ਨਾ ਲਾਉਣ ਬਾਰੇ ਸੁਚੇਤ ਰਿਹਾ। ਗੌਰਤਲਬ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ਖ਼ਿਲਾਫ਼ "ਵਿਸ਼ੇਸ਼ ਫ਼ੌਜੀ ਕਾਰਵਾਈ" ਸ਼ੁਰੂ ਕੀਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ ਚੀਨ ''ਯੂਕ੍ਰੇਨ ਅਤੇ ਰੂਸ ਵਿਚਾਲੇ ਵਧਦੇ ਸੰਘਰਸ਼ ਤੋਂ ਬਹੁਤ ਦੁਖੀ ਹੈ ਅਤੇ ਨਾਗਰਿਕਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਡੂੰਘਾ ਚਿੰਤਤ ਹੈ।'' 

ਪੜ੍ਹੋ ਇਹ ਅਹਿਮ ਖ਼ਬਰ- ਪੁਤਿਨ ਦੀ ਧਮਕੀ ਮਗਰੋਂ ਹਰਕਤ 'ਚ ਅਮਰੀਕਾ, ਆਸਮਾਨ 'ਚ ਦਿਸਿਆ 'Doomsday Plane'

ਚੀਨ, ਰੂਸ ਦਾ ਕਰੀਬੀ ਸਹਿਯੋਗੀ ਹੈ ਅਤੇ ਅਜਿਹੀ ਸਥਿਤੀ 'ਚ ਨਾਗਰਿਕਾਂ ਬਾਰੇ ਆਪਣੀ ਚਿੰਤਾ ਜ਼ਾਹਰ ਕਰਕੇ ਅਤੇ ਰੂਸ ਦੁਆਰਾ ਕੀਤੇ ਗਏ ਫ਼ੌਜੀ ਹਮਲੇ ਦੀ ਨਿੰਦਾ ਨਾ ਕਰਕੇ ਇਸ ਮਾਮਲੇ 'ਤੇ ਨਿਰਪੱਖ ਸਟੈਂਡ ਲੈ ਰਿਹਾ ਹੈ। ਚੀਨ ਦੇ ਰੁਖ਼ ਨੂੰ ਰੇਖਾਂਕਿਤ ਕਰਦੇ ਹੋਏ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਮੰਗਲਵਾਰ ਨੂੰ ਕਿਹਾ ਕਿ ਰੂਸ ਦੀਆਂ 'ਜਾਇਜ਼ ਸੁਰੱਖਿਆ ਮੰਗਾਂ' ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਅਤੇ ਯੂਕ੍ਰੇਨ ਸੰਕਟ ਦੇ ਸਿਆਸੀ ਹੱਲ 'ਤੇ ਢੁਕਵੇਂ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ। ਰੂਸ ਦੀ ਫ਼ੌਜੀ ਕਾਰਵਾਈ ਦੀ ਆਲੋਚਨਾ ਕਰਨ ਤੋਂ ਇਨਕਾਰ ਕਰਦੇ ਹੋਏ, ਵੈਂਗ ਵੇਨਬਿਨ ਨੇ ਅਜਿਹੇ "ਰਾਜਨੀਤਕ ਸਮਝੌਤੇ ਦੀ ਮੰਗ ਕੀਤੀ ਜੋ ਦੋਵਾਂ ਪਾਸਿਆਂ ਦੀਆਂ ਜਾਇਜ਼ ਸੁਰੱਖਿਆ ਚਿੰਤਾਵਾਂ ਨੂੰ ਦੂਰ ਕਰੇ ਅਤੇ ਯੂਰਪ ਵਿੱਚ ਸਾਂਝੀ ਸੁਰੱਖਿਆ ਅਤੇ ਸਥਾਈ ਸ਼ਾਂਤੀ ਅਤੇ ਸਥਿਰਤਾ ਨੂੰ ਵਧਾਵਾ ਦਿੰਦੇ ਹੋਵੇ।
 


author

Vandana

Content Editor

Related News