ਸਾਵਧਾਨ! ਜੰਮੀ ਹੋਈ ਝੀਲ 'ਤੇ ਖੇਡ ਰਹੇ ਬੱਚੇ ਪਾਣੀ 'ਚ ਡੁੱਬੇ, ਬਾਹਰ ਕੱਢੇ 4 ਬੱਚਿਆਂ ਨੂੰ ਪਿਆ ਦਿਲ ਦਾ ਦੌਰਾ
Monday, Dec 12, 2022 - 03:09 PM (IST)
ਲੰਡਨ - ਬ੍ਰਿਟੇਨ ਦੇ ਸੋਲੀਹੁਲ ਸ਼ਹਿਰ ਵਿਚ ਐਤਵਾਰ ਨੂੰ ਇਕ ਜੰਮੀ ਹੋਈ ਝੀਲ 'ਤੇ ਖੇਡਦੇ ਹੋਏ 6 ਬੱਚਿਆਂ ਦੇ ਪਾਣੀ ਵਿਚ ਡਿੱਗਣ ਤੋਂ ਬਾਅਦ 2 ਬੱਚਿਆਂ ਦੇ ਲਾਪਤਾ ਅਤੇ ਸੰਭਾਵਤ ਤੌਰ 'ਤੇ ਮਰਨ ਦਾ ਖ਼ਦਸ਼ਾ ਹੈ। ਜਦੋਂਕਿ ਝੀਲ 'ਚੋਂ ਬਾਹਰ ਕੱਢੇ ਗਏ 4 ਬੱਚਿਆਂ ਨੂੰ ਦਿਲ ਦਾ ਦੌਰਾ ਪੈ ਗਿਆ ਹੈ, ਜਿਨ੍ਹਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ। 'ਡੇਲੀ ਮੇਲ' ਦੀ ਖ਼ਬਰ ਮੁਤਾਬਕ ਪਾਣੀ 'ਚ ਡੁੱਬੇ ਬੱਚਿਆਂ ਨੂੰ ਬਚਾਉਣ ਲਈ ਆਪਰੇਸ਼ਨ ਅਜੇ ਵੀ ਜਾਰੀ ਹੈ। ਡਾਕਟਰਾਂ ਨੂੰ ਡਰ ਹੈ ਕਿ ਦੋਵੇਂ ਲਾਪਤਾ ਬੱਚੇ ਉਮਰ, ਪਾਣੀ ਦੇ ਤਾਪਮਾਨ ਅਤੇ ਇਸ ਵਿੱਚ ਬਿਤਾਏ ਸਮੇਂ ਦੇ ਕਾਰਨ ਜ਼ਿੰਦਾ ਨਹੀਂ ਹੋ ਸਕਦੇ ਹਨ। ਬਚਾਅ ਕਾਰਜ ਵਿਚ ਮਾਹਿਰ ਗੋਤਾਖੋਰਾਂ ਦੀ ਮਦਦ ਲਈ ਗਈ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬਣ ਨਾਲ ਵਾਪਰਿਆ ਭਾਣਾ, 2 ਬੱਚਿਆਂ ਦੀ ਮਾਂ ਨੇ ਦੁਨੀਆ ਨੂੰ ਕਿਹਾ ਅਲਵਿਦਾ
ਐਮਰਜੈਂਸੀ ਸੇਵਾਵਾਂ ਨੂੰ ਐਤਵਾਰ ਦੁਪਹਿਰ 2.30 ਵਜੇ ਤੋਂ ਬਾਅਦ ਕਿੰਗਸ਼ਰਸਟ, ਸੋਲੀਹੁਲ ਦੇ ਬੈਬਸ ਮਿੱਲ ਪਾਰਕ ਵਿੱਚ ਘਟਨਾ ਸਥਾਨ 'ਤੇ ਬੁਲਾਇਆ ਗਿਆ ਸੀ। ਬਚਾਅ ਕਰਮਚਾਰੀਆਂ ਨੂੰ ਦੱਸਿਆ ਗਿਆ ਦੋ ਬੱਚੇ, ਜਿਨ੍ਹਾਂ ਦੀ ਉਮਰ 12 ਸਾਲ ਤੋਂ ਘੱਟ ਦੱਸੀ ਜਾਂਦੀ ਹੈ, ਬਰਫ਼ 'ਤੇ ਖੇਡ ਰਹੇ ਸਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਬਰਫ਼ ਟੁੱਟਣ ਕਾਰਨ ਬਾਕੀ ਬੱਚੇ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹੋਏ ਡੁੱਬ ਗਏ। ਐਤਵਾਰ ਰਾਤ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਐਮਰਜੈਂਸੀ ਸੇਵਾਵਾਂ ਨੇ ਪੁਸ਼ਟੀ ਕੀਤੀ ਕਿ 4 ਬੱਚੇ ਹਸਪਤਾਲ ਵਿੱਚ ਜ਼ਿੰਦਗੀ ਦੀ ਜੰਗ ਲੜ ਰਹੇ ਹਨ ਅਤੇ 2 ਹੋਰ ਬੱਚਿਆਂ ਲਈ ਖੋਜ ਮੁਹਿੰਮ ਜਾਰੀ ਹੈ।
ਇਹ ਵੀ ਪੜ੍ਹੋ: ਰੋਜ਼ੀ-ਰੋਟੀ ਦੀ ਭਾਲ 'ਚ 3 ਮਹੀਨੇ ਪਹਿਲਾਂ ਫਰਾਂਸ ਗਏ ਬੇਗੋਵਾਲ ਦੇ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ
ਵੈਸਟ ਮਿਡਲੈਂਡਜ਼ ਐਂਬੂਲੈਂਸ ਸੇਵਾ ਦੇ ਰਣਨੀਤਕ ਕਮਾਂਡਰ ਕੈਮਰਨ ਮੈਕਵਿਟੀ ਨੇ ਕਿਹਾ ਕਿ ਸਪੈਸ਼ਲਿਸਟ ਟੀਮਾਂ ਵੱਲੋਂ ਘਟਨਾ ਸਥਾਨ 'ਤੇ ਚਾਰਾਂ ਬੱਚਿਆਂ ਦਾ 'ਸਰਗਰਮੀ ਨਾਲ ਇਲਾਜ' ਕੀਤਾ ਗਿਆ ਅਤੇ ਜਦੋਂ ਉਨ੍ਹਾਂ ਨੂੰ ਝੀਲ ਤੋਂ ਬਾਹਰ ਕੱਢਿਆ ਗਿਆ ਤਾਂ ਉਹ ਕਾਰਡੀਅਕ ਅਰੈਸਟ (ਦਿਲ ਦਾ ਦੌਰਾ) ਦੀ ਸਥਿਤੀ ਵਿੱਚ ਸਨ। ਦੋ ਬੱਚਿਆਂ ਨੂੰ ਬਰਮਿੰਘਮ ਚਿਲਡਰਨ ਹਸਪਤਾਲ ਲਿਜਾਇਆ ਗਿਆ, ਜਦਕਿ ਬਾਕੀ 2 ਨੂੰ ਬਰਮਿੰਘਮ ਹਾਰਟਲੈਂਡਜ਼ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਹਾਲਤ ਬਾਰੇ ਕੋਈ ਹੋਰ ਅੱਪਡੇਟ ਨਹੀਂ ਦਿੱਤਾ ਗਿਆ। ਵੈਸਟ ਮਿਡਲੈਂਡਜ਼ ਫਾਇਰ ਐਂਡ ਰੈਸਕਿਊ ਸਰਵਿਸ ਦੇ ਏਰੀਆ ਕਮਾਂਡਰ ਰਿਚਰਡ ਸਟੈਂਟਨ ਨੇ ਕਿਹਾ, 'ਜਦੋਂ ਫਾਇਰ ਸਰਵਿਸ ਮੌਕੇ 'ਤੇ ਪਹੁੰਚੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਪਾਣੀ ਵਿਚ 6 ਲੋਕ ਸਨ। ਸਟੈਂਟਨ ਨੇ ਅੱਗੇ ਕਿਹਾ ਕਿ 'ਚਾਰ ਬੱਚਿਆਂ ਨੂੰ ਬਚਾਉਣ ਤੋਂ ਬਾਅਦ, ਅਸੀਂ ਇਹ ਪੁਸ਼ਟੀ ਕਰਨ ਲਈ ਖੋਜ ਅਤੇ ਬਚਾਅ ਕਾਰਜ ਜਾਰੀ ਰੱਖਿਆ ਹੈ ਕਿ ਕੀ ਪਾਣੀ ਵਿੱਚ ਕੋਈ ਹੋਰ ਸੀ ਜਾਂ ਨਹੀਂ।'
ਇਹ ਵੀ ਪੜ੍ਹੋ: ਹੁਣ ਕੈਨੇਡਾ ਦੇ ਐਡਮਿੰਟਨ ਤੋਂ ਆਈ ਦੁਖ਼ਭਰੀ ਖ਼ਬਰ, 24 ਸਾਲਾ ਪੰਜਾਬੀ ਗੱਭਰੂ ਦਾ ਗੋਲੀਆਂ ਮਾਰ ਕੇ ਕਤਲ