ਸੀਰੀਆ 'ਚ ਕਾਰ ਬੰਬ ਧਮਾਕਾ: ਮ੍ਰਿਤਕਾਂ ਦੀ ਗਿਣਤੀ ਹੋਈ 19
Monday, Feb 03, 2025 - 06:01 PM (IST)

ਦਮਿਸ਼ਕ (ਏਜੰਸੀ)- ਸੋਮਵਾਰ ਨੂੰ ਉੱਤਰੀ ਸੀਰੀਆ ਦੇ ਇੱਕ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਹੋਏ ਕਾਰ ਬੰਬ ਧਮਾਕੇ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 19 ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋ ਗਏ। ਸਿਹਤ ਕਰਮਚਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮਨਬਿਜ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਖੇਤੀਬਾੜੀ ਕਾਮਿਆਂ ਨੂੰ ਲੈ ਕੇ ਜਾ ਰਹੇ ਇੱਕ ਵਾਹਨ ਦੇ ਨੇੜੇ ਇੱਕ ਕਾਰ ਵਿੱਚ ਧਮਾਕਾ ਹੋਇਆ। ਹਸਪਤਾਲ ਦੇ ਕਰਮਚਾਰੀ ਮੁਹੰਮਦ ਅਹਿਮਦ ਨੇ ਦੱਸਿਆ ਕਿ 18 ਔਰਤਾਂ ਅਤੇ 1 ਪੁਰਸ਼ ਮਾਰੇ ਗਏ ਹਨ ਅਤੇ ਇਨ੍ਹਾਂ ਤੋਂ ਇਲਾਵਾ 15 ਔਰਤਾਂ ਜ਼ਖਮੀ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ। ਕਿਸੇ ਵੀ ਸਮੂਹ ਨੇ ਤੁਰੰਤ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ।
ਦਸੰਬਰ ਵਿੱਚ ਰਾਸ਼ਟਰਪਤੀ ਬਸ਼ਰ ਅਲ-ਅਸਦ ਨੂੰ ਗੱਦੀਓਂ ਲਾਹ ਦਿੱਤੇ ਜਾਣ ਤੋਂ ਬਾਅਦ ਉੱਤਰ-ਪੂਰਬੀ ਅਲੇਪੋ ਸੂਬੇ ਦੇ ਮਨਬਿਜ ਵਿੱਚ ਹਿੰਸਾ ਜਾਰੀ ਹੈ। ਸੀਰੀਅਨ ਨੈਸ਼ਨਲ ਆਰਮੀ ਵਜੋਂ ਜਾਣਿਆ ਜਾਂਦੇ ਤੁਰਕੀ-ਸਮਰਥਿਤ ਸਮੂਹਾਂ ਦਾ ਅਮਰੀਕਾ-ਸਮਰਥਿਤ ਕੁਰਦਿਸ਼-ਅਗਵਾਈ ਵਾਲੇ ਸੀਰੀਅਨ ਡੈਮੋਕ੍ਰੇਟਿਕ ਫੋਰਸਿਜ਼ ਨਾਲ ਟਕਰਾਅ ਜਾਰੀ ਹੈ।