ਚੀਨ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਕੈਨੇਡਾ, ਤਾਈਵਾਨ ਕੋਲ ਭੇਜਿਆ ਜੰਗੀ ਬੇੜਾ

10/04/2020 9:26:20 AM

ਟੋਰਾਂਟੋ- ਚੀਨ ਨਾਲ ਵਧਦੇ ਤਣਾਅ ਵਿਚਕਾਰ ਕੈਨੇਡਾ ਦਾ ਇਕ ਜੰਗੀ ਜਹਾਜ਼ ਅੱਜ-ਕੱਲ ਦੱਖਣੀ ਚੀਨ ਸਾਗਰ ਪੁੱਜਾ ਹੈ। ਤਾਈਵਾਨ ਦੀ ਖਾੜੀ ਵਿਚ ਮੌਜੂਦ ਕੈਨੇਡਾ ਦੇ ਇਸ ਜੰਗੀ ਜਹਾਜ਼ ਨਾਲ ਚੀਨ ਦਾ ਭੜਕਣਾ ਤੈਅ ਮੰਨਿਆ ਜਾ ਰਿਹਾ ਹੈ। 

ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੈਨੇਡਾ ਦੇ ਇਕ ਜੰਗੀ ਜਹਾਜ਼ ਨੇ ਹਾਲ ਵਿਚ ਹੀ ਦੱਖਣੀ ਚੀਨ ਸਾਗਰ ਤੋਂ ਉੱਤਰੀ ਦਿਸ਼ਾ ਵਿਚ ਜਾਣ ਲਈ ਤਾਈਵਾਨ ਦੀ ਖਾੜੀ ਦੀ ਵਰਤੋਂ ਕੀਤੀ ਹੈ। ਇਸ ਦੌਰਾਨ ਤਾਈਵਾਨੀ ਨੇਵੀ ਨੇ ਉਸ ਨੂੰ ਹਵਾਈ ਸੁਰੱਖਿਆ ਵੀ ਪ੍ਰਦਾਨ ਕੀਤੀ ਹੈ। 

ਕੈਨੇਡੀਅਨ ਜੰਗੀ ਜਹਾਜ਼ ਦੀ ਮੌਜੂਦਗੀ ਨਾਲ ਭੜਕੇਗਾ ਚੀਨ-
ਦੱਸ ਦਈਏ ਕਿ ਤਾਈਵਾਨ ਦੀ ਖਾੜੀ 'ਤੇ ਕਬਜ਼ੇ ਨੂੰ ਲੈ ਕੇ ਵੀ ਚੀਨ ਨਾਲ ਤਾਈਵਾਨ ਦੇ ਸਬੰਧ ਬੇਹੱਦ ਖਰਾਬ ਹਨ। ਦੋਹਾਂ ਦੇਸ਼ਾਂ ਦੇ ਜਹਾਜ਼ ਅਕਸਰ ਇਸ ਇਲਾਕੇ ਵਿਚ ਇਕ-ਦੂਜੇ ਦੀ ਸਰਹੱਦ ਵਿਚ ਘੁਸਪੈਠ ਕਰਦੇ ਰਹਿੰਦੇ ਹਨ। ਇਸ ਵਿਚਕਾਰ ਆਪਣੇ ਦੇਸ਼ ਤੋਂ ਕਈ ਹਜ਼ਾਰ ਕਿਲੋਮੀਟਰ ਦੂਰ ਸਥਿਤ ਤਾਈਵਾਨ ਦੀ ਖਾੜੀ ਵਿਚ ਕੈਨੇਡੀਅਨ ਜੰਗੀ ਬੇੜਾ ਦਾ ਪੁੱਜਣਾ ਚੀਨ ਨੂੰ ਸਿੱਧਾ ਸੁਨੇਹਾ ਹੈ। ਹਾਲ ਦੇ ਦਿਨਾਂ ਵਿਚ ਕੈਨੇਡਾ ਤੇ ਚੀਨ ਦੇ ਰਿਸ਼ਤੇ ਵੀ ਬੇਹੱਦ ਖਰਾਬ ਦੌਰ ਵਿਚੋਂ ਲੰਘ ਰਹੇ ਹਨ। 

ਪਿਛਲੇ ਸਾਲ ਸਤੰਬਰ ਵਿਚ ਵੀ ਕੈਨੇਡਾ ਦਾ ਜੰਗੀ ਬੇੜਾ ਤਾਈਵਾਨ ਦੀ ਖਾੜੀ ਵਿਚੋਂ ਲੰਘਿਆ ਸੀ, ਜਿਸ ਨੂੰ ਲੈ ਕੇ ਚੀਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ। ਇਸ ਦੇ ਇਲਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੁਝ ਦਿਨ ਪਹਿਲਾਂ ਹੀ ਹਾਂਗਾਕਾਂਗ ਨਾਲ ਆਪਣੀ ਹਵਾਲਗੀ ਸੰਧੀ ਨੂੰ ਖਤਮ ਕਰ ਦਿੱਤਾ ਸੀ। ਇਸ ਦੇ ਇਲਾਵਾ ਕੈਨੇਡਾ ਨੇ ਹਾਂਗਕਾਂਗ ਨੂੰ ਭੇਜੇ ਗਏ ਫ਼ੌਜੀ ਉਪਕਰਣਾਂ ਦੇ ਨਿਰਯਾਤ 'ਤੇ ਵੀ ਪਾਬੰਦੀ ਲਗਾਈ ਸੀ। 
ਦੱਸ ਦਈਏ ਕਿ ਚੀਨ ਦੀ ਹੁਵਾਵੇਈ ਕੰਪਨੀ ਦੀ ਕਾਰਜਕਾਰੀ ਵਿੱਤੀ ਅਧਿਕਾਰੀ ਨੂੰ ਕੈਨੇਡਾ ਵਲੋਂ ਹਿਰਾਸਤ ਵਿਚ ਲਏ ਜਾਣ ਮਗਰੋਂ ਚੀਨ ਤੇ ਕੈਨੇਡਾ ਦੇ ਰਿਸ਼ਤਿਆਂ ਵਿਚ ਕੜਵਾਹਟ ਵੱਧ ਗਈ ਹੈ।


Lalita Mam

Content Editor

Related News