ਕੈਨੇਡਾ : ਟਰੂਡੋ ਲਈ ਮੁਸੀਬਤ ਬਣ ਚੁੱਕਾ ਟਰੱਕ ਡਰਾਈਵਰਾਂ ਦਾ ਅੰਦੋਲਨ ਅੱਜ ਹੋ ਸਕਦਾ ਹੈ ਖ਼ਤਮ

02/16/2022 9:37:30 AM

ਟੋਰਾਂਟੋ (ਏ.ਐੱਨ.ਆਈ.): ਕੈਨੇਡਾ 'ਚ ਕਰੀਬ ਇਕ ਹਫ਼ਤੇ ਤੋਂ ਜਾਰੀ ਟਰੱਕ ਡਰਾਈਵਰਾਂ ਦਾ ਅੰਦੋਲਨ ਅੱਜ ਭਾਵ ਬੁੱਧਵਾਰ ਨੂੰ ਖ਼ਤਮ ਹੋਣ ਦੀ ਉਮੀਦ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (ਆਰਸੀਐਮਪੀ) ਨੇ ਭਰੋਸਾ ਪ੍ਰਗਟਾਇਆ ਹੈ ਕਿ ਮੈਨੀਟੋਬਾ-ਅਮਰੀਕਾ ਸਰਹੱਦ 'ਤੇ ਕੋਵਿਡ-19 ਮਹਾਮਾਰੀ ਪਾਬੰਦੀਆਂ ਵਿਰੁੱਧ ਚੱਲ ਰਿਹਾ ਅੰਦੋਲਨ ਅੱਜ ਖ਼ਤਮ ਹੋ ਸਕਦਾ ਹੈ। ਇਸ ਅੰਦੋਲਨ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ।

ਸੀ.ਬੀ.ਸੀ. ਨਿਊਜ਼ ਦੀ ਖ਼ਬਰ ਮੁਤਾਬਕ ਮੈਨੀਟੋਬਾ ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਪ੍ਰਦਰਸ਼ਨਕਾਰੀ ਐਮਰਸਨ ਕਰਾਸਿੰਗ ਖੇਤਰ ਨੂੰ ਤੁਰੰਤ ਖਾਲੀ ਕਰ ਦੇਣਗੇ ਅਤੇ ਆਵਾਜਾਈ ਪਹਿਲਾਂ ਆਮ ਵਾਂਗ ਹੋ ਜਾਵੇਗੀ। ਮੈਨੀਟੋਬਾ ਆਰਸੀਐਮਪੀ ਦੇ ਮੁਖੀ ਰੌਬ ਹਿੱਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਅੰਦੋਲਨਕਾਰੀ ਜਲਦੀ ਹੀ ਖੇਤਰ ਨੂੰ ਖਾਲੀ ਕਰ ਦੇਣਗੇ ਅਤੇ ਐਮਰਸਨ ਪੋਰਟ ਤੱਕ ਆਵਾਜਾਈ ਸ਼ੁਰੂ ਹੋ ਜਾਵੇਗੀ। ਪ੍ਰਦਰਸ਼ਨਕਾਰੀਆਂ ਨੇ ਪਿਛਲੇ ਵੀਰਵਾਰ ਤੋਂ ਮੈਨੀਟੋਬਾ ਵਿੱਚ ਹਾਈਵੇਅ 75 ਨੂੰ ਜਾਮ ਕੀਤਾ ਹੋਇਆ ਹੈ। ਹਾਲਾਂਕਿ, ਉਨ੍ਹਾਂ ਨੇ ਐਮਰਜੈਂਸੀ ਵਾਹਨਾਂ ਨੂੰ ਆਉਣ-ਜਾਣ ਦੀ ਇਜਾਜ਼ਤ ਦਿੱਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ -ਕੈਨੇਡਾ ਨੇ ਯੂਕਰੇਨ ਨੂੰ ਦਿੱਤਾ ਸਮਰਥਨ, ਦੇਵੇਗਾ 70 ਲੱਖ ਡਾਲਰ ਤੋਂ ਵਧੇਰੇ ਦੇ ਮਾਰੂ 'ਹਥਿਆਰ'

ਇਸ ਅੰਦੋਲਨ ਕਾਰਨ ਕੈਨੇਡਾ ਵਿੱਚ ਜਨਜੀਵਨ ਅਤੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।ਐਮਰਸਨ ਦੇ ਇਕ ਕਾਰੋਬਾਰੀ ਸਾਈਮਨ ਰੇਸ਼ ਨੇ ਕਿਹਾ ਕਿ ਕਰੀਬ ਇਕ ਹਫ਼ਤੇ ਤੋਂ ਦੁਕਾਨ ਬੰਦ ਪਈ ਹੈ। ਆਵਾਜਾਈ ਨੂੰ ਤੁਰੰਤ ਬਹਾਲ ਕਰਨ ਲਈ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਦੋ ਸਾਲ ਖਰਾਬ ਕਰ ਦਿੱਤੇ ਹਨ ਅਤੇ ਹੁਣ ਇਸ ਅੰਦੋਲਨ ਨੇ ਕਾਰੋਬਾਰ ਠੱਪ ਕਰ ਦਿੱਤਾ ਹੈ, ਜੇਕਰ ਇਹ ਜਾਰੀ ਰਿਹਾ ਤਾਂ ਅਸੀਂ ਕਾਰੋਬਾਰ ਬੰਦ ਕਰ ਦੇਵਾਂਗੇ।
ਐਮਰਸਨ ਕਰਾਸਿੰਗ ਕੈਨੇਡਾ-ਅਮਰੀਕਾ ਸਰਹੱਦ 'ਤੇ ਵਪਾਰ ਲਈ ਕਈ ਮਹੱਤਵਪੂਰਨ ਡਰਾਈ ਪੋਰਟ ਲੈਂਡ ਪੋਰਟਾਂ ਵਿੱਚੋਂ ਇੱਕ ਹੈ। ਅੰਦੋਲਨਕਾਰੀ ਨਾ ਸਿਰਫ ਕੋਰੋਨਾ ਪਾਬੰਦੀਆਂ ਨੂੰ ਖ਼ਤਮ ਕਰਨ ਅਤੇ ਫੈਡਰਲ ਸਰਕਾਰ ਦੇ ਵੈਕਸੀਨ ਆਰਡਰ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ, ਸਗੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਅਤੇ ਹੋਰ ਬਦਲਾਅ ਦੀ ਮੰਗ ਕਰ ਰਹੇ ਹਨ।

ਟਰੂਡੋ ਨੇ ਪਹਿਲੀ ਵਾਰ ਕੈਨੇਡਾ ਵਿਚ ਲਗਾਈ ਐਮਰਜੈਂਸੀ
ਇਹ ਅੰਦਲੋਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਵੱਡੀ ਮੁਸੀਬਤ ਬਣ ਗਿਆ ਅਤੇ ਪੂਰੇ ਦੇਸ਼ ਵਿੱਚ ਫੈਲ ਗਿਆ। ਕੋਰੋਨਾ ਵੈਕਸੀਨ ਨੂੰ ਲਾਜ਼ਮੀ ਬਣਾਉਣ ਦੇ ਹੁਕਮਾਂ ਵਿਰੁੱਧ ਸ਼ੁਰੂ ਹੋਇਆ ਅੰਦੋਲਨ ਉਨ੍ਹਾਂ ਦੇ ਅਸਤੀਫੇ ਦੀ ਮੰਗ ਤੱਕ ਪਹੁੰਚ ਗਿਆ। ਇਸ ਨਾਲ ਨਜਿੱਠਣ ਲਈ ਟਰੂਡੋ ਨੂੰ ਪਹਿਲੀ ਵਾਰ ਦੇਸ਼ ਵਿੱਚ ਐਮਰਜੈਂਸੀ ਸਿਚੂਏਸ਼ਨ ਐਕਟ ਲਾਗੂ ਕਰਨਾ ਪਿਆ। ਹਜ਼ਾਰਾਂ ਟਰੱਕ ਡਰਾਈਵਰ ਆਪਣੇ ਟਰੱਕਾਂ ਨਾਲ ਪ੍ਰਦਰਸ਼ਨ ਕਰ ਰਹੇ ਹਨ। ਇਸ ਕਾਰਨ ਰਾਜਧਾਨੀ ਓਟਾਵਾ ਦੇ ਕਈ ਇਲਾਕੇ ਵੀ ਜਾਮ ਹੋ ਗਏ ਹਨ। ਓਟਾਵਾ ਵਿੱਚ 50 ਹਜ਼ਾਰ ਤੋਂ ਵੱਧ ਟਰੱਕ ਡਰਾਈਵਰ ਪ੍ਰਦਰਸ਼ਨ ਕਰ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News