ਕੈਨੇਡਾ ਨੇ ਚੀਨੀ ਡਿਪਲੋਮੈਟ ਨੂੰ ਦੇਸ਼ 'ਚੋਂ ਕੱਢਿਆ, ਬੌਖਲਾਇਆ ਡ੍ਰੈਗਨ

Tuesday, May 09, 2023 - 09:57 AM (IST)

ਟੋਰਾਂਟੋ (ਭਾਸ਼ਾ): ਕੈਨੇਡਾ ਅਤੇ ਚੀਨ ਵਿਚਾਲੇ ਇਕ ਵਾਰ ਫਿਰ ਤਣਾਅ ਪੈਦਾ ਹੋ ਗਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਸੋਮਵਾਰ ਨੂੰ ਇੱਕ ਚੀਨੀ ਡਿਪਲੋਮੈਟ ਨੂੰ ਦੇਸ਼ ਚੋਂ ਕੱਢਣ ਦਾ ਫ਼ੈਸਲਾ ਲਿਆ, ਜਿਸ 'ਤੇ ਕੈਨੇਡਾ ਦੀ ਜਾਸੂਸੀ ਏਜੰਸੀ ਨੇ ਦੋਸ਼ ਲਗਾਇਆ ਹੈ ਕਿ ਉਹ ਹਾਂਗਕਾਂਗ ਵਿੱਚ ਇੱਕ ਵਿਰੋਧੀ ਸੰਸਦ ਮੈਂਬਰ ਅਤੇ ਉਸਦੇ ਰਿਸ਼ਤੇਦਾਰਾਂ ਨੂੰ ਧਮਕਾਉਣ ਦੀ ਸਾਜਿਸ਼ ਵਿੱਚ ਸ਼ਾਮਲ ਹੈ। ਜਾਣਕਾਰੀ ਮੁਤਾਬਕ ਇਹ ਤਣਾਅ ਉਦੋਂ ਪੈਦਾ ਹੋਇਆ ਜਦੋਂ ਬੀਜਿੰਗ ਦੀ ਆਲੋਚਨਾ ਕਰਨ ਵਾਲੇ ਕੈਨੇਡੀਅਨ ਸੰਸਦ ਮੈਂਬਰ ਨੂੰ ਧਮਕੀ ਦੇਣ ਦੇ ਦੋਸ਼ੀ ਚੀਨੀ ਡਿਪਲੋਮੈਟ ਨੂੰ ਕੱਢਣ ਦਾ ਫ਼ੈਸਲਾ ਲਿਆ ਗਿਆ। ਇਸ 'ਤੇ ਗੁੱਸੇ ਵਿਚ ਆਏ ਡ੍ਰੈਗਨ ਨੇ ਕੈਨੇਡਾ 'ਤੇ ਜਵਾਬੀ ਕਾਰਵਾਈ ਕਰਨ ਦੀ ਸਹੁੰ ਖਾਧੀ। ਕਿਹਾ ਜਾ ਰਿਹਾ ਹੈ ਕਿ ਚੀਨੀ ਦੂਤਘਰ ਨੇ ਕੈਨੇਡਾ ਤੋਂ ਬਦਲਾ ਲੈਣ ਦੀ ਕਸਮ ਖਾਧੀ ਹੈ।

ਇਹ ਹੈ ਮਾਮਲਾ

ਕੈਨੇਡਾ ਨੇ ਇਕ ਖੁਫੀਆ ਰਿਪੋਰਟ ਤੋਂ ਬਾਅਦ ਚੀਨੀ ਡਿਪਲੋਮੈਟ ਝਾਓ ਵੇਈ ਨੂੰ ਦੇਸ਼ ਤੋਂ ਕੱਢ ਦਿੱਤਾ ਹੈ। ਚੀਨੀ ਡਿਪਲੋਮੈਟ 'ਤੇ ਰਾਜਨੀਤਿਕ ਦਖਲਅੰਦਾਜ਼ੀ ਅਤੇ ਕੈਨੇਡੀਅਨ ਸੰਸਦ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਹਾਲਾਂਕਿ ਚੀਨ ਨੇ ਇੱਕ ਦਿਨ ਪਹਿਲਾਂ ਤੱਕ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਤੋਂ ਇਨਕਾਰ ਕੀਤਾ ਸੀ ਪਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਉਹ ਜਵਾਬੀ ਕਾਰਵਾਈ ਕਰਨ ਦੇ ਮੂਡ ਵਿੱਚ ਹੈ। ਕਿਹਾ ਜਾ ਰਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧ ਹੋਰ ਵਿਗੜ ਸਕਦੇ ਹਨ।

ਕੈਨੇਡਾ ਦੇ ਮੰਤਰੀ ਨੇ ਦਿੱਤੇ ਸਨ ਸਖ਼ਤ ਹੁਕਮ 

ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀਆ ਜੌਲੀ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਟੋਰਾਂਟੋ ਸਥਿਤ ਚੀਨੀ ਡਿਪਲੋਮੈਟ ਝਾਓ ਵੇਈ ਨੂੰ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਅੰਦਰੂਨੀ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਾਂਗੇ। ਕੈਨੇਡਾ ਵਿੱਚ ਡਿਪਲੋਮੈਟਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਨੇ ਅਜਿਹਾ ਵਿਵਹਾਰ ਕੀਤਾ ਤਾਂ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਜਾਵੇਗਾ। ਖੁਫੀਆ ਸੇਵਾ ਅਨੁਸਾਰ ਚੀਨ ਨੇ 2019 ਅਤੇ 2021 ਵਿੱਚ ਕੈਨੇਡੀਅਨ ਫੈਡਰਲ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਮਾਈਕਲ ਚੋਂਗ ਵਾਰ-ਵਾਰ ਝਾਓ ਨੂੰ ਬਰਖਾਸਤ ਕਰਨ ਦੀ ਮੰਗ ਕਰ ਰਿਹਾ ਸੀ।

ਪੜ੍ਹੋ ਇਹ ਅਹਿਮ ਖ਼ਬਰ-ਅਲਬਾਨੀਜ਼ ਸਰਕਾਰ ਨੇ ਸਿੰਗਲ ਮਾਪਿਆਂ ਲਈ ਕੀਤਾ ਅਹਿਮ ਐਲਾਨ, ਦਿੱਤੀ ਵੱਡੀ ਰਾਹਤ

ਘਰੇਲੂ ਮਾਮਲਿਆਂ ਵਿੱਚ ਕਦੇ ਦਖ਼ਲ ਨਹੀਂ ਦਿੱਤਾ: ਬੀਜਿੰਗ

ਹਾਲਾਂਕਿ ਚੀਨੀ ਸਰਕਾਰ ਨੇ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਚੀਨ ਦਾ ਕਹਿਣਾ ਹੈ ਕਿ ਉਸ ਦੀ ਅਜਿਹਾ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਹੈ। ਸੋਮਵਾਰ ਨੂੰ ਓਟਾਵਾ ਵਿੱਚ ਚੀਨੀ ਦੂਤਘਰ ਨੇ ਆਪਣੀ ਵੈੱਬਸਾਈਟ 'ਤੇ ਇੱਕ ਬਿਆਨ ਜਾਰੀ ਕਰਕੇ ਝਾਓ ਵੇਈ ਦੇ ਬਰਖਾਸਤਗੀ ਦੇ ਆਦੇਸ਼ ਦੀ ਨਿੰਦਾ ਕੀਤੀ। ਚੀਨ ਨੇ ਦੁਹਰਾਇਆ ਕਿ ਬੀਜਿੰਗ ਨੇ ਕਦੇ ਵੀ ਕੈਨੇਡਾ ਦੇ ਘਰੇਲੂ ਮਾਮਲਿਆਂ ਵਿੱਚ ਦਖਲ ਨਹੀਂ ਦਿੱਤਾ ਹੈ। ਚੀਨੀ ਦੂਤਘਰ ਨੇ ਕਿਹਾ ਕਿ ਬੀਜਿੰਗ ਕਦੇ ਵੀ ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਨਹੀਂ ਦਿੰਦਾ। ਇਸ ਨੇ ਕੈਨੇਡਾ ਦੇ ਘਰੇਲੂ ਮਾਮਲਿਆਂ ਵਿੱਚ ਚੀਨੀ ਦਖਲਅੰਦਾਜ਼ੀ ਦੇ ਦਾਅਵੇ ਨੂੰ ਬੇਬੁਨਿਆਦ ਅਤੇ ਵਿਚਾਰਧਾਰਕ ਪੱਖਪਾਤ ਅਤੇ ਰਾਜਨੀਤਿਕ ਹੇਰਾਫੇਰੀ ਦੇ ਅਧਾਰ 'ਤੇ ਕੁਝ ਸਿਆਸਤਦਾਨਾਂ ਅਤੇ ਮੀਡੀਆ ਦੁਆਰਾ ਚੀਨ ਵਿਰੁੱਧ ਬਦਨਾਮ ਕਰਨ ਦਾ ਦੋਸ਼ ਲਗਾਇਆ।

ਡਿਪਲੋਮੈਟ ਨੇ ਨਿਭਾਈ ਆਪਣੀ ਡਿਊਟੀ 

ਚੀਨੀ ਦੂਤਘਰ ਨੇ ਕਿਹਾ ਕਿ ਕੈਨੇਡਾ ਵਿੱਚ ਬੀਜਿੰਗ ਦੇ ਕੂਟਨੀਤਕ ਅਤੇ ਕੌਂਸਲਰ ਕਰਮਚਾਰੀਆਂ ਨੇ ਸਬੰਧਤ ਅੰਤਰਰਾਸ਼ਟਰੀ ਸੰਮੇਲਨਾਂ ਅਤੇ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਦੇ ਅਨੁਸਾਰ ਆਪਣੇ ਫਰਜ਼ ਨਿਭਾਏ। ਅੱਗੇ ਕਿਹਾ ਕਿ ਕੈਨੇਡੀਅਨ ਸਰਕਾਰ ਜਾਣਬੁੱਝ ਕੇ ਚੀਨ ਵਿਰੋਧੀ ਤਾਕਤਾਂ ਨੂੰ ਹੱਲਾਸ਼ੇਰੀ ਦਿੰਦੀ ਹੈ ਅਤੇ ਚੀਨੀ ਕੌਂਸਲੇਟ ਦੇ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਦੀ ਹੈ। ਇਸ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ। ਚੀਨੀ ਦੂਤਘਰ ਨੇ ਕੈਨੇਡੀਅਨ ਪੱਖ ਨੂੰ ਅਪੀਲ ਕੀਤੀ ਕਿ ਉਹ ਗ਼ਲਤ ਕਾਰਵਾਈਆਂ ਬੰਦ ਕਰਨ ਅਤੇ ਗ਼ਲਤ ਰਸਤੇ 'ਤੇ ਨਾ ਜਾਣ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News