ਕੈਨੇਡਾ ਨੇ ਪਰਵਾਸੀ ਕਾਮਿਆਂ ਲਈ ਖੋਲ੍ਹੇ ਦਰਵਾਜ਼ੇ, ਨਵਾਂ ਇਮੀਗ੍ਰੇਸ਼ਨ ਪ੍ਰੋਗਰਾਮ ਸ਼ੁਰੂ

Monday, Jul 29, 2019 - 08:56 PM (IST)

ਕੈਨੇਡਾ ਨੇ ਪਰਵਾਸੀ ਕਾਮਿਆਂ ਲਈ ਖੋਲ੍ਹੇ ਦਰਵਾਜ਼ੇ, ਨਵਾਂ ਇਮੀਗ੍ਰੇਸ਼ਨ ਪ੍ਰੋਗਰਾਮ ਸ਼ੁਰੂ

ਟੋਰਾਂਟੋ— ਕੈਨੇਡੀਅਨ ਸਰਕਾਰ ਨੇ ਇਕ ਅਹਿਮ ਕਦਮ ਚੁੱਕਦੇ ਹੋਏ ਗ੍ਰੇਟਰ ਟੋਰਾਂਟੋ ਏਰੀਆ 'ਚ ਕਿਰਤੀਆਂ ਦੀ ਘਾਟ ਨੂੰ ਪੂਰਾ ਕਰਨ ਤੇ ਗੈਰ-ਦਸਤਾਵੇਜ਼ੀ ਉਸਾਰੀ ਕਾਮਿਆਂ ਲਈ ਦਰਵਾਜ਼ੇ ਖੋਲ੍ਹਦੇ ਹੋਏ ਇਕ ਨਵਾਂ ਇਮੀਗ੍ਰੇਸ਼ਨ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਲਈ ਅਰਜ਼ੀਆਂ ਕੈਨੇਡੀਅਨ ਲੇਬਰ ਕਾਂਗਰਸ ਰਾਹੀਂ 3 ਸਤੰਬਰ ਤੋਂ ਲਈਆਂ ਜਾਣਗੀਆਂ ਤੇ ਯੋਗ ਉਮੀਦਵਾਰਾਂ ਨੂੰ ਚੁਣਨ ਦਾ ਫੈਸਲਾ ਇਮੀਗ੍ਰੇਸ਼ਨ ਵਿਭਾਗ ਵਲੋਂ ਲਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੇਬਰ ਕਾਂਗਰਸ ਦੇ ਪ੍ਰਧਾਨ ਹਸਨ ਯੂਸੁਫ ਨੇ ਕਿਹਾ ਕਿ ਇਹ ਇਕ ਮਹੱਤਵਪੂਰਨ ਪ੍ਰੋਜੈਕਟ ਹੈ ਜਿਸ ਦਾ ਲਾਭ 500 ਤੋਂ ਵਧੇਰੇ ਕਿਰਤੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੇਗਾ। ਹਸਨ ਦਾ ਮੰਨਣਾ ਹੈ ਕਿ ਦੇਸ਼ 'ਚ ਗੈਰ-ਦਸਤਾਵੇਜ਼ੀ ਉਸਾਰੀ ਕਾਮਿਆਂ ਦੀ ਗਿਣਤੀ ਹਜ਼ਾਰਾਂ 'ਚ ਹੈ, ਜਿਨ੍ਹਾਂ 'ਚੋਂ ਕੁਝ ਕਾਮੇ 5 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਇਥੇ ਰਹਿ ਰਹੇ ਹਨ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਜੜਾਂ ਕੈਨੇਡਾ ਨਾਲ ਜੁੜ ਚੁੱਕੀਆਂ ਹਨ। ਇਸ ਲਈ ਉਨ੍ਹਾਂ ਕਾਮਿਆਂ ਨੂੰ ਇਹ ਲਾਭ ਦੇਣ ਦਾ ਫੈਸਲਾ ਲੈਣਾ ਸ਼ਲਾਘਾਯੋਗ ਕਦਮ ਹੈ।

ਬਿਲਡਿੰਗ ਫੋਰਸ ਕੈਨੇਡਾ ਤੇ ਨੈਸ਼ਨਲ ਇੰਡਸਟ੍ਰੀ-ਲੀਡ ਵਰਕਫੋਰਸ ਮੈਨੇਜਮੈਂਟ ਰਿਸਰਚ ਗਰੁੱਪ ਦੇ ਮੁਤਾਬਕ ਅਗਲੇ 10 ਸਾਲਾਂ 'ਚ ਓਨਟਾਰੀਓ ਨੂੰ 26 ਹਜ਼ਾਰ ਕਾਮਿਆਂ ਦੀ ਲੋੜ ਪਵੇਗੀ ਕਿਉਂਕਿ ਇਸ ਵੇਲੇ ਕੰਮ ਕਰ ਰਹੇ ਕਾਮੇ ਸੇਵਾਮੁਕਤੀ ਦੀ ਉਮਰ ਵੱਲ ਵਧ ਰਹੇ ਹਨ।


author

Baljit Singh

Content Editor

Related News