ਕੈਨੇਡਾ 'ਚ ਕੋਰੋਨਾ ਦੀ ਦੂਜੀ ਲਹਿਰ ਹੋ ਸਕਦੀ ਹੈ ਵਿਸਫੋਟਕ : ਸਿਹਤ ਅਧਿਕਾਰੀ

06/08/2020 7:18:24 AM

ਓਟਾਵਾ- ਕੈਨੇਡਾ ਦੀ ਪ੍ਰਮੁੱਖ ਜਨਤਕ ਸਿਹਤ ਮੁਖੀ ਡਾ. ਥੈਰੇਸਾ ਟੈਮ ਨੇ ਇਕ ਸਪੱਸ਼ਟ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਕੈਨੇਡਾ ਨੂੰ ਗਲਤ ਤਰੀਕੇ ਨਾਲ ਤੇ ਬਿਨਾਂ ਸਾਵਧਾਨੀ ਦੇ ਦੋਬਾਰਾ ਖੋਲ੍ਹਿਆ ਜਾਂਦਾ ਹੈ ਤਾਂ ਇਸ ਨਾਲ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ 'ਵਿਸਫੋਟਕ ਵਾਧਾ' ਹੋਵੇਗਾ। ਜੇਕਰ ਬਿਨਾ ਸਾਵਧਾਨੀ ਦੇ ਬਹੁਤ ਜ਼ਿਆਦਾ ਖੁੱਲ੍ਹ ਦੇ ਦਿੱਤੀ ਗਈ ਤਾਂ ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਬਚਣਾ ਬੇਹੱਦ ਮੁਸ਼ਕਲ ਹੋ ਜਾਵੇਗਾ। 

ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਕੀ ਹੋ ਰਿਹਾ ਹੈ ਤੇ ਕੋਰੋਨਾ ਤੋਂ ਲੋਕਾਂ ਨੂੰ ਕਿਵੇਂ ਬਚਾਇਆ ਜਾਵੇਗਾ, ਇਸ ਸਭ 'ਤੇ ਸੰਘੀ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਮਾਹਰਾਂ ਵਲੋਂ ਜਾਰੀ ਕੀਤੇ ਗਏ ਸੰਘੀ ਮਾਡਲਿੰਗ ਰਲੀਜ਼ ਵਿਚ ਕਿਹਾ ਗਿਆ ਸੀ ਕਿ ਕੈਨੇਡਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 97,990 ਤੋਂ 1,07,454 ਤੱਕ ਹੋ ਸਕਦੀ ਹੈ ਤੇ ਮਰਨ ਵਾਲਿਆਂ ਦੀ ਗਿਣਤੀ 7,700 ਤੋਂ 9,400 ਦੇ ਵਿਚਕਾਰ ਹੋ ਸਕਦੀ ਹੈ ਤੇ ਅਜਿਹਾ ਹੀ ਹੁੰਦਾ ਨਜ਼ਰ ਆ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਕੈਨੇਡਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 95 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ, ਉੱਥੇ ਹੀ ਮਰਨ ਵਾਲਿਆਂ ਦੀ ਗਿਣਤੀ ਵੀ 7700 ਤੋਂ ਵੱਧ ਹੈ। 
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਪਹਿਲਾਂ ਹੀ ਲੋਕਾਂ ਨੂੰ ਚਿਤਾਵਨੀ ਦੇ ਚੁੱਕੇ ਹਨ ਕਿ ਉਹ ਕੋਰੋਨਾ ਵਾਇਰਸ ਤੋਂ ਸਾਵਧਾਨ ਰਹਿਣ ਤੇ ਜਿੰਨਾ ਹੋ ਸਕੇ ਸਾਰੀਆਂ ਸਾਵਧਾਨੀਆਂ ਨੂੰ ਧਿਆਨ ਨਾਲ ਮੰਨਣ । ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਅਜੇ ਵੀ ਕਈ ਥਾਵਾਂ 'ਤੇ ਕੋਰੋਨਾ ਦਾ ਖਤਰਾ ਬਹੁਤ ਜ਼ਿਆਦਾ ਬਣਿਆ ਹੋਇਆ ਹੈ। ਪਿਛਲੇ 14 ਦਿਨਾਂ ਵਿਚ ਕਿਊਬਿਕ ਤੇ ਓਂਟਾਰੀਓ ਸੂਬੇ ਵਿਚੋਂ ਦੇਸ਼ ਦੇ 90 ਫੀਸਦੀ ਮਾਮਲੇ ਦਰਜ ਕੀਤੇ ਗਏ ਹਨ। 
ਸਿਹਤ ਕੈਨੇਡਾ ਡਾਟਾ ਮੁਤਾਬਕ 8700 ਲੋਕ ਅਜੇ ਵੀ ਹਸਪਤਾਲਾਂ ਵਿਚ ਹਨ ਤੇ ਇਨ੍ਹਾਂ ਵਿਚੋਂ 1700 ਲੋਕਾਂ ਨੂੰ ਆਈ. ਸੀ. ਯੂ. ਵਾਰਡ ਵਿਚ ਰੱਖਿਆ ਗਿਆ ਹੈ। ਮਰਨ ਵਾਲਿਆਂ ਵਿਚੋਂ ਲਗਭਗ 94 ਫੀਸਦੀ ਲੋਕਾਂ ਦੀ ਉਮਰ 60 ਸਾਲ ਤੋਂ ਵੱਧ ਸੀ। ਡਾ. ਥੈਰੇਸਾ ਨੇ ਕਿਹਾ ਕਿ ਜਦ ਤੱਕ ਕੋਰੋਨਾ ਵਾਇਰਸ ਦਾ ਕੋਈ ਪੱਕਾ ਹੱਲ ਨਹੀਂ ਮਿਲ ਜਾਂਦਾ ਲੋਕਾਂ ਨੂੰ ਪਹਿਲਾਂ ਵਾਂਗ ਹੀ ਸਾਵਧਾਨ ਰਹਿਣ ਦੀ ਲੋੜ ਪਵੇਗੀ। ਜੇਕਰ ਲੋਕ ਸਾਵਧਾਨੀ ਨਹੀਂ ਵਰਤਣਗੇ ਤਾਂ ਕੈਨੇਡਾ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿਸਫੋਟਕ ਹੋਵੇਗੀ।


Sanjeev

Content Editor

Related News