ਡੇਅ ਕੇਅਰ ''ਚ ਬੱਚਿਆਂ ਨੂੰ ਸਮਾਜਕ ਦੂਰੀ ਸਿਖਾਉਣਾ ਬੇਹੱਦ ਮੁਸ਼ਕਲ : ਕੈਨੇਡੀਅਨ ਮਾਹਰ

Thursday, Jun 25, 2020 - 02:13 PM (IST)

ਟੋਰਾਂਟੋ- ਕੋਰੋਨਾ ਵਾਇਰਸ ਕਾਰਨ ਸਮਾਜਕ ਦੂਰੀ ਬਣਾਈ ਰੱਖਣਾ ਬੇਹੱਦ ਜ਼ਰੂਰੀ ਹੈ ਪਰ ਬੱਚਿਆਂ ਨੂੰ ਇਹ ਸਭ ਸਮਝਾਉਣਾ ਤੇ ਮਨਾਉਣਾ ਬਹੁਤ ਮੁਸ਼ਕਲ ਹੈ। ਡੇਅ ਕੇਅਰ ਹੋਮ ਨਾਲ ਜੁੜੇ ਮਾਹਰਾਂ ਨੇ ਕਿਹਾ ਕਿ ਇਹ ਇਸ ਸਮੇਂ ਦੀ ਚੁਣੌਤੀ ਹੈ।


ਕਈ ਮਹੀਨਿਆਂ ਦੇ ਬੰਦ ਮਗਰੋਂ ਕੈਨੇਡਾ ਵਿਚ ਡੇਅ ਕੇਅਰ ਹੋਮ ਖੋਲ੍ਹੇ ਜਾ ਰਹੇ ਹਨ ਅਤੇ ਬੱਚਿਆਂ ਨੂੰ ਸਮਾਜਕ ਦੂਰੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ।  ਬੱਚਿਆਂ ਦੀ ਕੋਵਿਡ-19 ਲਈ ਸਕਰੀਨਿੰਗ ਰੋਜ਼ਾਨਾ ਕਰਵਾਈ ਜਾਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਹੱਥ ਸੈਨੇਟਾਈਜ਼ ਕੀਤੇ ਜਾਂਦੇ ਹਨ ਤੇ ਕੇਅਰ ਹੋਮ ਦੀ ਹਰ ਚੀਜ਼ ਨੂੰ ਸੈਨੇਟਾਈਜ਼ ਕੀਤਾ ਜਾਂਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਹਰ ਸਮੇਂ ਬੱਚਿਆਂ ਨੂੰ ਦੂਰ-ਦੂਰ ਰੱਖਣਾ ਸੰਭਵ ਨਹੀਂ ਹੈ ਕਿਉਂਕਿ ਅਜੇ ਉਹ ਇਸ ਗੱਲ ਨੂੰ ਸਮਝ ਨਹੀਂ ਸਕਦੇ।


ਬ੍ਰਿਟਿਸ਼ ਕੋਲੰਬੀਆ, ਓਂਟਾਰੀਓ ਤੇ ਅਲਬਰਟਾ ਦੇ ਚਾਈਲਡ ਕੇਅਰ ਪ੍ਰਬੰਧਕਾਂ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਇਹ ਇਕ ਵੱਡੀ ਚੁਣੌਤੀ ਹੈ ਤਾਂ ਕਿ ਬੱਚੇ ਵਾਇਰਸ ਤੋਂ ਬਚੇ ਰਹਿਣ। ਇਸੇ ਲਈ ਇਕ ਅਧਿਆਪਕ ਨੂੰ ਸਿਰਫ 10 ਬੱਚਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅਰਲੀ ਪ੍ਰੋਗਰਾਮ ਦੇ ਡਾਊਨ ਮੈਕਲੋਡ ਨੇ ਦੱਸਿਆ ਕਿ ਬੱਚਿਆਂ ਨੂੰ ਭਾਵਨਾਤਮਕ ਰੂਪ ਨਾਲ ਜੋੜ ਕੇ ਰੱਖਣਾ ਤੇ ਕੋਵਿਡ-19 ਤੋਂ ਸੁਰੱਖਿਅਤ ਰੱਖਣਾ ਇਕ ਚੁਣੌਤੀ ਵਾਂਗ ਹੈ ਕਿਉਂਕਿ ਰੋ ਰਹੇ ਬੱਚੇ ਨੂੰ ਗਲੇ ਲਗਾ ਕੇ ਹੀ ਚੁੱਪ ਕਰਵਾਇਆ ਜਾਂਦਾ ਹੈ ਤੇ ਕਈ ਵਾਰ ਉਸ ਨੂੰ ਸ਼ਾਬਾਸ਼ੀ ਦੇਣ ਲਈ ਵੀ ਗਲੇ ਲਗਾਇਆ ਜਾਂਦਾ ਹੈ ਪਰ ਹੁਣ ਉਨ੍ਹਾਂ ਦੇ ਅਧਿਆਪਕਾਂ ਨੂੰ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ। 


Lalita Mam

Content Editor

Related News