ਭਾਰਤ ਦੇ ਨਾਲ-ਨਾਲ ਕੈਨੇਡਾ ਨੇ ਵੀ US ਤੋਂ ਮੰਗੀ ਅਨਮੋਲ ਦੀ ਹਵਾਲਗੀ, ਵਧੇਗਾ ਦੋਵੇਂ ਦੇਸ਼ਾਂ ’ਚ ਤਣਾਅ

Thursday, Nov 21, 2024 - 09:59 AM (IST)

ਭਾਰਤ ਦੇ ਨਾਲ-ਨਾਲ ਕੈਨੇਡਾ ਨੇ ਵੀ US ਤੋਂ ਮੰਗੀ ਅਨਮੋਲ ਦੀ ਹਵਾਲਗੀ, ਵਧੇਗਾ ਦੋਵੇਂ ਦੇਸ਼ਾਂ ’ਚ ਤਣਾਅ

ਲੁਧਿਆਣਾ (ਪੰਕਜ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਦੇਸ਼ ਛੱਡ ਕੇ ਵਿਦੇਸ਼ ਭੱਜਣ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੀ ਅਮਰੀਕਾ ’ਚ ਗ੍ਰਿਫਤਾਰੀ ਤੋਂ ਬਾਅਦ ਭਾਰਤ ਸਰਕਾਰ ਦੇ ਨਾਲ-ਨਾਲ ਕੈਨੇਡਾ ਸਰਕਾਰ ਵੱਲੋਂ ਵੀ ਉਸ ਦੀ ਹਵਾਲਗੀ ਦੀ ਮੰਗ ਰੱਖੀ ਗਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਸਰਕਾਰ ਉਸ ਨੂੰ ਪਹਿਲਾਂ ਕੈਨੇਡਾ ਦੇ ਹਵਾਲੇ ਕਰਨ ਜਾ ਰਹੀ ਹੈ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਹਾਈ ਪ੍ਰੋਫਾਇਲ ਕਤਲ ਕਾਂਡ ਦੀ ਜਾਂਚ ’ਚ ਜੁਟੀ ਪੰਜਾਬ ਪੁਲਸ ਨੇ ਸਿੱਧੂ ਮੂਸੇਵਾਲਾ ਦੇ ਕਤਲ ’ਚ ਸ਼ਾਮਲ ਦੋ ਸ਼ੂਟਰਾਂ ਦਾ ਮੁਕਾਬਲਾ ਕਰਦੇ ਹੋਏ ਬਾਕੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਪੁਲਸ ਮੁਤਾਬਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਜੇਲ੍ਹ ’ਚ ਬੰਦ ਲਾਰੈਂਸ ਬਿਸ਼ਨੋਈ ਦੇ ਇਸ਼ਾਰੇ ’ਤੇ ਵਿਦੇਸ਼ ਭੱਜ ਚੁੱਕੇ ਉਸ ਦੇ ਸਾਥੀ ਗੋਲਡੀ ਬਰਾੜ ਅਤੇ ਉਸ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੇ ਰਚੀ ਸੀ।

ਇਹ ਵੀ ਪੜ੍ਹੋ: ਗੁਆਨਾ ਪੁੱਜੇ PM ਮੋਦੀ, ਏਅਰ ਪੋਰਟ 'ਤੇ ਰਿਸੀਵ ਕਰਨ ਆਏ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਣੇ ਪੂਰੀ ਕੈਬਨਿਟ

ਉਨ੍ਹਾਂ ਨੇ ਹੀ ਸ਼ੂਟਰਾਂ ਨੂੰ ਹਥਿਆਰ, ਗੱਡੀਆਂ ਅਤੇ ਵਾਰਦਾਤ ਤੋਂ ਬਾਅਦ ਲੁਕਣ ਲਈ ਜਗ੍ਹਾ ਦਾ ਪ੍ਰਬੰਧ ਕੀਤਾ ਸੀ। ਇੰਨਾ ਹੀ ਨਹੀਂ, ਖੁਦ ਗੋਲਡੀ ਬਰਾੜ ਨੇ ਵੀ ਇਸ ਬੇਦਰਦੀ ਨਾਲ ਹੋਏ ਕਤਲਕਾਂਡ ਦੀ ਜ਼ਿੰਮੇਵਾਰੀ ਲੈਂਦੇ ਹੋਏ ਖੁਲਾਸਾ ਕੀਤਾ ਸੀ ਕਿ ਸਿੱਧੂ ਦਾ ਕਤਲ ਉਨ੍ਹਾਂ ਨੇ ਹੀ ਕਰਵਾਇਆ ਹੈ ਅਤੇ ਕਿਉਂਕਿ ਉਸ ਦੇ ਭਰਾ ਗੁਰਲਾਲ ਬਰਾੜ ਅਤੇ ਵਿੱਕੀ ਮਿੱਢੂਖੇੜਾ ਦੇ ਹੋਏ ਕਤਲ ’ਚ ਸਿੱਧੂ ਦੀ ਕਥਿਤ ਸ਼ਮੂਲੀਅਤ ਦੇ ਬਾਵਜੂਦ ਪੁਲਸ ਵੱਲੋਂ ਉਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਇਸ ਲਈ ਉਨ੍ਹਾਂ ਨੇ ਆਪਣੇ ਭਰਾਵਾਂ ਦੇ ਕਤਲ ਦਾ ਬਦਲਾ ਲਿਆ ਹੈ। ਹਾਲਾਂਕਿ ਦੋਵੇਂ ਮਾਮਲਿਆਂ ਦੀ ਜਾਂਚ ਤੋਂ ਬਾਅਦ ਪੁਲਸ ਨੇ ਸਿੱਧੂ ਨੂੰ ਕਲੀਨ ਚਿੱਟ ਦਿੱਤੀ ਸੀ।

ਇਹ ਵੀ ਪੜ੍ਹੋ: UAE ਨੇ ਇਸ ਦੇਸ਼ ਦੇ ਨਾਗਰਿਕਾਂ 'ਤੇ ਲਾਈ ਪਾਬੰਦੀ

ਓਧਰ ਸਿੱਧੂ ਦੇ ਕਤਲ ਤੋਂ ਕੁਝ ਸਮਾਂ ਪਹਿਲਾਂ ਹੀ ਲਾਰੈਂਸ ਦਾ ਛੋਟਾ ਭਰਾ ਅਨਮੋਲ ਵੀ ਦੇਸ਼ ਛੱਡ ਕੇ ਵਿਦੇਸ਼ ਭੱਜਣ ’ਚ ਕਾਮਯਾਬ ਹੋ ਗਿਆ ਸੀ ਅਤੇ ਬਾਅਦ ’ਚ ਉਸ ਦੇ ਅਮਰੀਕਾ ਵਿਚ ਹੋਣ ਦੀਆਂ ਖ਼ਬਰਾਂ ’ਤੇ ਉਸ ਸਮੇਂ ਮੋਹਰ ਲੱਗੀ ਸੀ। ਅਮਰੀਕਾ ਵਿਚ ਹੋਏ ਇਕ ਵਿਆਹ ਸਮਾਗਮ ਸਬੰਧੀ ਜਾਰੀ ਹੋਈ ਵੀਡੀਓ ’ਚ ਉਸ ਨੂੰ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਅਮਰੀਕਾ ਸਰਕਾਰ ਤੋਂ ਉਸ ਦੀ ਹਵਾਲਗੀ ਦੀ ਮੰਗ ਕੀਤੀ ਸੀ ਪਰ ਕੁੱਝ ਦਿਨ ਪਹਿਲਾਂ ਅਨਮੋਲ ਦੀ ਅਮਰੀਕਾ ਦੇ ਪੋਟਾ ਬੇਟਨਿੰਗ ਕਾਊਂਟੀ ’ਚ ਹੋਈ ਗ੍ਰਿਫਤਾਰੀ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਇਕ ਵਾਰ ਫਿਰ ਉਸ ਨੂੰ ਭਾਰਤ ਦੇ ਹਵਾਲੇ ਕਰਨ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ: ਅਮਰੀਕਾ 'ਚ ਪੰਜਾਬੀ ਗੱਭਰੂ ਨੇ ਗੱਡੇ ਝੰਡੇ, ਵਿਸ਼ਵ ਪਾਵਰ ਲਿਫਟਿੰਗ ਚੈਂਪੀਅਨਸ਼ਿਪ 'ਚ ਜਿੱਤੇ 3 ਗੋਲਡ ਮੈਡਲ

ਇਸ ਤੋਂ ਪਹਿਲਾਂ ਕਿ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਸਰਕਾਰ ਭਾਰਤ ਦੇ ਹਵਾਲੇ ਕਰਦੀ, ਉਸੇ ਸਮੇਂ ਕੈਨੇਡਾ ਸਰਕਾਰ ਨੇ ਵੀ ਅਮਰੀਕਾ ਸਰਕਾਰ ਤੋਂ ਅਨਮੋਲ ਦੀ ਹਵਾਲਗੀ ਦੀ ਮੰਗ ਰੱਖ ਦਿੱਤੀ ਹੈ, ਜਿਸ ਦੇ ਪਿੱਛੇ ਕੈਨੇਡਾ ’ਚ ਪਿਛਲੇ ਕੁਝ ਸਮੇਂ ਦੇ ਅੰਦਰ ਖਾਲਿਸਤਾਨੀ ਹਮਾਇਤੀਆਂ ਦੇ ਹੋਏ ਕਤਲ ਅਤੇ ਕਈ ਮਸ਼ਹੂਰ ਪੰਜਾਬੀ ਸਿੰਗਰਾਂ ਸਮੇਤ ਉਦਯੋਗਪਤੀਆਂ ਦੇ ਘਰਾਂ ’ਤੇ ਐਕਸਟਾਰਸ਼ਨ ਦੀ ਮੰਗ ਨੂੰ ਲੈ ਕੇ ਹੋਈਆਂ ਫਾਇਰਿੰਗ ਦੀਆਂ ਘਟਨਾਵਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਦੱਸ ਦੇਈਏ ਕਿ ਸਰਕਾਰ, ਖਾਸ ਕਰ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਉਥੇ ਹੋਈਆਂ ਕੁਝ ਘਟਨਾਵਾਂ ਦੇ ਲਈ ਕਥਿਤ ਤੌਰ ’ਤੇ ਭਾਰਤ ਸਰਕਾਰ ਨੂੰ ਜ਼ਿੰਮੇਵਾਰ ਕਰਾਰ ਦਿੰਦੇ ਹੋਏ ਗੰਭੀਰ ਦੋਸ਼ ਲਾਏ ਜਾ ਰਹੇ ਹਨ। ਅਜਿਹੇ ’ਚ ਕੈਨੇਡਾ ਸਰਕਾਰ ਵੱਲੋਂ ਅਨਮੋਲ ਦੀ ਹਵਾਲਗੀ ਦੀ ਮੰਗ ਇਸ ਲਈ ਰੱਖੀ ਜਾ ਰਹੀ ਹੈ ਕਿ ਉਹ ਕੈਨੇਡਾ ਵਿਚ ਪੰਜਾਬੀ ਮੂਲ ਦੇ ਲੋਕਾਂ ਨਾਲ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਅਨਮੋਲ ਤੋਂ ਪੁੱਛਗਿੱਛ ਕਰ ਸਕੇ। ਹੁਣ ਦੇਖਣਾ ਹੋਵੇਗਾ ਕਿ ਮੋਸਟ ਵਾਂਟਿਡ ਕ੍ਰਿਮੀਨਲ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਸਰਕਾਰ ਭਾਰਤ ਨੂੰ ਸੌਂਪਦੀ ਹੈ ਜਾਂ ਫਿਰ ਕੈਨੇਡਾ ਸਰਕਾਰ ਦੇ ਹਵਾਲੇ ਕਰਦੀ ਹੈ।

ਇਹ ਵੀ ਪੜ੍ਹੋ: ਹੁਣ ਗੁਆਨਾ ਤੇ ਬਾਰਬਾਡੋਸ ਭਾਰਤੀ PM ਨੂੰ ਦੇਣਗੇ ਆਪਣਾ ਸਰਵਉੱਚ ਪੁਰਸਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News