ਕੈਨੇਡਾ ਦੇ ਹਿੰਦੂ ਮੰਦਰਾਂ ’ਤੇ ਹੋ ਰਹੇ ਹਮਲਿਆਂ ਤੇ ਸਾਜ਼ਿਸ਼ਾਂ ਦਾ ਸਰਗਨਾ ਹੈ ਖਾਲਿਸਤਾਨੀ ਪੰਨੂ!
Wednesday, Nov 06, 2024 - 10:06 AM (IST)
ਜਲੰਧਰ (ਸੂਰਜ ਠਾਕੁਰ) : ਕੈਨੇਡਾ ਦੇ ਇਕ ਹਿੰਦੂ ਸਭਾ ਮੰਦਰ ’ਚ ਸ਼ਰਧਾਲੂਆਂ ’ਤੇ ਖਾਲਿਸਤਾਨੀਆਂ ਵੱਲੋਂ ਕੀਤਾ ਗਿਆ ਹਮਲਾ ਪੂਰੀ ਦੁਨੀਆ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ ਦੋ-ਤਿੰਨ ਸਾਲਾਂ ’ਚ ਅਜਿਹੇ ਡੇਢ ਦਰਜਨ ਤੋਂ ਵੱਧ ਹਿੰਦੂ ਮੰਦਰਾਂ ’ਤੇ ਹੋਏ ਹਮਲਿਆਂ ਤੋਂ ਬਾਅਦ ਪਹਿਲੀ ਵਾਰ ਹਿੰਦੂ ਭਾਈਚਾਰੇ ਦੇ ਲੋਕ ਕੈਨੇਡਾ ਦੀਆਂ ਸੜਕਾਂ ’ਤੇ ਆਵਾਜ਼ ਬੁਲੰਦ ਕਰ ਕੇ ਜਸਟਿਨ ਟਰੂਡੋ ਦੀ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਨ। ਇਸ ਮਾਮਲੇ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿੱਖ ਫਾਰ ਜਸਟਿਸ (ਐੱਸ.ਐੱਫ.ਜੇ.) ਦੇ ਮੁਖੀ ਅਤੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਸਰਪ੍ਰਸਤੀ ਨਾ ਦਿੱਤੀ ਹੁੰਦੀ ਤਾਂ ਪਿਛਲੇ ਕੁਝ ਸਾਲਾਂ ਤੋਂ ਹਿੰਦੂ ਮੰਦਰਾਂ ’ਤੇ ਹੋ ਰਹੇ ਹਮਲਿਆਂ ’ਤੇ ਰੋਕ ਲੱਗ ਸਕਦੀ ਸੀ। ਇਕ ਰਿਪੋਰਟ ਅਨੁਸਾਰ ਖਾਲਿਸਤਾਨੀ ਸਮਰਥਕਾਂ ਵੱਲੋਂ ਬਰੈਂਪਟਨ ’ਚ ਹਿੰਦੂਆਂ ’ਤੇ ਹਮਲੇ ਦੀ ਸਾਜ਼ਿਸ਼ ਦਾ ਸਰਗਨਾ ਪੰਨੂ ਹੀ ਹੈ। ਹਾਲਾਂਕਿ ਸਿਆਸੀ ਸਰਪ੍ਰਸਤੀ ਕਾਰਨ ਕੈਨੇਡੀਅਨ ਪੁਲਸ ਉਸ ਨੂੰ ਜਾਂਚ ’ਚ ਸ਼ਾਮਲ ਕਰਨ ਤੋਂ ਝਿਜਕਦੀ ਹੈ। ਇੰਨਾ ਹੀ ਨਹੀਂ ਪੰਨੂ ਕੈਨੇਡਾ ਦੇ ਨਾਲ-ਨਾਲ ਅਮਰੀਕਾ ਦਾ ਵੀ ਨਾਗਰਿਕ ਹੈ ਅਤੇ ਅਮਰੀਕਾ ਵੀ ਉਸ ਦੀਆਂ ਭਾਰਤ ਵਿਰੋਧੀ ਸਰਗਰਮੀਆਂ ਨੂੰ ਲਗਾਤਾਰ ਸੁਰੱਖਿਆ ਪ੍ਰਦਾਨ ਕਰ ਰਿਹਾ ਹੈ।
ਇਹ ਵੀ ਪੜ੍ਹੋ: US Presidential Election: ਵੋਟਾਂ ਦੀ ਗਿਣਤੀ ਜਾਰੀ, ਕਮਲਾ ਹੈਰਿਸ ਤੋਂ ਅੱਗੇ ਨਿਕਲੇ ਡੋਨਾਲਡ ਟਰੰਪ
ਪੰਨੂ ਨੇ ਹਿੰਦੂਆਂ ਨੂੰ ਦੀਵਾਲੀ ਨਾ ਮਨਾਉਣ ਦੀ ਦਿੱਤੀ ਸੀ ਧਮਕੀ
ਬਰੈਂਪਟਨ ’ਚ ਹਮਲੇ ਤੋਂ ਪਹਿਲਾਂ ਅੱਤਵਾਦੀ ਪੰਨੂ ਨੇ ਹਿੰਦੂਆਂ ਨੂੰ ਦੀਵਾਲੀ ਨਾ ਮਨਾਉਣ ਲਈ ਕਿਹਾ ਸੀ ਅਤੇ ਮੰਦਰਾਂ ’ਚ ਵਿਘਨ ਪਾਉਣ ਦੀ ਧਮਕੀ ਦਿੱਤੀ ਸੀ। ਪੰਨੂ ਦੀ ਧਮਕੀ ਮੁਤਾਬਿਕ ਹੀ ਸਭ ਕੁਝ ਹੋਇਆ, ਜਦੋਂ ਹਿੰਦੂ ਦੀਵਾਲੀ ਮਨਾਉਣ ਲਈ ਮੰਦਰ ’ਚ ਆਏ ਤਾਂ ਹੱਥਾਂ ’ਚ ਖਾਲਿਸਤਾਨ ਦੇ ਝੰਡੇ ਚੁੱਕੀ ਕੁਝ ਨੌਜਵਾਨਾਂ ਨੇ ਹਿੰਦੂ ਸ਼ਰਧਾਲੂਆਂ ’ਤੇ ਹਮਲਾ ਕਰ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਪੀਲ ਰੀਜਨਲ ਪੁਲਸ ਨੇ ਸਿਰਫ ਇੰਨਾਂ ਹੀ ਕਿਹਾ ਹੈ ਕਿ ਬਰੈਂਪਟਨ ਦੇ ਇਕ ਹਿੰਦੂ ਮੰਦਰ ’ਚ ਪ੍ਰਦਰਸ਼ਨ ਹੋਇਆ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਇਕ ਗੈਰ-ਪ੍ਰਮਾਣਿਤ ਵੀਡੀਓ ’ਚ ਪ੍ਰਦਰਸ਼ਨਕਾਰੀਆਂ ਨੂੰ ਖਾਲਿਸਤਾਨ ਦੇ ਸਮਰਥਨ ’ਚ ਬੈਨਰ ਫੜੇ ਹੋਏ ਦੇਖਿਆ ਗਿਆ। ਪੰਨੂ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਪਿਛਲੇ ਕੁਝ ਸਾਲਾਂ ਤੋਂ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਅੱਤਵਾਦੀ ਨੇ ਹਿੰਦੂਆਂ ਨੂੰ ਕਿਹਾ ਸੀ ‘ਕੈਨੇਡਾ ਛੱਡੋ, ਭਾਰਤ ਜਾਓ’
ਪੰਨੂ ਆਪਣੇ ਬਿਆਨਾਂ ’ਚ ਹਿੰਦੂਆਂ ਨੂੰ ਟਾਰਗੈੱਟ ਕਰਦਾ ਆਇਆ ਹੈ। ਪਿਛਲੇ ਸਾਲ ਜਦੋਂ ਐਡਮਿੰਟਨ ’ਚ ਹਿੰਦੂ ਮੰਦਰ ਬੀ.ਏ.ਪੀ.ਐੱਸ. ਸਵਾਮੀ ਨਾਰਾਇਣ ਮੰਦਰ ’ਚ ਭੰਨ-ਤੋੜ ਕੀਤੀ ਗਈ ਸੀ ਤਾਂ ਕੈਨੇਡਾ ਦੇ ਸੰਸਦ ਮੈਂਬਰ ਆਰੀਆ ਚੰਦਰਾ ਨੇ ਖਾਲਿਸਤਾਨ ਸਮਰਥਕਾਂ ਵੱਲੋਂ ਨਫ਼ਰਤ ਅਤੇ ਹਿੰਸਾ ਦੀਆਂ ਕਾਰਵਾਈਆਂ ਦੀ ਨਿੰਦਾ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਇਸ ਦੇ ਜਵਾਬ ’ਚ ਪੰਨੂੰ ਨੇ ਇਕ ਵੀਡੀਓ ਜਾਰੀ ਕਰ ਕੇ ਹਿੰਦੂਆਂ ਨੂੰ ਕੈਨੇਡਾ ਛੱਡਣ ਦੀ ਧਮਕੀ ਦਿੱਤੀ ਸੀ। ਪੰਨੂ ਨੇ ਦੋਸ਼ ਲਾਇਆ ਸੀ ਕਿ ਕੈਨੇਡਾ ਨੇ ਉਸ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲਅੰਦਾਜ਼ੀ ਕਾਰਨ ਭਾਰਤ ਨਾਲ ਵਪਾਰ ਮੁਅੱਤਲ ਕਰ ਦਿੱਤਾ ਹੈ, ਇਸ ਲਈ ਉਥੇ ਰਹਿੰਦੇ ਭਾਰਤੀਆਂ ਨੂੰ ਵੀ ਕੈਨੇਡਾ ਛੱਡ ਦੇਣਾ ਚਾਹੀਦਾ ਹੈ। ਉਸ ਨੇ ਹਿੰਦੂਆਂ ਲਈ ‘ਕੈਨੇਡਾ ਛੱਡੋ, ਭਾਰਤ ਜਾਓ’ ਦਾ ਨਾਅਰਾ ਦਿੱਤਾ ਸੀ। ਪੰਨੂ ਨੇ ਕਿਹਾ ਸੀ ਕਿ ਕੈਨੇਡਾ ਦੇ ਹਿੱਤਾਂ ਵਿਰੁੱਧ ਕੰਮ ਕਰਨ ਵਾਲੇ ਭਾਰਤੀ-ਹਿੰਦੂਆਂ ਨੇ ਕੈਨੇਡਾ ਪ੍ਰਤੀ ਆਪਣੀ ਵਫ਼ਾਦਾਰੀ ਨੂੰ ਨੱਕਾਰ ਦਿੱਤਾ ਹੈ।
ਇਹ ਵੀ ਪੜ੍ਹੋ: ਸਪੇਸ ਸਟੇਸ਼ਨ 'ਤੇ 6 ਮਹੀਨੇ ਬਿਤਾਉਣ ਤੋਂ ਬਾਅਦ ਧਰਤੀ 'ਤੇ ਸੁਰੱਖਿਅਤ ਪਰਤੇ ਚੀਨ ਦੇ 3 ਪੁਲਾੜ ਯਾਤਰੀ
ਅਮਰੀਕਾ ਤੇ ਕੈਨੇਡਾ ਦੀ ਸਰਪ੍ਰਸਤੀ ਹੇਠ ਭਾਰਤ ਨੂੰ ਪੰਨੂ ਦੀਆਂ ਧਮਕੀਆਂ
ਇਸ ਤੋਂ ਇਲਾਵਾ ਅਮਰੀਕੀ ਏਜੰਸੀਆਂ ਨੇ ਪੰਨੂ ’ਤੇ ਹਮਲੇ ਦਾ ਹੁਕਮ ਦੇਣ ਦਾ ਦੋਸ਼ ਭਾਰਤੀ ਖੁਫੀਆ ਏਜੰਸੀ ਦੇ ਸਾਬਕਾ ਅਧਿਕਾਰੀ ’ਤੇ ਲਗਾਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਕੈਨੇਡਾ ਦੀਆਂ ਸਰਕਾਰਾਂ ਦੀ ਸਰਪ੍ਰਸਤੀ ਹੇਠ ਪੰਨੂ ਭਾਰਤ ਅਤੇ ਹਿੰਦੂਆਂ ਨੂੰ ਧਮਕੀਆਂ ਦਿੰਦਾ ਹੈ। ਉਸ ਨੇ ਏਅਰਲਾਈਨਾਂ ਨੂੰ ਬੰਬ ਨਾਲ ਉਡਾਉਣ ਅਤੇ ਭਾਰਤੀ ਸੰਸਦ ’ਤੇ ਹਮਲਾ ਕਰਨ ਦੀ ਚਿਤਾਵਨੀ ਦਿੱਤੀ ਸੀ। ਵੱਖ-ਵੱਖ ਦੇਸ਼ਾਂ ’ਚ ਅਖੌਤੀ ਖਾਲਿਸਤਾਨੀ ਰਾਏਸ਼ੁਮਾਰੀ ਕਰਵਾਉਣ ਵਾਲੇ ਪੰਨੂ ਨੂੰ ਭਾਰਤ ਨੇ ਅੱਤਵਾਦੀ ਐਲਾਨਿਆ ਹੋਇਆ ਹੈ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਰੈਂਪਟਨ ਦੇ ਹਿੰਦੂ ਮੰਦਰ ’ਤੇ ਹਮਲਾ ਹਿੰਦੂ ਭਾਈਚਾਰੇ ’ਚ ਦਹਿਸ਼ਤ ਅਤੇ ਭਾਰਤ ਵਿਰੋਧੀ ਭਾਵਨਾਵਾਂ ਨੂੰ ਪ੍ਰਫੁੱਲਤ ਕਰਨ ਲਈ ਪੰਨੂ ਦੀ ਮੁਹਿੰਮ ਦਾ ਹਿੱਸਾ ਹੈ। ਇਸ ਦੇ ਬਾਵਜੂਦ ‘ਵਿਚਾਰਾਂ ਦੀ ਪ੍ਰਗਟਾਵੇ ਦੀ’ ਆਜ਼ਾਦੀ ਦੇ ਨਾਂ ’ਤੇ ਦੋਵੇਂ ਦੇਸ਼ ਪੰਨੂ ਨੂੰ ਭਾਰਤ ਅਤੇ ਹਿੰਦੂਆਂ ਨੂੰ ਧਮਕੀਆਂ ਦੇਣ ਦੀ ਇਜਾਜ਼ਤ ਦਿੰਦੇ ਹਨ। ਕੈਨੇਡੀਅਨ ਰਾਜਨੀਤੀ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀਆਂ ਨੂੰ ਖੁਸ਼ ਕਰਨ ਅਤੇ ਉਨ੍ਹਾਂ ਦੀਆਂ ਵੋਟਾਂ ਹਾਸਲ ਕਰਨ ਦੀ ਆਸ ’ਚ ਭਾਰਤ-ਕੈਨੇਡਾ ਸਬੰਧਾਂ ਨੂੰ ਖ਼ਤਰੇ ’ਚ ਪਾ ਦਿੱਤਾ ਹੈ। ਟਰੂਡੋ ਅਤੇ ਕੈਨੇਡੀਅਨ ਸੁਰੱਖਿਆ ਏਜੰਸੀਆਂ ਵੱਲੋਂ ਖਾਲਿਸਤਾਨੀਆਂ ਨੂੰ ਦਿੱਤੀ ਗਈ ਸੁਰੱਖਿਆ ਨੇ ਉਨ੍ਹਾਂ ਨੂੰ ਨਾ ਸਿਰਫ ਭਾਰਤੀ ਡਿਪਲੋਮੈਟਾਂ ਸਗੋਂ ਕੈਨੇਡੀਅਨ ਹਿੰਦੂਆਂ ’ਤੇ ਵੀ ਹਮਲਾ ਕਰਨ ਲਈ ਉਤਸ਼ਾਹਿਤ ਕੀਤਾ ਹੈ।
ਜਾਣਬੁੱਝ ਕੇ ਖਾਲਿਸਤਾਨੀਆਂ ਨੂੰ ਖੁਸ਼ ਕਰ ਰਹੇ ਟਰੂਡੋ
ਇਕ ਕੈਨੇਡੀਅਨ ਅਖਬਾਰ ’ਚ ਤਾਜ਼ਾ ਲੇਖ ’ਚ ਸੁਰੱਖਿਆ ਵਿਸ਼ਲੇਸ਼ਕ ਐਡਮ ਜਾਰਜ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਖਾਲਿਸਤਾਨੀ ਕੱਟੜਪੰਥੀਆਂ ਨੂੰ ਖੁਸ਼ ਕਰਨ ਦਾ ਟਰੂਡੋ ਦਾ ਫੈਸਲਾ ਅਗਿਆਨਤਾ ’ਚ ਨਹੀਂ ਸਗੋਂ ਪੱਖਪਾਤੀ ਫਾਇਦਾ ਲੈਣ ਲਈ ਜਾਣਬੁੱਝ ਕੇ ਕੀਤੀ ਗਈ ਗਲਤੀ ਹੈ ਕਿਉਂਕਿ ਭਾਰਤ ਦਹਾਕਿਆਂ ਤੋਂ ਕੈਨੇਡਾ ’ਚ ਅੰਦੋਲਨ ਦੀਆਂ ਗੈਰ-ਕਾਨੂੰਨੀ ਸਰਗਰਮੀਆਂ ਬਾਰੇ ਓਟਾਵਾ ਨੂੰ ਵਾਰ-ਵਾਰ ਚਿਤਾਵਨੀ ਦਿੰਦਾ ਰਿਹਾ ਹੈ, ਜਿਸ ’ਚ 1985 ’ਚ ਏਅਰ ਇੰਡੀਆ ਬੰਬ ਧਮਾਕੇ ’ਚ ਖਾਲਿਸਤਾਨੀਆਂ ਦੀ ਸ਼ਮੂਲੀਅਤ ਵੀ ਸ਼ਾਮਲ ਹੈ। ਇਹ ਕੈਨੇਡਾ ਦਾ ਸਭ ਤੋਂ ਘਾਤਕ ਅੱਤਵਾਦੀ ਹਮਲਾ ਸੀ, ਜਿਸ ’ਚ 329 ਲੋਕਾਂ ਦੀ ਜਾਨ ਗਈ ਸੀ। ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਟਰੂਡੋ ਦੀ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਭਾਰਤੀ ਮੂਲ ਦੇ ਸਿਆਸਤਦਾਨ ਉੱਜਲ ਦੁਸਾਂਝ ਨੇ ਇਕ ਵਾਰ ਟਰੂਡੋ ਨੂੰ ਖਾਲਿਸਤਾਨੀਆਂ ਦੀ ਅਸਲੀਅਤ ਬਾਰੇ ਸਮਝਾਉਣ ਦੀ ਅਸਫਲ ਕੋਸ਼ਿਸ਼ ਕੀਤੀ ਸੀ।
ਇਹ ਵੀ ਪੜ੍ਹੋ: ਪਾਕਿਸਤਾਨ ਦੇ ਇਸ ਸ਼ਹਿਰ ਦੀ ਹਵਾ ਹੋਈ ਗੰਦਲੀ, 1900 ਤੱਕ ਪਹੁੰਚਿਆ AQI, ਭਾਰਤ ਸਿਰ ਮੜ੍ਹਿਆ ਦੋਸ਼
2008 ਤੋਂ ਖਾਲਿਸਤਾਨੀਆਂ ਦੇ ਹੱਕ ’ਚ ਸਨ ਟਰੂਡੋ
ਉੱਜਲ ਨੇ ਹਾਲ ਹੀ ’ਚ ਮੀਡੀਆ ਨੂੰ ਦਿੱਤੇ ਬਿਆਨ ’ਚ ਕਿਹਾ ਸੀ ਕਿ ਜਦੋਂ ਮੈਂ ਕੁਝ ਸਾਲਾਂ ਤੋਂ ਸੰਸਦ ਮੈਂਬਰ ਵਜੋਂ ਉਨ੍ਹਾਂ ਦੇ ਨਾਲ ਸੀ ਤਾਂ ਕਾਮਨਜ਼ ਦੀ ਲਾਬੀ ’ਚ ਉਨ੍ਹਾਂ ਨਾਲ ਲੰਬੀ ਬਹਿਸ ਹੋਈ ਸੀ। ਅਸੀਂ 2008 ਤੋਂ 2011 ਤੱਕ ਇਕੱਠੇ ਸੰਸਦ ਮੈਂਬਰ ਸੀ। ਮੈਂ ਉਨ੍ਹਾਂ ਨਾਲ ਪਛਾਣ ਅਤੇ ਧਰਮ ਬਾਰੇ ਲੰਬੀ ਗੱਲਬਾਤ ਕੀਤੀ ਸੀ। ਇਸ ਗੱਲਬਾਤ ’ਚ ਸਾਰੇ ਖਾਲਿਸਤਾਨੀ ਮੇਜ਼ ਦੇ ਆਲੇ-ਦੁਆਲੇ ਬੈਠੇ ਹੋਏ ਸਨ ਪਰ ਟਰੂਡੋ ਨੇ ਮੇਰੀ ਬਜਾਏ ਉਨ੍ਹਾਂ ਨਾਲ ਸਹਿਮਤੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪ੍ਰਵਾਸੀਆਂ ਬਾਰੇ ਟਰੂਡੋ ਦਾ ਸਭ ਤੋਂ ਮਸ਼ਹੂਰ ਬਿਆਨ ਹੈ ‘ਤੁਸੀਂ ਇਥੇ ਆਉਂਦੇ ਹੋ, ਤੁਸੀਂ ਉਹ ਹੋ ਸਕਦੇ ਹੋ, ਜੋ ਤੁਸੀਂ ਹੋ।’ ਦੱਸ ਦਈਏ ਕਿ ਉਦਾਰਵਾਦੀ ਸਿੱਖ ਵਜੋਂ ਜਾਣੇ ਜਾਂਦੇ ਦੋਸਾਂਝ ’ਤੇ ਖਾਲਿਸਤਾਨੀਆਂ ਦੀ ਵਿਚਾਰਧਾਰਾ ਦਾ ਵਿਰੋਧ ਕਰਨ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ।
ਆਮ ਸਿੱਖਾਂ ਨੂੰ ਖਾਲਿਸਤਾਨੀਆਂ ਦੇ ਬਰਾਬਰ ਸਮਝਦੇ ਹਨ ਕੈਨੇਡੀਅਨ ਪ੍ਰਧਾਨ ਮੰਤਰੀ
ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਉੱਜਲ ਦੋ ਕਾਰਨਾਂ ਕਰ ਕੇ ਟਰੂਡੋ ਨੂੰ ਦੋਸ਼ੀ ਮੰਨਦੇ ਹਨ। ਪਹਿਲਾਂ ਉਨ੍ਹਾਂ ਨੇ ਇਹ ਕਦੇ ਨਹੀਂ ਸਮਝਿਆ ਕਿ ਸਿੱਖਾਂ ਦਾ ਵੱਡਾ ਬਹੁਮਤ ਆਪਣੇ ਨਜ਼ਰੀਏ ’ਚ ਕਾਫ਼ੀ ਧਰਮ ਨਿਰਪੱਖ ਹੈ, ਇਸ ਤੱਥ ਦੇ ਬਾਵਜੂਦ ਕਿ ਉਹ ਗੁਰਦੁਆਰੇ ਜਾਂਦੇ ਹਨ । ਦੂਸਰਾ ਖਾਲਿਸਤਾਨੀ ਬਹੁਗਿਣਤੀ ਨਹੀਂ ਹਨ ਅਤੇ ਹਕੀਕਤ ਇਹ ਹੈ ਕਿ ਡਰ ਕਾਰਨ ਕੋਈ ਵੀ ਉਨ੍ਹਾਂ ਵਿਰੁੱਧ ਨਹੀਂ ਬੋਲਦਾ। ਉੱਜਲ ਦਾ ਕਹਿਣਾ ਹੈ ਕਿ ਡਰਾ-ਧਮਕਾ ਕੇ ਖਾਲਿਸਤਾਨੀ ਸਮਰਥਕ ਕੈਨੇਡਾ ਦੇ ਕਈ ਗੁਰਦੁਆਰਿਆਂ ਨੂੰ ਕੰਟਰੋਲ ਕਰਦੇ ਹਨ। ਉਨ੍ਹਾਂ ਕਿਹਾ ਕਿ ਟਰੂਡੋ ਦੀਆਂ ਇਨ੍ਹਾਂ ਗਲਤੀਆਂ ਕਾਰਨ ਹੁਣ ਕੈਨੇਡੀਅਨ ਲੋਕ ਖਾਲਿਸਤਾਨੀਆਂ ਨੂੰ ਵੀ ਆਮ ਸਿੱਖਾਂ ਦੇ ਬਰਾਬਰ ਸਮਝਦੇ ਹਨ, ਜਿਵੇਂ ਕਿ ਜੇਕਰ ਅਸੀਂ ਸਿੱਖ ਹਾਂ ਤਾਂ ਅਸੀਂ ਸਾਰੇ ਖਾਲਿਸਤਾਨੀ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8