ਸਰੀ ''ਚ 21 ਸਾਲਾ ਭਾਰਤੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
Thursday, Dec 05, 2019 - 07:14 PM (IST)

ਟੋਰਾਂਟੋ (ਬਿਊਰੋ): ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ਵਿਚ ਬੀਤੇ ਦਿਨੀਂ ਭਾਰਤੀ ਮੂਲ ਦੇ ਨੌਜਵਾਨ 21 ਸਾਲਾ ਵਰਣ ਨੰਦ (Verron Nand) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਬੁਲਾਲੇ ਸਾਰਜੈਂਟ ਫ੍ਰੈਂਕ ਜੈਂਗ ਨੇ ਦੱਸਿਆ ਕਿ ਉਨ੍ਹਾਂ ਨੂੰ ਸਰੀ ਦੇ ਬੁਲੇਅਵਰ ਹਾਈਟਸ ਇਲਾਕੇ ਵਿਚ 13600 ਬਲਾਕ 'ਤੇ 114 ਐਵੀਨਿਊ ਨੇੜੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਸੀ। ਪੁਲਸ ਜਦੋਂ ਮੌਕੇ 'ਤੇ ਪਹੁੰਚੀ ਤਾਂ ਉਨ੍ਹਾਂ ਨੂੰ ਵਰਣ ਦੀ ਗੋਲੀਆਂ ਨਾਲ ਵਿੰਨੀ ਲਾਸ਼ ਮਿਲੀ।
ਉਸ ਦੇ ਨੇੜੇ ਹੀ ਇਕ ਹੋਰ ਵਿਅਕਤੀ ਗੰਭੀਰ ਜ਼ਖਮੀ ਹਾਲਤ ਵਿਚ ਪਾਇਆ ਗਿਆ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਇਲਾਜ ਮਗਰੋਂ ਉਸ ਵਿਅਕਤੀ ਦੀ ਹਾਲਤ ਸਥਿਰ ਹੈ।ਪੁਲਸ ਨੇ ਜ਼ਖਮੀ ਵਿਅਕਤੀ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ। ਸਾਰਜੈਂਟ ਫ੍ਰੈਂਕ ਜੈਂਗ ਨੇ ਵਰਣ ਨੰਦ ਦੇ ਨਜ਼ਦੀਕੀ ਦੋਸਤਾਂ ਨੂੰ ਪੁਲਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਵਰਣ ਦੀ ਹੱਤਿਆ ਕਿਉਂ ਕੀਤੀ ਗਈ। ਜਾਣਕਾਰੀ ਮੁਤਾਬਕ ਸਰੀ ਵਿਚ ਇਸ ਸਾਲ ਦੀ ਇਹ 18ਵੀਂ ਹੱਤਿਆ ਹੈ।