ਦਿੱਲੀ ਹਵਾਈ ਅੱਡੇ ''ਤੇ ਪੁਲਸ ਨੇ ਨੱਪਿਆ ਕੈਨੇਡੀਅਨ ਲਾੜਾ

01/10/2019 1:15:24 PM

ਓਟਾਵਾ/ਜਗਰਾਓਂ (ਏਜੰਸੀ)— ਕੈਨੇਡਾ ਵਿਚ ਰਹਿੰਦੇ ਪੰਜਾਬੀ ਮੂਲ ਦੇ ਸ਼ਖਸ ਅਮਨਦੀਪ ਸਿੰਘ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦਿੱਲੀ ਵਿਖੇ ਪੁਲਸ ਨੇ ਗ੍ਰਿਫਤਾਰ ਕਰ ਲਿਆ। ਅਮਨਦੀਪ ਸਿੰਘ ਨੂੰ ਧੋਖਾਧੜੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਅੱਜ ਐੱਨ.ਆਰ.ਆਈ. ਥਾਣਾ ਜਗਰਾਓਂ ਦੀ ਪੁਲਸ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦਿੱਲੀ ਤੋਂ ਕਾਬੂ ਕੈਨੇਡੀਅਨ ਸ਼ਖਸ ਅਮਨਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਮਹਿਲ ਕਲਾਂ ਨੂੰ ਦਿੱਲੀ ਤੋਂ ਲੈ ਕੇ ਆ ਰਹੀ ਹੈ। ਜ਼ਿਕਰਯੋਗ ਹੈ ਕਿ ਅਮਨਦੀਪ ਸਿੰਘ ਵਿਰੁੱਧ ਉਸ ਦੀ ਐੱਨ.ਆਰ.ਆਈ. ਪਤਨੀ ਪਰਮਿੰਦਰ ਕੌਰ ਨੇ ਸਾਲ 2015 ਵਿਚ ਐੱਨ.ਆਰ.ਆਈ. ਥਾਣੇ ਵਿਚ ਧੋਖਾਧੜੀ ਦਾ ਮੁਕੱਦਮਾ ਦਰਜ ਕਰਵਾਇਆ ਗਿਆ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਇਸ ਮੁਕੱਦਮੇ ਵਿਚ ਦਹੇਜ ਦੀ ਧਾਰਾ ਦੀ ਵੀ ਲੱਗਾ ਦਿੱਤੀ ਗਈ ਹੈ। 

ਪੁਲਸ ਮੁਤਾਬਕ ਅਮਨਦੀਪ ਸਿੰਘ ਬਾਰੇ ਦਿੱਲੀ ਹਵਾਈ ਅੱਡੇ 'ਤੇ ਐੱਲ.ਓ.ਸੀ. ਜਾਰੀ ਕਰਵਾਈ ਹੋਈ ਸੀ ਤੇ ਜਦੋਂ ਅਮਨਦੀਪ ਇੱਥੇ ਪਹੁੰਚਿਆ ਤਾਂ ਉੱਥੋਂ ਦੀ ਪੁਲਸ ਨੇ ਉਸ ਨੂੰ ਰੋਕ ਕੇ ਇਸ ਬਾਰੇ ਐੱਨ.ਆਰ.ਆਈ. ਥਾਣਾ ਜਗਰਾਓਂ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ। ਜਾਂਚ ਦੌਰਾਨ ਸਾਹਮਣੇ ਆਈ ਜਾਣਕਾਰੀ ਮੁਤਾਬਕ ਪੀੜਤ ਮਹਿਲਾ ਵੱਲੋਂ ਇਸ ਤੋਂ ਪਹਿਲਾਂ ਪਿੰਡ ਰਾਜੋਆਣਾ ਦੇ ਜਸਵੀਰ ਸਿੰਘ ਨੂੰ ਵਿਦੇਸ਼ ਲਿਜਾਣ ਦਾ ਲਾਰਾ ਲਾਇਆ ਹੋਇਆ ਸੀ ਅਤੇ ਜਸਵੀਰ ਸਿੰਘ ਵੱਲੋਂ ਵੀ ਐੱਨ.ਆਰ.ਆਈ. ਥਾਣੇ ਵਿਚ ਪਰਮਿੰਦਰ ਕੌਰ ਦੇ ਪਿਤਾ ਅਵਤਾਰ ਸਿੰਘ ਤੇ ਉਸ ਦੀ ਮਾਤਾ ਪਰਮਜੀਤ ਕੌਰ ਵਿਰੁੱਧ 20 ਲੱਖ ਰੁਪਏ ਦੀ ਧੋਖਾਧੜੀ ਦਾ ਮੁਕੱਦਮਾ ਦਰਜ ਹੈ ਅਤੇ ਦਿੱਲੀ ਹਵਾਈ ਅੱਡੇ ਤੋਂ ਕਾਬੂ ਕੀਤੇ ਕੈਨੇਡੀਅਨ ਸ਼ਖਸ ਅਮਨਦੀਪ ਸਿੰਘ ਦੇ ਪਰਿਵਾਰ ਪਾਸੋਂ ਵੀ ਪੀੜਤ ਪਰਮਿੰਦਰ ਕੌਰ ਵੱਲੋਂ ਤਿੰਨ ਏਕੜ ਜ਼ਮੀਨ ਆਪਣੇ ਨਾਮ ਲਗਵਾ ਕੇ ਵਿਆਹ ਕਰਵਾਉਣ ਦੇ ਤੱਥ ਪੁਲਸ ਕੋਲ ਮੌਜੂਦ ਹਨ। 

ਪੁਲਸ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਭਾਵੇਂ ਇਸ ਮਾਮਲੇ ਵਿਚ ਪਰਮਿੰਦਰ ਕੌਰ ਪੀੜਤ ਹੈ ਪਰ ਉਸ ਵੱਲੋਂ ਇਸ ਤੋਂ ਪਹਿਲਾਂ ਪਿੰਡ ਧੱਲੇ ਕੇ (ਮੋਗਾ) ਦੇ ਨਿਵਾਸੀ ਪਲਵਿੰਦਰ ਸਿੰਘ ਉਰਫ ਰਾਜੂ ਨਾਲ ਵਿਆਹ ਕਰਵਾਉਣ ਦੀ ਖਬਰ ਹੈ। ਐੱਨ.ਆਰ.ਆਈ. ਥਾਣਾ ਜਗਰਾਓਂ ਦੇ ਐੱਸ.ਐੱਚ.ਓ. ਅਸ਼ਵਨੀ ਕੁਮਾਰ ਨੇ ਅਮਨਦੀਪ ਸਿੰਘ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਤੇ ਉਨ੍ਹਾਂ ਦੱਸਿਆ ਕਿ ਅਮਨਦੀਪ ਨੂੰ ਜਗਰਾਓਂ ਲਿਆਂਦਾ ਜਾ ਰਿਹਾ ਹੈ।


Vandana

Content Editor

Related News