ਮੌਸਮ ਦੀ ਮਾਰ ਨੇ ਘਟਾਈ ਹਵਾਈ ਅੱਡੇ ’ਤੇ ਰੌਣਕ, ਯਾਤਰੀਆਂ ਦੀ ਗਿਣਤੀ ’ਤੇ ਪਿਆ ਅਸਰ

04/06/2024 1:37:01 PM

ਚੰਡੀਗੜ੍ਹ (ਲਲਨ) : ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਤੋਂ ਆਉਣ-ਜਾਣ ਵਾਲੇ ਯਾਤਰੀਆਂ ਦੇ ਨਾਲ ਹੀ ਕਾਰਗੋ ਅਤੇ ਜਹਾਜ਼ਾਂ ਦੀ ਆਵਾਜਾਈ 'ਚ ਵੀ ਕਮੀ ਆਈ ਹੈ। ਇਸ ਕਮੀ ਨਾਲ ਨਜਿੱਠਣ ਲਈ ਹਵਾਈ ਅੱਡਾ ਅਥਾਰਟੀ ਵੱਲੋਂ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ ਗਿਆ ਹੈ। ਹਵਾਈ ਅੱਡਾ ਅਥਾਰਟੀ ਵੱਲੋਂ 2023-24 ਦੀ ਜਾਰੀ ਰਿਪੋਰਟ ’ਚ ਯਾਤਰੀਆਂ ਦੀ ਗਿਣਤੀ ’ਚ 4.65 ਫ਼ੀਸਦੀ ਦੀ ਕਮੀ ਦੱਸੀ ਗਈ ਹੈ। ਇਸ ਦੇ ਨਾਲ ਹੀ ਕਾਰਗੋ ’ਚ 11.36 ਫ਼ੀਸਦੀ ਅਤੇ ਹਵਾਈ ਅੱਡੇ ਤੋਂ ਜਾਣ ਵਾਲੇ ਜਹਾਜ਼ਾਂ ’ਚ 11.22 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਇਸ ਕਮੀ ਨੂੰ ਦੇਖਦਿਆਂ ਹਵਾਈ ਅੱਡਾ ਅਥਾਰਟੀ ਵੱਲੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਤਾਂ ਜੋ ਇਸ ਕਮੀ ਅਤੇ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਦੂਰ ਕੀਤਾ ਜਾ ਸਕੇ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਹਿਮਾਚਲ ਦੀ ਤ੍ਰਾਸਦੀ ਦੌਰਾਨ ਅਤੇ ਇਸ ਸਾਲ ਸਰਦੀ ਦੌਰਾਨ ਪਈ ਧੁੰਦ ਕਾਰਨ ਉਡਾਣਾਂ ਦੀ ਆਵਾਜਾਈ ਘੱਟ ਹੋਣ ਕਾਰਨ ਯਾਤਰੀਆਂ ਦੀ ਗਿਣਤੀ ਘਟੀ ਹੈ। ਜੇ ਕਿਹਾ ਜਾਵੇ ਕਿ ਚੰਡੀਗੜ੍ਹ ਹਵਾਈ ਅੱਡਾ ਅਥਾਰਟੀ ਨੂੰ 2023-24 ਵਿਚ ਮੌਸਮ ਦੀ ਮਾਰ ਝੱਲਣੀ ਪਈ ਹੈ ਤਾਂ ਇਹ ਗ਼ਲਤ ਨਹੀਂ ਹੋਵੇਗਾ। 2022-23 ਦੇ ਮੁਕਾਬਲੇ ਪਿਛਲੇ ਵਿੱਤੀ ਵਰ੍ਹੇ ’ਚ ਪਹਿਲਾਂ ਹਿਮਾਚਲ ਵਿਚ ਹੜ੍ਹਾਂ ਅਤੇ ਜ਼ਮੀਨ ਖ਼ਿਸਕਣ ਤੋਂ ਬਾਅਦ ਇਸ ਵਾਰ ਸਰਦੀਆਂ ’ਚ ਧੁੰਦ ਦਾ ਵਧੇਰੇ ਪ੍ਰਭਾਵ ਰਿਹਾ ਹੈ। ਜਾਣਕਾਰੀ ਮੁਤਾਬਕ ਵਿੱਤੀ ਵਰ੍ਹੇ 2022-23 ਦੇ ਦਸੰਬਰ 2022 ’ਚ ਫਲਾਈਟ ਮੂਵਮੈਂਟ 2448 ਰਹਿਣ ਕਾਰਨ ਯਾਤਰੀਆਂ ਦੀ ਗਿਣਤੀ ਕਰੀਬ 316744 ਸੀ। ਜਨਵਰੀ 2023 ਵਿਚ ਉਡਾਣਾਂ ਦੀ ਆਵਾਜਾਈ 2354 ਰਹਿਣ ਨਾਲ ਯਾਤਰੀਆਂ ਦੀ ਗਿਣਤੀ 294759 ਸੀ। ਵਿੱਤੀ ਵਰ੍ਹੇ 2023-24 ਦੇ ਦਸੰਬਰ ਵਿਚ ਉਡਾਣਾਂ ਦੀ ਆਵਾਜਾਈ 1928 ਸੀ ਅਤੇ ਯਾਤਰੀਆਂ ਦੀ ਗਿਣਤੀ 290647 ਸੀ। ਪਿਛਲੇ ਸਾਲ ਜਨਵਰੀ ’ਚ ਫਲਾਈਟ ਮੂਵਮੈਂਟ 1650 ਅਤੇ ਯਾਤਰੀਆਂ ਦੀ ਗਿਣਤੀ 247910 ਸੀ।
ਕਾਰਗੋ ’ਚ ਵੀ ਦਰਜ ਹੋਈ ਗਿਰਾਵਟ
ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੂਜੇ ਰਾਜਾਂ ਨੂੰ ਭੇਜੀਆਂ ਜਾਣ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ਅਤੇ ਹੋਰ ਸਾਮਾਨ ਦੀ ਢੋਆ-ਢੁਆਈ ਵਿਚ ਵੀ ਕਮੀ ਦਰਜ ਕੀਤੀ ਗਈ ਹੈ। 2021 ਵਿਚ ਕੋਵਿਡ ਤੋਂ ਬਾਅਦ ਕਾਰਗੋ ਵਿਚ ਲਗਭਗ 38.88 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਸੀ ਪਰ ਇਸ ਤੋਂ ਬਾਅਦ ਇਸ ਵਿਚ ਲਗਾਤਾਰ ਗਿਰਾਵਟ ਦਰਜ ਹੋਈ ਹੈ। 2022-23 ਵਿਚ ਇਹ ਗਿਰਾਵਟ 16.11 ਫ਼ੀਸਦੀ ਦਰਜ ਕੀਤੀ ਗਈ ਸੀ ਪਰ ਇਸ ਸਾਲ ਕਾਰਗੋ ਦੇ ਕੰਮ ’ਚ 11.36 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।


Babita

Content Editor

Related News