ਕੀ ਮੱਛਰ ਦੇ ਕੱਟਣ ਨਾਲ ਫੈਲ ਸਕਦੈ ਕੋਰੋਨਾ ਵਾਇਰਸ? ਜਾਣੋ WHO ਨੇ ਕੀ ਕਿਹਾ
Tuesday, Apr 07, 2020 - 11:26 PM (IST)
ਨਵੀਂ ਦਿੱਲੀ : ਹੁਣ ਤੱਕ ਲੱਖਾਂ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕਾ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਓਧਰ, ਮੌਸਮ ਦੇ ਬਦਲਣ ਨਾਲ ਮੱਛਰਾਂ ਦੀ ਵੀ ਵਾਪਸੀ ਹੋ ਗਈ ਹੈ। ਹੁਣ ਅਜਿਹੇ ਵਿਚ ਕਈ ਲੋਕਾਂ ਦੇ ਮਨ ਵਿਚ ਸਵਾਲ ਪੈਦਾ ਹੋ ਰਿਹਾ ਹੈ ਕਿ ਮੱਛਰਾਂ ਕਾਰਨ ਵੀ ਕੋਰੋਨਾ ਵਾਇਰਸ ਫੈਲ ਸਕਦਾ ਹੈ। ਸੰਕ੍ਰਮਿਤ ਵਿਅਕਤੀ ਦਾ ਖੂਨ ਚੂਸਣ ਤੋਂ ਬਾਅਦ ਜੇਕਰ ਮੱਛਰ ਕਿਸੇ ਤੰਦਰੁਸਤ ਵਿਅਕਤੀ ਨੂੰ ਕੱਟੇਗਾ ਤਾਂ ਕੋਰੋਨਾ ਵਾਇਰਸ ਫੈਲੇਗਾ ਜਾਂ ਨਹੀਂ?
ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦਾ ਕਹਿਣਾ ਹੈ ਕੁਝ ਵਾਇਰਸ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਮੱਛਰ ਤੇ ਹੋਰ ਕੀੜੇ-ਮਕੌੜੇ ਆਪਣੇ ਨਾਲ ਲੈ ਜਾਂਦੇ ਹਨ ਪਰ ਕੋਰੋਨਾ ਵਾਇਰਸ ਉਨ੍ਹਾਂ ਵਿਚੋਂ ਇਕ ਨਹੀਂ ਲੱਗਦਾ। ਇਸ ਲਈ ਮੱਛਰ ਦੇ ਕੱਟਣ ਨਾਲ ਨਹੀਂ ਫੈਲ ਸਕਦਾ।
ਕੈਨੇਡਾ ਦੀ ਯੂਨੀਵਰਸਿਟੀ ਆਫ ਮੈਨੀਟੋਬਾ ਵਿਖੇ ਮਾਈਕਰੋਬਾਇਓਲੋਜੀ ਤੇ ਛੂਤ ਦੀਆਂ ਬਿਮਾਰੀਆਂ ਦੇ ਰਿਸਰਚ ਮੁਖੀ ਜੇਸਨ ਕਿਨਾਰਚੁਕ ਦਾ ਕਹਿਣਾ ਹੈ ਕਿ ਮੱਛਰ ਅਜਿਹੀ ਚੀਜ਼ ਨਹੀਂ ਜਿਸ ਬਾਰੇ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ, ਜਿਸ ਦੇ ਆਧਾਰ 'ਤੇ ਇਹ ਦਾਅਵਾ ਕੀਤਾ ਜਾ ਸਕੇ ਕਿ ਕੋਰੋਨਾ ਵਾਇਰਸ ਮੱਛਰ ਦੇ ਕੱਟਣ ਨਾਲ ਫੈਲ ਸਕਦਾ ਹੈ। ਉੱਥੇ ਹੀ, ਭਾਰਤ ਦੇ ਕੇਂਦਰੀ ਸਿਹਤ ਮੰਤਰਾਲਾ ਨੇ ਵੀ ਹਾਲ ਹੀ ਵਿਚ ਕਿਹਾ ਸੀ ਕਿ ਕੋਰੋਨਾ ਵਾਇਰਸ ਮੱਛਰ ਦੇ ਕੱਟਣ ਨਾਲ ਨਹੀਂ ਫੈਲ ਸਕਦਾ। ਮੰਤਰਾਲਾ ਨੇ ਕਿਹਾ ਕਿ ਸਿਰਫ ਕੋਵਿਡ-19 ਦੇ ਲੱਛਣ ਵਾਲੇ ਲੋਕ ਹੀ ਬਿਮਾਰੀ ਫੈਲਾ ਸਕਦੇ ਹਨ।
ਨਿਊ ਸਾਊਥ ਵੇਲਜ਼ (ਐੱਨ. ਐੱਸ. ਡਬਲਿਊ.) ਹੈਲਥ ਪੈਥੋਲੋਜੀ ਦੀ ਰਿਪੋਰਟ ਵਿਚ ਡਾ. ਕੈਮਰਨ ਵੈਬ ਨੇ ਵੀ ਦਾਅਵਾ ਕੀਤਾ ਹੈ ਕਿ ਮੱਛਰਾਂ ਨਾਲ ਕੋਰੋਨਾ ਵਾਇਰਸ ਨਹੀਂ ਫੈਲਦਾ ਹੈ। ਇਹ ਰੈਸਪੀਰੇਟਰੀ ਵਾਇਰਸ ਹੈ, ਜੋ ਖੰਘ ਅਤੇ ਛਿੱਕਾਂ ਨਾਲ ਦੂਜੇ ਵਿਚ ਫੈਲਦਾ ਹੈ। ਕੈਮਰਨ ਨੇ ਕਿਹਾ ਕਿ ਮੱਛਰ ਸਿਰਫ ਡੇਂਗੂ, ਪੀਲਾ ਬੁਖਾਰ, ਚਿਕਨਗੁਨੀਆ ਤੇ ਜ਼ੀਕਾ ਵਾਇਰਸ ਫੈਲਾ ਸਕਦੇ ਹਨ ਪਰ ਕੁਝ ਵਾਇਰਸ ਉਨ੍ਹਾਂ ਦੀ ਪਕੜ ਤੋਂ ਬਾਹਰ ਹਨ।