ਕੈਲੀਫੋਰਨੀਆ 'ਚ ਲੱਗੇਗਾ ਰਾਤ 10 ਤੋਂ ਸਵੇਰੇ 5 ਵਜੇ ਤੱਕ ਕਰਫਿਊ
Saturday, Nov 21, 2020 - 07:45 PM (IST)
ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋਣ ਕਰਕੇ ਦੇਸ਼ ਦੇ ਸੂਬੇ ਕੈਲੀਫੋਰਨੀਆ ਵਿਚ ਕਈ ਖੇਤਰਾਂ ਨੂੰ ਪਿਛਲੇ ਦਿਨੀਂ ਵਾਪਸ ਜ਼ਿਆਦਾ ਪਾਬੰਦੀਆਂ ਵਾਲੇ ਜਾਮਨੀ ਰੰਗ ਦੇ ਟੀਅਰ 1 ਲੈਵਲ ਵਿਚ ਸ਼ਾਮਿਲ ਕੀਤਾ ਗਿਆ ਸੀ। ਜਿਸ ਦੇ ਅਧੀਨ ਹੁਣ ਲਗਭਗ ਸਾਰੇ ਕੈਲੀਫੋਰਨੀਆ ਵਾਸੀ ਰਾਤ ਦੇ ਕਰਫਿਊ ਦਾ ਸਾਹਮਣਾ ਕਰਨਗੇ।
ਰਾਜ ਦੇ ਗਵਰਨਰ ਗੈਵਿਨ ਨਿਊਸਮ ਦੇ ਦਫਤਰ ਨੇ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਦੀ ਕੋਸ਼ਿਸ਼ ਵਿਚ ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਇਸ ਕਰਫਿਊ ਦਾ ਐਲਾਨ ਵੀਰਵਾਰ ਨੂੰ ਕੀਤਾ।
ਇਹ ਪਾਬੰਦੀ ਸੂਬੇ ਦੇ 94 ਫ਼ੀਸਦੀ ਵਸਨੀਕਾਂ ਨੂੰ ਪ੍ਰਭਾਵਤ ਕਰੇਗੀ ਅਤੇ ਰਾਤ ਦੇ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਹੋਵੇਗੀ। ਸਿਹਤ ਅਤੇ ਮਨੁੱਖੀ ਸੇਵਾਵਾਂ ਦੇ ਸਕੱਤਰ ਡਾ. ਮਾਰਕ ਘਾਲੀ ਅਨੁਸਾਰ ਲੋਕਾਂ ਨੂੰ ਕੁੱਝ ਜ਼ਰੂਰੀ ਕੰਮ ਕਰਨ ਦੀ ਆਗਿਆ ਦਿੱਤੀ ਜਾਏਗੀ ਪਰ ਗੈਰ ਜ਼ਰੂਰੀ ਕਾਰੋਬਾਰਾਂ ਅਤੇ ਗਤੀਵਿਧੀਆਂ 'ਤੇ ਪਾਬੰਦੀ ਹੋਵੇਗੀ। ਇਸ ਦੇ ਨਾਲ ਹੀ ਰੈਸਟੋਰੈਂਟਾਂ ਨੂੰ ਬਾਹਰੀ ਖਾਣਾ 10 ਵਜੇ ਬੰਦ ਕਰਨਾ ਪਵੇਗਾ।
ਕੈਲੀਫੋਰਨੀਆ ਦੀਆਂ ਬਹੁਤ ਸਾਰੀਆਂ ਕਾਊਂਟੀਜ਼ ਇਸ ਸਮੇਂ ਜਾਮਨੀ ਲੈਵਲ ਵਿਚ ਹਨ, ਜਿੱਥੇ ਇਹ ਪਾਬੰਦੀ 21 ਨਵੰਬਰ ਤੋਂ 21 ਦਸੰਬਰ ਤੱਕ ਇਕ ਮਹੀਨੇ ਲਈ ਲਾਗੂ ਰਹੇਗੀ। ਘਾਲੀ ਅਨੁਸਾਰ ਕੈਲੀਫੋਰਨੀਆ ਵਿਚ ਕੋਵਿਡ-19 ਦੇ ਮਾਮਲਿਆਂ ਦੀਆਂ ਦਰਾਂ ਮਾਰਚ ਵਿਚ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਤੇਜ਼ੀ ਨਾਲ ਵੱਧ ਰਹੀਆਂ ਹਨ। ਇਸ ਵਾਧੇ ਦੇ ਪ੍ਰਸਾਰ ਨੂੰ ਰੋਕਣ ਲਈ ਇਹ ਕਰਫਿਊ ਜ਼ਰੂਰੀ ਹੈ। ਇਸ ਦਾ ਮਕਸਦ ਰਾਤ ਨੂੰ ਹੁੰਦੀਆਂ ਬੇਲੋੜੀਆਂ ਗਤੀਵਿਧੀਆਂ ਨੂੰ ਰੋਕਣਾ ਹੈ, ਜਿਸ ਕਰਕੇ ਰਾਜ ਨੂੰ ਉਮੀਦ ਹੈ ਕਿ ਮਾਮਲਿਆਂ ਨੂੰ ਕੰਟਰੋਲ ਤੋਂ ਬਾਹਰ ਜਾਣ ਅਤੇ ਹਸਪਤਾਲਾਂ ਨੂੰ ਮਰੀਜ਼ਾਂ ਨਾਲ ਭਰਨ ਤੋਂ ਰੋਕਿਆ ਜਾ ਸਕਦਾ ਹੈ।