ਕੈਲਗਰੀ 'ਚ ਪੁਲਸ ਅਧਿਕਾਰੀ 'ਤੇ ਹੋਇਆ ਜਾਨਲੇਵਾ ਹਮਲਾ, ਸ਼ੱਕੀ ਟਰੱਕ ਬਰਾਮਦ

08/19/2018 2:08:47 PM

ਕੈਲਗਰੀ(ਏਜੰਸੀ)— ਕੈਲਗਰੀ ਪੁਲਸ ਸਰਵਿਸ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸ਼ਨੀਵਾਰ ਸਵੇਰ ਨੂੰ ਜਿਸ ਪਿਕਅਪ ਟਰੱਕ ਨਾਲ ਇਕ ਪੁਲਸ ਅਧਿਕਾਰੀ 'ਤੇ ਹਮਲਾ ਕੀਤਾ ਗਿਆ ਸੀ, ਉਹ ਟਰੱਕ ਮਿਲ ਗਿਆ ਹੈ। ਇਸ ਜਾਨਲੇਵਾ ਹਮਲੇ ਦੀ ਪੁਲਸ ਵਲੋਂ ਬਹੁਤ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕੈਲਗਰੀ ਪੁਲਸ ਐਸੋਸੀਏਸ਼ਨ ਦੇ ਮੁਖੀ ਲੈਸ ਕਾਮਿਨਸਕੀ ਨੇ ਦੱਸਿਆ ਕਿ ਚਿੱਟੇ ਰੰਗ ਦਾ ਐੱਫ-150 ਪਿਕਅਪ ਟਰੱਕ ਐਵਰਗ੍ਰੀਨ ਇਲਾਕੇ 'ਚੋਂ ਮਿਲਿਆ ਹੈ ਅਤੇ ਸ਼ੱਕੀ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।

ਪੁਲਸ ਦਾ ਕਹਿਣਾ ਹੈ ਕਿ ਤੜਕੇ 3 ਵਜੇ ਕੁਝ ਅਧਿਕਾਰੀ ਇਕ ਸ਼ੱਕੀ ਵਾਹਨ ਦੀ ਭਾਲ ਕਰ ਰਹੇ ਸਨ ਕਿ ਇਸ ਦੌਰਾਨ ਪਿਕਅਪ ਟਰੱਕ 'ਚ ਬੈਠੇ ਡਰਾਈਵਰ ਨੇ ਇਕ ਅਧਿਕਾਰੀ ਨੂੰ ਜ਼ਖਮੀ ਕਰ ਦਿੱਤਾ ਅਤੇ ਉੱਥੋਂ ਤੇਜ਼ ਰਫਤਾਰ 'ਚ ਭੱਜ ਗਿਆ। ਅਧਿਕਾਰੀ ਦੇ ਕਾਫੀ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਹੁਣ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲਸ ਦਾ ਮੰਨਣਾ ਹੈ ਕਿ ਇਹ ਟਰੱਕ ਚੋਰੀ ਕੀਤਾ ਗਿਆ ਸੀ। ਕੈਲਗਰੀ ਪੁਲਸ ਵਿਭਾਗ ਵਲੋਂ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਸੀ। ਇਕ ਰਿਪੋਰਟ ਮੁਤਾਬਕ ਚੋਰੀ ਦੇ ਵਾਹਨ ਕਿਸੇ ਵੀ ਸ਼ੱਕੀ ਤਕ ਪੁੱਜਣ ਦਾ ਵੱਡਾ ਸਬੂਤ ਬਣਦੇ ਹਨ। ਪੁਲਸ ਇੰਸਪੈਕਟਰ ਫਿਲ ਹੋਇਟਗਰ ਨੇ ਕਿਹਾ ਕਿ ਜਲਦੀ ਹੀ ਇਹ ਸਾਰਾ ਕੇਸ ਸੁਲਝ ਜਾਵੇਗਾ।


Related News