ਬੇਮਿਸਾਲ : 19 ਸਾਲ ਦੀ ਜ਼ਾਰਾ ਨੇ ਰਚਿਆ ਇਤਿਹਾਸ, ਇਕੱਲੇ ਉਡਾਣ ਭਰ ਕੀਤੀ ਦੁਨੀਆ ਦੀ ''ਯਾਤਰਾ''

01/21/2022 6:32:46 PM

ਇੰਟਰਨੈਸ਼ਨਲ ਡੈਸਕ (ਬਿਊਰੋ): ਬ੍ਰਿਟਿਸ਼ ਅਤੇ ਬੈਲਜੀਅਮ ਮੂਲ ਦੀ ਸਭ ਤੋਂ ਘੱਟ ਉਮਰ ਦੀ ਜ਼ਾਰਾ ਰਦਰਫੋਰਡ ਨੇ ਇਤਿਹਾਸ ਰਚਿਆ ਹੈ। ਜ਼ਿੰਦਗੀ ਦੀਆਂ 19 ਬਹਾਰਾਂ ਦੇਖ ਚੁੱਕੀ ਜ਼ਾਰਾ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਅਜਿਹੀ ਔਰਤ ਬਣ ਗਈ ਹੈ, ਜਿਸ ਨੇ ਆਪਣੇ ਛੋਟੇ ਜਹਾਜ਼ ਰਾਹੀਂ ਪੂਰੀ ਦੁਨੀਆ ਨੂੰ ਮਾਪਿਆ ਹੈ। ਵੀਰਵਾਰ ਨੂੰ ਜਦੋਂ ਜ਼ਾਰਾ ਆਪਣੇ ਮਾਈਕ੍ਰੋ ਲਾਈਟ ਪਲੇਨ ਤੋਂ ਬੈਲਜੀਅਮ ਦੇ ਕੋਰਟੀਜਕ ਏਅਰਪੋਰਟ 'ਤੇ ਉਤਰੀ ਤਾਂ ਉਸ ਨੇ 5 ਮਹਾਦੀਪਾਂ ਦੀ ਯਾਤਰਾ 5 ਮਹੀਨਿਆਂ 'ਚ ਪੂਰੀ ਕਰ ਲਈ ਸੀ। ਇਸ ਰਿਕਾਰਡ ਯਾਤਰਾ ਦੌਰਾਨ ਜ਼ਾਰਾ ਨੇ 52 ਦੇਸ਼ਾਂ 'ਚ 51 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕੀਤਾ।

PunjabKesari

ਜ਼ਾਰਾ ਨੇ ਬੀਤੀ 18 ਅਗਸਤ ਨੂੰ ਦੁਨੀਆ ਦਾ ਸਭ ਤੋਂ ਤੇਜ਼ ਮਾਈਕ੍ਰੋ ਲਾਈਟ ਪਲੇਨ ਜ਼ਰੀਏ ਯਾਤਰਾ ਸ਼ੁਰੂ ਕੀਤੀ ਸੀ। ਜ਼ਾਰਾ ਜਦੋਂ ਬੈਲਜੀਅਮ ਪਹੁੰਚੀ ਤਾਂ ਉੱਥੇ ਮੌਜੂਦ ਲੋਕਾਂ ਨੇ ਤਾੜੀਆਂ ਦੀ ਗੂੰਜ ਨਾਲ ਉਸ ਦਾ ਸਵਾਗਤ ਕੀਤਾ। ਬਹੁਤ ਖੁਸ਼ ਦਿਖਾਈ ਦਿੰਦੇ ਹੋਏ ਜ਼ਾਰਾ ਨੇ ਕਿਹਾ ਕਿ ਇਹ ਇੱਕ ਪਾਗਲਪਨ ਭਰਪੂਰ ਯਾਤਰਾ ਸੀ। ਜ਼ਾਰਾ ਦਾ ਇਹ ਲੰਬਾ ਸਫ਼ਰ ਆਸਾਨ ਨਹੀਂ ਸੀ। ਯਾਤਰਾ ਦੌਰਾਨ, ਜ਼ਾਰਾ ਵੀਜ਼ਾ ਦੇਰੀ ਅਤੇ ਖਰਾਬ ਮੌਸਮ ਕਾਰਨ ਅਲਾਸਕਾ, ਉਸ ਤੋਂ ਬਾਅਦ ਉੱਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਵਿੱਚ ਇੱਕ ਮਹੀਨੇ ਲਈ ਫਸ ਗਈ ਸੀ।ਇਸ ਮਗਰੋਂ ਉਹ ਪੂਰਬੀ ਰੂਸ ਵਿੱਚ ਫਸ ਗਈ ਸੀ ਜਿੱਥੇ ਸਰਦੀਆਂ ਦਾ ਤੂਫ਼ਾਨ ਆਇਆ ਹੋਇਆ ਸੀ। ਰੂਸ ਤੋਂ ਉਹ ਫਿਰ ਦੱਖਣੀ ਏਸ਼ੀਆ ਲਈ ਰਵਾਨਾ ਹੋ ਗਈ। ਦੱਖਣੀ ਏਸ਼ੀਆ ਤੋਂ ਪੱਛਮੀ ਏਸ਼ੀਆ ਦੇ ਰਸਤੇ ਫਿਰ ਵਾਪਸ ਯੂਰਪ। 

PunjabKesari

ਉਸ ਦਾ ਸਭ ਤੋਂ ਯਾਦਗਾਰ ਦੌਰਾ ਨਿਊਯਾਰਕ ਅਤੇ ਫਿਰ ਆਈਸਲੈਂਡ ਵਿੱਚ ਇੱਕ ਸਰਗਰਮ ਜਵਾਲਾਮੁਖੀ ਦਾ ਸੀ। ਇਸ ਦੌਰਾਨ ਉਸ ਨੂੰ ਡਰ ਵੀ ਲੱਗਾ ਕਿ ਕਿਤੇ ਉਸ ਦੀ ਜ਼ਿੰਦਗੀ ਖ਼ਤਮ ਨਾ ਹੋ ਜਾਵੇ। ਸਾਇਬੇਰੀਆ ਦੇ ਜੰਮੇ ਹੋਏ ਖੇਤਰਾਂ ਅਤੇ ਉੱਤਰੀ ਕੋਰੀਆ ਦੇ ਹਵਾਈ ਖੇਤਰ ਦੇ ਤੰਗ ਰਸਤੇ ਦੌਰਾਨ ਵੀ ਉਸ ਨੇ ਇਹ ਡਰ ਮਹਿਸੂਸ ਕੀਤਾ ਸੀ।ਜ਼ਾਰਾ ਨੇ ਕਿਹਾ ਕਿ ਉੱਤਰੀ ਕੋਰੀਆ ਮਿਜ਼ਾਈਲਾਂ ਦਾ ਪ੍ਰੀਖਣ ਕਰ ਰਿਹਾ ਸੀ ਅਤੇ ਕੋਈ ਚਿਤਾਵਨੀ ਵੀ ਨਹੀਂ ਦਿੱਤੀ। ਇਸ ਰਿਕਾਰਡ ਨੂੰ ਪੂਰਾ ਕਰਨ ਲਈ ਜ਼ਾਰਾ ਨੂੰ ਦੁਨੀਆ ਦੇ ਦੋ ਬਿਲਕੁਲ ਉਲਟ ਹਿੱਸਿਆਂ ਨੂੰ ਛੂਹਣਾ ਪਿਆ। ਇਸ ਤਹਿਤ ਉਹ ਇੰਡੋਨੇਸ਼ੀਆ ਦੇ ਜਾਮਬੀ ਅਤੇ ਕੋਲੰਬੀਆ ਦੇ ਤੁਮਾਕੋ ਵਿੱਚ ਉਤਰੀ। ਜ਼ਾਰਾ ਨੇ ਇਸ ਫਲਾਈਟ ਰਾਹੀਂ ਅਫਗਾਨਿਸਤਾਨ ਵਿੱਚ ਜਨਮੀ ਅਮਰੀਕੀ ਨਾਗਰਿਕ ਸ਼ਾਇਸਤਾ ਵੈਸ ਦਾ ਰਿਕਾਰਡ ਤੋੜ ਦਿੱਤਾ ਹੈ। ਸ਼ਾਇਸਤਾ ਨੇ ਸਾਲ 2017 'ਚ 30 ਸਾਲ ਦੀ ਉਮਰ 'ਚ ਇਕੱਲੇ ਸਫਰ ਕਰਕੇ ਇਹ ਰਿਕਾਰਡ ਬਣਾਇਆ ਸੀ।

ਇਸ ਸਫਰ ਦੌਰਾਨ ਜ਼ਾਰਾ ਨੇ ਗੀਤਾਂ ਨੂੰ ਖੂਬ ਸੁਣਿਆ ਅਤੇ ਪੂਰੇ ਸਫਰ ਦਾ ਆਨੰਦ ਮਾਣਿਆ। ਜ਼ਾਰਾ ਨੇ ਦੱਸਿਆ ਕਿ ਉਸ ਨੇ ਬੈਲਜੀਅਮ ਤੋਂ ਪਹਿਲਾਂ ਜਰਮਨੀ ਵਿਚ ਉਤਰਨਾ ਸੀ, ਜੋ ਕਿ ਬਹੁਤ ਜ਼ਿਆਦਾ ਮੀਂਹ ਅਤੇ ਬਰਫ਼ਬਾਰੀ ਕਾਰਨ ਮੁਸ਼ਕਲ ਸੀ। ਹਾਲਾਂਕਿ, ਬੈਲਜੀਅਮ ਏਅਰਫੋਰਸ ਦੀ ਐਰੋਬੈਟਿਕਸ ਟੀਮ ਨੇ ਇਸ ਵਿੱਚ ਉਸਦੀ ਮਦਦ ਕੀਤੀ ਅਤੇ ਇਹ ਯਾਤਰਾ ਵੀ ਪੂਰੀ ਹੋ ਗਈ। ਇਸ ਥਕਾ ਦੇਣ ਵਾਲੇ ਸਫ਼ਰ ਤੋਂ ਬਾਅਦ ਜ਼ਾਰਾ ਨੇ ਕਿਹਾ ਕਿ ਉਹ ਹੁਣ ਆਪਣੇ ਪਰਿਵਾਰ ਨਾਲ ਸਮਾਂ ਬਿਤਾਏਗੀ ਅਤੇ ਬਿੱਲੀਆਂ ਨੂੰ ਦੇਖੇਗੀ।

 


ਪੜ੍ਹੋ ਇਹ ਅਹਿਮ ਖਬਰ - ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਲੋਕਪ੍ਰਿਅ ਨੇਤਾ ਬਣੇ PM 'ਮੋਦੀ', ਟਰੂਡੋ, ਬਾਈਡੇਨ ਨੂੰ ਛੱਡਿਆ ਪਿੱਛੇ

ਇਹ ਰਿਕਾਰਡ ਹੋਰ ਔਰਤਾਂ ਨੂੰ ਬਿਹਤਰ ਪ੍ਰਦਰਸ਼ਨ ਕਰਨ ਲਈ ਕਰੇਗਾ ਪ੍ਰੇਰਿਤ 

ਜ਼ਾਰਾ ਸਿਰਫ਼ 14 ਸਾਲ ਦੀ ਉਮਰ ਤੋਂ ਹੀ ਪਾਇਲਟ ਦੀ ਸਿਖਲਾਈ ਲੈ ਰਹੀ ਹੈ ਅਤੇ ਸਾਲ 2020 ਵਿੱਚ ਉਸ ਨੂੰ ਪਾਇਲਟ ਦਾ ਲਾਇਸੈਂਸ ਮਿਲਿਆ ਹੈ। ਉਹ ਇੱਕ ਪੁਲਾੜ ਯਾਤਰੀ ਬਣਨ ਦੀ ਇੱਛਾ ਰੱਖਦੀ ਹੈ ਅਤੇ ਉਮੀਦ ਕਰਦੀ ਹੈ ਕਿ ਉਸਦਾ ਰਿਕਾਰਡ ਹੋਰ ਔਰਤਾਂ ਨੂੰ ਵਿਗਿਆਨ, ਤਕਨਾਲੋਜੀ ਅਤੇ ਹਵਾਈ ਖੇਤਰ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਕਿਹਾ ਕਿ ਕੁੜੀਆਂ ਨੂੰ ਅਕਸਰ ਸੁੰਦਰ, ਦਿਆਲੂ ਅਤੇ ਮਦਦਗਾਰ ਬਣਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਮੈਂ ਆਪਣੀ ਉਡਾਣ ਰਾਹੀਂ ਇਹ ਦਿਖਾਉਣਾ ਚਾਹੁੰਦੀ ਸੀ ਕਿ ਔਰਤਾਂ ਵੀ ਅਭਿਲਾਸ਼ੀ ਟੀਚਿਆਂ ਨੂੰ ਹਾਸਲ ਕਰ ਸਕਦੀਆਂ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News