ਕੋਰੋਨਾ ਕਹਿਰ: ਬ੍ਰਿਟੇਨ ਨੇ ਸਪੇਨ ਨੂੰ ਸੁਰੱਖਿਅਤ ਦੇਸ਼ਾਂ ਦੀ ਸੂਚੀ ''ਚੋਂ ਹਟਾਇਆ

Sunday, Jul 26, 2020 - 06:14 PM (IST)

ਕੋਰੋਨਾ ਕਹਿਰ: ਬ੍ਰਿਟੇਨ ਨੇ ਸਪੇਨ ਨੂੰ ਸੁਰੱਖਿਅਤ ਦੇਸ਼ਾਂ ਦੀ ਸੂਚੀ ''ਚੋਂ ਹਟਾਇਆ

ਲੰਡਨ (ਭਾਸ਼ਾ): ਬ੍ਰਿਟੇਨ ਨੇ ਲੋਕਾਂ ਨੂੰ ਸਪੇਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਕੋਵਿਡ-19 ਦੇ ਮਾਮਲੇ ਵਧਣ ਦੇ ਬਾਅਦ ਸਪੇਨ ਨੂੰ ਯਾਤਰਾ ਦੇ ਲਿਹਾਜ ਨਾਲ ਸੁਰੱਖਿਅਤ ਦੇਸ਼ਾਂ ਦੀ ਸੂਚੀ ਵਿਚੋਂ ਹਟਾ ਦਿੱਤਾ ਹੈ। ਆਵਾਜਾਈ ਵਿਭਾਗ ਨੇ ਸ਼ਨੀਵਾਰ ਦੇਰ ਸ਼ਾਮ ਇਕ ਬਿਆਨ ਜਾਰੀ ਕਰ ਕੇ ਇਹ ਚੇਤਾਵਨੀ ਦਿੱਤੀ ਕਿ ਸਪੇਨ ਵਿਚ ਛੁੱਟੀਆਂ ਬਿਤਾ ਕੇ ਪਰਤ ਰਹੇ ਵਿਅਕਤੀਆਂ ਨੂੰ ਖੁਦ ਨੂੰ ਕੁਆਰੰਟੀਨ ਵਿਚ ਰੱਖਣਾ ਹੋਵੇਗਾ। 

ਵਿਭਾਗ ਨੇ ਇਕ ਬਿਆਨ ਵਿਚ ਕਿਹਾ,''ਪੀੜਤ ਮਾਮਲਿਆਂ ਦੇ ਪੱਧਰ 'ਤੇ ਪਿਛਲੇ ਹਫਤੇ ਤੋਂ ਲੈਕੇ ਹੁਣ ਤੱਕ ਹੋਈਆਂ ਤਬਦੀਲੀਆਂ ਦੇ ਬਾਅਦ ਸਪੇਨ ਨੂੰ ਉਹਨਾਂ ਦੇਸ਼ਾਂ ਦੀ ਸੂਚੀ ਵਿਚੋਂ ਹਟਾ ਦਿੱਤਾ ਗਿਆ ਹੈ ਜਿੱਥੋਂ ਬ੍ਰਿਟੇਨ ਪਹੁੰਚਣ 'ਤੇ ਲੋਕਾਂ ਨੂੰ ਖੁਦ ਨੂੰ ਕੁਆਰੰਟੀਨ ਕਰਨ ਦੀ ਲੋੜ ਨਹੀਂ ਹੁੰਦੀ ਸੀ।'' ਪਹਿਲਾਂ ਤੋਂ ਹੀ ਸਪੇਨ ਵਿਚ ਛੁੱਟੀਆਂ ਮਨਾ ਰਹੇ ਲੋਕਾਂ ਨੂੰ ਆਪਣੇ ਦੇਸ਼ ਪਰਤਣ ਦੀ ਅਪੀਲ ਕੀਤੀ ਜਾ ਰਹੀ ਹੈ। ਸਪੇਨ ਵਿਚ ਪਿਛਲੇ ਦੋ ਦਿਨਾਂ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ 900 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਵਿਚ ਇਨਫੈਕਸ਼ਨ ਦੇ ਪ੍ਰਕੋਪ ਦਾ ਦੂਜਾ ਦੌਰ ਸ਼ੁਰੂ ਹੋ ਸਕਦਾ ਹੈ। 

ਸਪੇਨ ਵਿਚ ਇਸ ਗਲੋਬਲ ਮਹਾਮਾਰੀ ਨਾਲ 28,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰ ਨੇ ਕਿਹਾ,''ਜਨ ਸਿਹਤ ਦੀ ਸੁਰੱਖਿਆ ਸਾਡੀ ਤਰਜੀਹ ਹੈ ਅਤੇ ਸਾਨੂੰ ਬ੍ਰਿਟੇਨ ਵਿਚ ਕਿਸੇ ਸੰਭਾਵਿਤ ਪ੍ਰਸਾਰ ਨੂੰ ਰੋਕਣ ਦੇ ਲਈ ਇਹ ਫੈਸਲਾ ਲੈਣਾ ਪਿਆ।'' ਬ੍ਰਿਟੇਨ ਯੂਰਪ ਵਿਚ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਇੱਥੇ ਇਸ ਛੂਤਕਾਰੀ ਬੀਮਾਰੀ ਨੇ 45,000 ਤੋਂ ਵਧੇਰੇ ਲੋਕਾਂ ਦੀ ਜਾਨ ਲੈ ਲਈ ਹੈ।


author

Vandana

Content Editor

Related News