ਬੀਬੀ ਦੀਆਂ ਦੋ ਬੱਚੇਦਾਨੀਆਂ ''ਚ ਜੁੜਵਾਂ ਬੱਚੇ, 5 ਕਰੋੜ ''ਚੋਂ ਇਕ ''ਚ ਹੁੰਦੀ ਹੈ ਇਹ ਸਥਿਤੀ

06/28/2020 10:48:28 AM

ਲੰਡਨ (ਬਿਊਰੋ): ਕਿਸੇ ਬੀਬੀ ਵੱਲੋਂ ਜੁੜਵਾਂ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਖਬਰਾਂ ਤਾਂ ਆਮ ਹੀ ਹਨ। ਪਰ ਇਕ ਬੀਬੀ ਜਿਸ ਦੀਆਂ ਦੋ ਬੱਚੇਦਾਨੀਆਂ ਹੋਣ ਅਤੇ ਦੋਹਾਂ ਵਿਚ ਹੀ ਜੁੜਵਾਂ ਬੱਚੇ ਹੋਣ ਤਾਂ ਇਹ ਗੱਲ ਹੈਰਾਨ ਕਰ ਦੇਣ ਵਾਲੀ ਜ਼ਰੂਰ ਹੈ। ਅਜਿਹਾ ਹੀ ਇਕ ਦੁਰਲੱਭ ਮਾਮਲਾ ਬ੍ਰਿਟੇਨ ਦੀ ਅਸੈਕਸ ਕਾਊਂਟੀ ਦਾ ਸਾਹਮਣੇ ਆਇਆ ਹੈ। ਇੱਥੇ ਜਦੋਂ 12 ਹਫਤਿਆਂ ਦੀ ਗਰਭਵਤੀ ਬੀਬੀ ਨਿਯਮਿਤ ਜਾਂਚ ਦੇ ਲਈ ਹਸਪਤਾਲ ਗਈ ਤਾਂ ਉਸ ਦੀ ਰਿਪੋਰਟ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ।

ਸੋਨੋਗ੍ਰਾਫੀ ਵਿਚ ਪਤਾ ਚੱਲਿਆ ਕਿ ਬੀਬੀ ਵਿਚ ਦੋ ਬੱਚੇਦਾਨੀਆਂ ਹਨ ਅਤੇ ਇਹਨਾਂ ਵਿਚ ਦੋ-ਦੋ ਜੁੜਵਾਂ ਬੱਚੇ ਪਲ ਰਹੇ ਹਨ। ਡਾਕਟਰਾਂ ਦੇ ਮੁਤਾਬਕ ਅਜਿਹੀ ਸਥਿਤੀ 5 ਕਰੋੜ ਵਿਚੋਂ ਇਕ ਮਹਿਲਾ ਦੀ ਹੀ ਹੁੰਦੀ ਹੈ, ਜਿਸ ਨੂੰ 'ਯੂਟਰਸ ਡਾਈਡੇਲਫਿਸ' ਕਹਿੰਦੇ ਹਨ। 28 ਸਾਲਾ ਕੇਲੀ ਫੇਅਰਹਰਸਟ ਨੂੰ ਜਦੋਂ ਇਸ ਵਿਲੱਖਣ ਸਥਿਤੀ ਦਾ ਪਤਾ ਲੱਗਾ ਤਾਂ ਉਹ ਵੀ ਸੁਣ ਕੇ ਹੈਰਾਨ ਰਹਿ ਗਈ। ਉਸ ਦਾ ਕਹਿਣਾ ਹੈ ਕਿ ਮੈਂ ਕਦੇ ਸੋਚਿਆ ਹੀ ਨਹੀਂ ਸੀਕਿ ਦੋ ਬੱਚੇਦਾਨੀਆਂ ਤੋਂ ਜੁੜਵਾਂ ਬੱਚੇ ਜਨਮ ਲੈਣਗੇ। 

ਨਾਲ ਹੀ ਡਾਕਟਰਾਂ ਵੱਲੋਂ ਉਹਨਾਂ ਨੂੰ ਦੋ ਬੱਚੇਦਾਨੀਆਂ ਗ੍ਰੀਵਾ ਹੋਣ ਦਾ ਵੀ ਪਤਾ ਲੱਗਿਆ ਹੈ। ਕੇਲੀ ਨੇ ਇਸ ਸਥਿਤੀ ਨੂੰ ਭਗਵਾਨ ਦਾ ਅਸ਼ੀਰਵਾਦ ਮੰਨ ਕੇ ਸਵੀਕਾਰ ਕੀਤਾ ਹੈ। ਭਾਵੇਂਕਿ ਡਾਕਟਰਾਂ ਨੇ ਉਹਨਾਂ ਨੂੰ ਸਮਝਾਇਆ ਕਿ ਉਹ ਭਾਵੇਂ ਹੀ ਦੁਨੀਆ ਵਿਚ ਚੋਣਵੀਆਂ ਬੀਬੀਆਂ ਵਿਚੋਂ ਇਕ ਹੈ ਪਰ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕੇਲੀ ਦੇ ਬੱਚੇ ਇਕੋ ਜਿਹੇ (ਆਈਡੈਂਟੀਕਲ) ਹੋ ਸਕਦੇ ਹਨ ਅਤੇ ਇਹਨਾਂ ਦੇ ਜਨਮ ਦੇ ਲਈ ਸੀਜੇਰੀਅਨ ਪ੍ਰਕਿਰਿਆ ਅਪਨਾਉਣੀ ਹੋਵੇਗੀ। 

ਕੇਲੀ ਦੀਆਂ ਪਹਿਲਾਂ ਤੋਂ ਦੋ ਬੇਟੀਆਂ ਹਨ ਅਤੇ ਹੁਣ ਉਹ ਇਕੱਠੇ 4 ਬੱਚਿਆਂ ਦੀ ਮਾਂ ਬਣਨ ਵਾਲੀ ਹੈ। ਜਦੋਂ ਉਹਨਾਂ ਦੀ ਦੂਜੀ ਬੇਟੀ ਦਾ ਜਨਮ ਹੋਇਆ ਸੀ ਉਦੋਂ ਡਾਕਟਰਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਭਵਿੱਖ ਵਿਚ ਬਾਇਕੌਰਨੁਏਟ ਯੂਟਰਸ ਹੋ ਸਕਦਾ ਹੈ। ਭਾਵੇਂਕਿ ਉਦੋਂ ਤੱਕ ਦੂਜੀ ਬੱਚੇਦਾਨੀ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਈ ਸੀ ਪਰ ਹੁਣ ਸੋਨੋਗ੍ਰਾਫੀ ਵਿਚ ਇਸ ਦਾ ਖੁਲਾਸਾ ਹੋਇਆ ਹੈ। ਕੁਝ ਮਾਹਰਾਂ ਦੇ ਮੁਤਾਬਕ ਵੱਖ-ਵੱਖ ਬੱਚੇਦਾਨੀਆਂ ਹੋਣ ਕਾਰਨ ਆਂਡਾ ਅਤੇ ਸ਼ੁਕਰਾਣੂ ਦੋ ਵੱਖ-ਵੱਖ ਹਿੱਸਿਆਂ ਵਿਚ ਵੰਡੇ ਜਾਂਦੇ ਹਨ। ਇਸ ਕਾਰਨ ਦੋਵੇਂ ਬੱਚੇਦਾਨੀਆਂ ਵਿਚ ਭਰੂਣ ਦਾ ਨਿਰਮਾਣ ਹੋ ਜਾਂਦਾ ਹੈ। ਕੇਲੀ ਦੇ ਨਾਲ ਵੀ ਅਜਿਹਾ ਹੀ ਹੋਇਆ ਹੈ।


 


Vandana

Content Editor

Related News