ਭਾਰਤ ਨੇ ਭੇਜੇ ਕੋਰੋਨਾ ਟੀਕੇ, ਬ੍ਰਾਜ਼ੀਲ ਨੇ ਹਨੂਮਾਨ ਜੀ ਦੀ ਤਸਵੀਰ ਸਾਂਝੀ ਕਰ ਕੀਤਾ ਧੰਨਵਾਦ

Saturday, Jan 23, 2021 - 11:36 AM (IST)

ਭਾਰਤ ਨੇ ਭੇਜੇ ਕੋਰੋਨਾ ਟੀਕੇ, ਬ੍ਰਾਜ਼ੀਲ ਨੇ ਹਨੂਮਾਨ ਜੀ ਦੀ ਤਸਵੀਰ ਸਾਂਝੀ ਕਰ ਕੀਤਾ ਧੰਨਵਾਦ

ਰੀਓ ਡੀ ਜਨੇਰੀਓ- ਕੋਰੋਨਾ ਵਾਇਰਸ ਦੇ ਸੰਕਟ ਨਾਲ ਨਜਿੱਠਣ ਲਈ ਭਾਰਤ ਦੁਨੀਆ ਦੇ ਹੋਰ ਦੇਸ਼ਾਂ ਦੀ ਮਦਦ ਲਈ ਅੱਗੇ ਆਇਆ ਹੈ। ਭਾਰਤ ਨੇ ਸ਼ੁੱਕਰਵਾਰ ਤੋਂ ਦੂਜੇ ਦੇਸ਼ਾਂ ਨੂੰ ਵੀ ਕੋਰੋਨਾ ਦੀ ਵੈਕਸੀਨ ਭੇਜਣ ਦਾ ਕੰਮ ਸ਼ੁਰੂ ਕੀਤਾ ਹੈ। ਭਾਰਤ ਨੇ ਬ੍ਰਾਜ਼ੀਲ ਨੂੰ ਕੋਰੋਨਾ ਵੈਕਸੀਨ ਦੀ ਖੇਪ ਭੇਜੀ ਹੈ । ਇਸ 'ਤੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਖੁਸ਼ ਹਨ। ਉਨ੍ਹਾਂ ਨੇ ਭਾਰਤ ਦਾ ਧੰਨਵਾਦ ਕਰਦਿਆਂ ਭਗਵਾਨ ਹਨੂਮਾਨ ਜੀ ਦੀ ਸੰਜੀਵਨੀ ਬੂਟੀ ਲੈ ਜਾਂਦਿਆਂ ਵਾਲੀ ਤਸਵੀਰ ਟਵੀਟ ਕੀਤੀ ਹੈ। 

PunjabKesari

ਅਸਲ ਵਿਚ ਬ੍ਰਾਜ਼ੀਲ ਵਿਚ ਕੋਰੋਨਾ ਨੇ ਕਹਿਰ ਮਚਾਇਆ ਹੈ ਤੇ ਬ੍ਰਾਜ਼ੀਲ ਨੇ ਭਾਰਤ ਨੂੰ ਮਦਦ ਦੀ ਅਪੀਲ ਕੀਤੀ ਸੀ। ਭਾਰਤ ਤੋਂ ਕੋਰੋਨਾ ਵੈਕਸੀਨ ਦੀਆਂ 20 ਲੱਖ ਖੁਰਾਕਾਂ ਮਿਲਣ ਦੇ ਬਾਅਦ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਖੁਸ਼ੀ ਸਾਂਝੀ ਕੀਤੀ। ਉਨ੍ਹਾਂ ਟਵਿੱਟਰ 'ਤੇ ਲਿਖਿਆ,"ਵਿਸ਼ਵ ਮਹਾਮਾਰੀ ਕੋਰੋਨਾ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਵਿਚ ਸ਼ਾਮਲ ਇਕ ਮਹਾਨ ਸਾਥੀ ਨੂੰ ਪਾ ਕੇ ਬ੍ਰਾਜ਼ੀਲ ਸਨਮਾਨਤ ਮਹਿਸੂਸ ਕਰ ਰਿਹਾ ਹੈ। ਭਾਰਤ ਤੋਂ ਬ੍ਰਾਜ਼ੀਲ ਵੈਕਸੀਨ ਭੇਜ ਕੇ ਸਾਡੀ ਸਹਾਇਤਾ ਕਰਨ ਲਈ ਧੰਨਵਾਦ।" ਉਨ੍ਹਾਂ ਹਿੰਦੀ ਵਿਚ ਵੀ ਧੰਨਵਾਦ ਭਾਰਤ ਲਿਖਿਆ ਹੈ। 

PunjabKesari

ਦੂਜੇ ਦੇਸ਼ਾਂ ਨੂੰ ਵੈਕਸੀਨ ਭੇਜਣ ਦੇ ਭਾਰਤ ਦੇ ਕਦਮ ਦੀ ਅਮਰੀਕਾ ਨੇ ਵੀ ਸਿਫ਼ਤ ਕੀਤੀ ਹੈ। ਅਮਰੀਕਾ ਨੇ ਕਿਹਾ ਕਿ ਅਸੀਂ ਭਾਰਤ ਦੀ ਇਸ ਖ਼ਾਸ ਭੂਮਿਕਾ ਦੀ ਸਿਫ਼ਤ ਕਰਦੇ ਹਾਂ। ਭਾਰਤ ਦੱਖਣੀ ਏਸ਼ੀਆ ਵਿਚ ਕੋਰੋਨਾ ਵੈਕਸੀਨ ਦੀਆਂ ਲੱਖਾਂ ਖੁਰਾਕਾਂ ਭੇਜ ਰਿਹਾ ਹੈ। 

ਇਹ ਵੀ ਪੜ੍ਹੋ-ਇਟਲੀ 'ਚ ਜਾਰੀ ਕੋਰੋਨਾ ਦਾ ਕਹਿਰ, ਪਤੀ-ਪਤਨੀ ਸਣੇ ਤਿੰਨ ਪੰਜਾਬੀਆਂ ਦੀ ਮੌਤ

ਜਾਣਕਾਰੀ ਮੁਤਾਬਕ ਭਾਰਤ ਨੇ ਬ੍ਰਾਜ਼ੀਲ ਅਤੇ ਮੋਰੱਕੋ ਨੂੰ ਕੋਰੋਨਾ ਦੀਆਂ 20-20 ਲੱਖ ਖੁਰਾਕਾਂ ਭੇਜੀਆਂ ਹਨ। ਮਿਆਂਮਾਰ ਨੂੰ ਵੀ 15 ਲੱਖ ਖੁਰਾਕਾਂ ਦੀ ਖੇਪ ਭੇਜੀ ਗਈ ਹੈ। ਇਸ ਦੇ ਇਲਾਵਾ ਸੈਸ਼ਲਜ਼ ਨੂੰ ਵੈਕਸੀਨ ਦੀਆਂ 50 ਹਜ਼ਾਰ ਖੁਰਾਕਾਂ ਅਤੇ ਮੌਰੀਸ਼ਸ ਨੂੰ ਇਕ ਲੱਖ ਖੁਰਾਕਾਂ ਭੇਜੀਆਂ ਜਾਣੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵੈਕਸੀਨ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵਿਚ ਐਸਟ੍ਰਾਜੇਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਵਲੋਂ ਤਿਆਰ ਕੀਤੀ ਗਈ ਹੈ। ਸੀਰਮ ਇੰਸਟੀਚਿਊਟ ਆਫ਼ ਇੰਡੀਆ ਨਾਲ ਕਈ ਦੇਸ਼ਾਂ ਨੇ ਵੈਕਸੀਨ ਲਈ ਸੰਪਰਕ ਕੀਤਾ ਹੈ। 
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


author

Lalita Mam

Content Editor

Related News