ਬੋਲਟਨ ਦਾ ਦਾਅਵਾ : ਟਰੰਪ ਨੇ ਦੋਬਾਰਾ ਜਿੱਤਣ ਲਈ ਸ਼ੀ ਜਿਨਪਿੰਗ ਤੋਂ ਮੰਗੀ ਮਦਦ
Thursday, Jun 18, 2020 - 11:10 AM (IST)
ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿਚ ਦੋਬਾਰਾ ਜਿੱਤ ਹਾਸਲ ਕਰਨ ਲਈ ਜੀ-20 ਸਿਖਰ ਸੰਮੇਲਨ ਵਿਚ ਚੀਨ ਦੇ ਆਪਣੇ ਹਮਰੁਤਬਾ ਸ਼ੀ ਜਿਨਪਿੰਗ ਤੋਂ ਮਦਦ ਮੰਗੀ ਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੇ ਆਪਣੀ ਕਿਤਾਬ ਵਿਚ ਇਹ ਦਾਅਵਾ ਕੀਤਾ ਹੈ।
ਵ੍ਹਾਈਟ ਹਾਊਸ ਨੇ ਕਿਹਾ ਕਿ ਬੋਲਟਨ ਦੀ ਅਗਲੀ ਕਿਤਾਬ ਵਿਚ ਗੁਪਤ ਸੂਚਨਾਵਾਂ ਹਨ ਤੇ ਨਿਆਂ ਵਿਭਾਗ ਨੇ ਇਸ ਕਿਤਾਬ ਦੇ ਪ੍ਰਕਾਸ਼ਨ 'ਤੇ ਅਸਥਾਈ ਰੋਕ ਲਗਾਉਣ ਦੀ ਮੰਗ ਕੀਤੀ ਹੈ।
'ਦਿ ਰੂਮ ਵੇਅਰ ਇਟ ਹੈਪਨਡ : ਆ ਵ੍ਹਾਈਟ ਹਾਊਸ ਮੇਮੋਅਰ' ਨਾਂ ਦੀ ਇਸ ਕਿਤਾਬ ਦੇ ਭਾਗ 'ਦਿ ਨਿਊਯਾਰਕ ਟਾਈਮਜ਼', 'ਦਿ ਵਾਸ਼ਿੰਗਟਨ ਪੋਸਟ' ਅਤੇ 'ਦਿ ਵਾਲ ਸਟਰੀਟ ਜਨਰਲ' ਨੇ ਬੁੱਧਵਾਰ ਨੂੰ ਛਾਪੇ। ਇਸ ਕਿਤਾਬ ਦੇ 23 ਜੂਨ ਤੋਂ ਦੁਕਾਨਾਂ ਵਿਚ ਮਿਲਣ ਦੀ ਉਮੀਦ ਹੈ। ਰਾਸ਼ਟਰਪਤੀ ਨੇ ਪਿਛਲੇ ਸਾਲ ਬੋਲਟਨ ਨੂੰ ਬਰਖਾਸਤ ਕਰ ਦਿੱਤਾ ਸੀ।
ਬੋਲਟਨ ਦਾ ਕਹਿਣਾ ਹੈ ਕਿ 29 ਜੂਨ, 2019 ਨੂੰ ਜੀ-20 ਸਿਖਰ ਸੰਮੇਲਨ ਤੋਂ ਇਲਾਵਾ ਓਸਾਕਾ ਵਿਚ ਹੋਈ ਬੈਠਕ ਦੌਰਾਨ ਟਰੰਪ ਨੇ ਸ਼ੀ ਜਿਨਪਿੰਗ ਨੂੰ ਵੋਟਾਂ ਵਿਚ ਮਦਦ ਕਰਨ ਲਈ ਅਪੀਲ ਕੀਤੀ ਸੀ।
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਲੀ ਮੈਕਨੈਨੀ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਇਸ ਕਿਤਾਬ ਵਿਚ ਕਈ ਗੁਪਤ ਸੂਚਨਾਵਾਂ ਹਨ ਜੋ ਮੁਆਫ ਕਰਨਯੋਗ ਨਹੀਂ ਹਨ । ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਅਜਿਹੀ ਕਿਤਾਬ ਵਿਚ ਅਮਰੀਕਾ ਦੀ ਸਰਕਾਰ ਦੀਆਂ ਬਹੁਤ ਗੁਪਤ ਸੂਚਨਾਵਾਂ ਹੋਣਾ ਅਸਵਿਕਾਰਯੋਗ ਹੈ ਜੋ ਛਪਣਗੀਆਂ। ਇਹ ਬਿਲਕੁਲ ਵੀ ਸਵਿਕਾਰਯੋਗ ਨਹੀਂ ਹੈ। ਇਸ ਦੀ ਸਮੀਖਿਆ ਨਹੀਂ ਕੀਤੀ ਗਈ ਹੈ।