ਬੋਲਟਨ ਨੂੰ ਅਮਰੀਕੀ ਸੁਰੱਖਿਆ ਸਲਾਹਕਾਰ ਬਣਾਇਆ ਜਾਣਾ ਸ਼ਰਮਨਾਕ: ਈਰਾਨ

Monday, Mar 26, 2018 - 10:14 AM (IST)

ਤਹਿਰਾਨ(ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜੋਹਨ ਬੋਲਟਨ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਬਣਾਏ ਜਾਣ ਦੀ ਘੋਸ਼ਣਾ ਨੂੰ ਈਰਾਨ ਨੇ ਸ਼ਰਮਨਾਕ ਕਰਾਰ ਦਿੱਤਾ ਹੈ। ਈਰਾਨ ਦਾ ਕਹਿਣਾ ਹੈ ਕਿ ਬੋਲਟਨ ਦੇ ਰਿਸ਼ਤੇ ਇਕ ਈਰਾਨੀ ਵਿਦਰੋਹੀ ਗੁੱਟ ਨਾਲ ਹਨ, ਜਿਸ ਨੂੰ ਉਹ ਅੱਤਵਾਦੀ ਸਮੂਹ ਮੰਨਦਾ ਹੈ। ਈਰਾਨੀ ਸਮਾਚਾਰ ਕਮੇਟੀ ਈਰਾਨ ਨੇ ਉਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਅਲੀ ਸ਼ਾਮਖਾਨੀ ਦੇ ਹਵਾਲੇ ਤੋਂ ਦੱਸਿਆ 'ਇਕ ਮਹਾਸ਼ਕਤੀ ਵੱਲੋਂ ਇਕ ਅਜਿਹੇ ਵਿਅਕਤੀ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਬਣਾਇਆ ਜਾਣਾ ਕਾਫੀ ਸ਼ਰਮਨਾਕ ਹੈ ਜੋ ਇਕ ਅੱਤਵਾਦੀ ਸਮੂਹ ਤੋਂ ਤਨਖਾਹ ਲੈਂਦਾ ਹੈ।'
ਮੰਨਿਆ ਜਾਂਦਾ ਹੈ ਕਿ ਬੋਲਟਨ ਈਰਾਨ ਤੋਂ ਕੱਢੇ ਗਏ ਮੁਜਾਹਿਦੀਨ-ਏ-ਖਲਕ (ਪੀਪੁਲਸ ਮੁਜਾਹਿਦੀਨ) ਸਮੂਹ ਦੇ ਪ੍ਰਤੀ ਨਰਮ ਰਵੱਈਆ ਰੱਖਦੇ ਹਨ ਅਤੇ ਇਸ ਸਮੂਹ ਨੂੰ ਈਰਾਨ ਨੇ ਅੱਤਵਾਦੀ ਗੁਟਾਂ ਵਿਚ ਸ਼ਾਮਲ ਕਰ ਰੱਖਿਆ ਹੈ। ਇਸ ਦੌਰਾਨ ਬੋਲਟਨ ਦੇ ਬੁਲਾਰੇ ਗਾਰੇਟ ਮਾਰਕਿਸ ਨੇ ਇਸ ਬਿਆਨ 'ਤੇ ਪ੍ਰਤੀਕਿਰਿਆ ਕਰਦੇ ਹੋਏ ਕਿਹਾ ਕਿ ਉਹ ਇਕ ਅਜਿਹੀ ਸਰਕਾਰ ਦੇ ਗਲਤ ਪ੍ਰਚਾਰ ਨੂੰ ਕੋਈ ਜਵਾਬ ਨਹੀਂ ਦੇਣਾ ਚਾਹੁੰਦੇ ਹਨ ਜੋ ਅਮਰੀਕਾ ਨੇ ਕਾਫੀ ਪਹਿਲਾਂ ਹੀ ਅੱਤਵਾਦ ਦਾ ਸਮਰਥਨ ਕਰਨ ਵਾਲੀ ਸਰਕਾਰ ਦੀ ਸੂਚੀ ਵਿਚ ਸ਼ਾਮਲ ਕਰ ਰੱਖੀ ਹੈ। ਪੈਰਿਸ ਵਿਚ ਇਸ ਸੰਗਠਨ ਦੇ ਬੁਲਾਰੇ ਨੇ ਈਰਾਨੀ ਅਧਿਕਾਰੀ ਦੇ ਬਿਆਨ 'ਤੇ ਪ੍ਰਤੀਕਿਰਿਆ ਕਰਦੇ ਹੋਏ ਕਿਹਾ ਕਿ ਬੋਲਟਨ ਨੂੰ ਸਾਡੇ ਵੱਲੋਂ ਧਨਰਾਸ਼ੀ ਮੁਹੱਈਆ ਕਰਾਏ ਜਾਣ ਸਬੰਧੀ ਬਿਆਨ ਵਿਚ ਕੋਰਾ ਝੂਠ ਹੈ ਅਤੇ ਅਸੀਂ ਇਸ ਨੂੰ ਮਜ਼ਾਕ ਮੰਨਦੇ ਹਾਂ। ਜ਼ਿਕਰਯੋਗ ਹੈ ਕਿ ਬੋਲਟਨ ਨੇ ਪਿਛਲੇ ਸਾਲ ਜੁਲਾਈ ਵਿਚ ਪੈਰਿਸ ਨੇੜੇ ਇਸ ਸਮੂਹ ਦੇ ਇਕ ਪ੍ਰੋਗਰਾਮ ਵਿਚ ਉਮੀਦ ਜਤਾਈ ਸੀ ਕਿ ਈਰਾਨ ਦੀ ਮੌਜੂਦਾ ਸਰਕਾਰ ਦਾ ਜੁਲਾਈ 2019 ਤੱਕ ਤਖਤਾਪਲਟ ਕਰ ਦਿੱਤਾ ਜਾਏਗਾ। ਅਮਰੀਕਾ ਨੇ ਇਸ ਸਮੂਹ ਨੂੰ 1997 ਵਿਚ ਅੱਤਵਾਦੀ ਸੰਗਠਨਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਸੀ ਪਰ 2012 ਵਿਚ ਇਹ ਪਾਬੰਦੀ ਖਤਮ ਕਰ ਦਿੱਤੀ ਗਈ ਸੀ।


Related News